Breaking News
Home / ਰੈਗੂਲਰ ਕਾਲਮ / ਕਥਾਵਾਂ ਹੋਈਆਂ ਲੰਮੀਆਂ

ਕਥਾਵਾਂ ਹੋਈਆਂ ਲੰਮੀਆਂ

ਭਾਗ ਦੂਜਾ

ਇੰਗਲੈਂਡ ਵਿਚ ਖੁਸ਼ੀਆਂ ਭਰੇ 20 ਦਿਨ
ਜਰਨੈਲ ਸਿੰਘ
(ਕਿਸ਼ਤ 4)
ਲੰਡਨ ਏਅਰਪੋਰਟ ‘ਤੇ ਬਲਵਿੰਦਰ ਮੈਨੂੰ ਲੈਣ ਆਇਆ ਹੋਇਆ ਸੀ। ਉਨ੍ਹਾਂ ਦਾ ਘਰ ‘ਸਲਾਉ’ ਸ਼ਹਿਰ ‘ਚ ਸੀ। ਬੈਂਸ ਪਰਿਵਾਰ ਦੇ ਸਾਰੇ ਜੀਆਂ ਨੇ ਮੇਰਾ ਬਹੁਤ ਚਾਅ ਕੀਤਾ।
ਇੰਗਲੈਂਡ ਮੇਰੀਆਂ ਅੱਖਾਂ ਤੇ ਮਨ ਨੂੰ ਸੁਹਣਾ ਲੱਗ ਰਿਹਾ ਸੀ। ਘਰਾਂ-ਸੜਕਾਂ ਦੁਆਲੇ ਘਾਹ ਤੇ ਦਰਖਤਾਂ ਦੀ ਹਰਿਆਵਲ, ਹਵਾਈ-ਪਟੜੀਆਂ ਵਰਗੀਆਂ ਸੜਕਾਂ, ਵਾਹਨਾਂ ਦਾ ਨਿਯਮਤ ਟਰੈਫਿਕ, ਹਰ ਪਾਸੇ ਸਫਾਈ, ਨਾ ਧੂੜ-ਧੱਪਾ, ਨਾ ਮੱਛਰ-ਮੱਖੀਆਂ, ਸਾਫ ਸੁਥਰੇ ਘਰਾਂ ਵਿਚ ਬਿਨਾਂ ਸਲੰਡਰ ਤੋਂ ਚਲਦੇ ਚੁੱਲ੍ਹੇ, ਕੱਪੜੇ ਧੋਣ ਲਈ ਲਾਂਡਰੀ ਮਸ਼ੀਨਾਂ, ਨਹਾਉਣ-ਧੋਣ ਲਈ ਟੂਟੀਆਂ ‘ਚੋਂ ਨਿਕਲ਼ਦਾ ਗਰਮ ਪਾਣੀਂ ਇਹ ਸਾਰਾ ਕੁਝ ਮੈਨੂੰ ਵਧੀਆ ਲੱਗ ਰਿਹਾ ਸੀ।
5 ਅਗਸਤ ਦੀ ਸ਼ਾਮ ਬੈਂਕੁਇਟ ਹਾਲ ‘ਚ ਪਾਰਟੀ ਸੀ। ਬੈਂਸ ਪਰਿਵਾਰ ਦੇ ਰਿਸ਼ਤੇਦਾਰ ਤੇ ਦੋਸਤ-ਮਿੱਤਰ ਪਰਿਵਾਰਾਂ ਸਮੇਤ ਸਜ-ਧਜ ਕੇ ਆਏ ਸਨ। ਕੋਲਡ ਡਰਿੰਕਾਂ, ਬੀਅਰਾਂ, ਵਿਸਕੀਆਂ ਤੇ ਸਨੈਕਸ ਦੇ ਦੌਰ ਤੋਂ ਬਾਅਦ ਗਾਇਕਾਂ ਦੇ ਗਰੁੱਪ ਨੇ ਗੀਤ-ਸੰਗੀਤ ਆਰੰਭ ਕਰ ਦਿੱਤਾ। ਮੁੰਡੇ, ਕੁੜੀਆਂ, ਔਰਤਾਂ ਤੇ ਮਰਦ ਨੱਚਣ ਡਹਿ ਪਏ। ਗਾਉਣ-ਨੱਚਣ ਕਾਫ਼ੀ ਦੇਰ ਚਲਦਾ ਰਿਹਾ। ਫਿਰ ਦੋ ਕੇਕ ਕੱਟੇ ਗਏ। ਇਕ ਬਲਵਿੰਦਰ-ਕੁਲਵਿੰਦਰ ਦੇ ਵਿਆਹ ਦੀ ਵਰ੍ਹੇ-ਗੰਢ ਦਾ ਤੇ ਦੂਜਾ ਉਨ੍ਹਾਂ ਦੇ ਕਾਕੇ ਏਕਰੀਤ ਦੇ ਜਨਮ ਦਿਨ ਦਾ। ਕੇਕ ਦੀ ਰਸਮ ਤੋਂ ਬਾਅਦ ਗੀਤ-ਸੰਗੀਤ ਮੁੜ ਸ਼ੁਰੂ ਹੋ ਗਿਆ। ਵੰਨ-ਸੁਵੰਨੇ ਪਕਵਾਨਾਂ ਵਾਲ਼ਾ ਡਿਨਰ ਲਾ ਦਿੱਤਾ ਗਿਆ। ਨਾਲ਼ ਸ਼ਰਾਬ ਵੀ ਚੱਲਦੀ ਰਹੀ। ਅੱਧੀ ਰਾਤ ਤੱਕ ਚੱਲੀ ਉਸ ਪਾਰਟੀ ਦਾ ਸਾਰਿਆਂ ਨੇ ਰੱਜ ਕੇ ਅਨੰਦ ਮਾਣਿਆਂ।
ਪਾਰਟੀ ਤੋਂ ਆ ਕੇ ਮੈਨੂੰ ਇਕਦਮ ਨੀਂਦ ਨਾ ਆਈ। ਆਮ ਤੌਰ ‘ਤੇ ਮੈਂ ਬੈੱਡ ‘ਤੇ ਪੈਂਦਾ ਹੀ ਸੌਂ ਜਾਂਦਾ ਹਾਂ। ਕਿਸੇ ਵੱਡੀ ਪ੍ਰੇਸ਼ਾਨੀ ਜਾਂ ਖੁਸ਼ੀ ਦੇ ਮੌਕੇ ਹੀ ਨੀਂਦ ਦੇਰ ਨਾਲ਼ ਆਉਂਦੀ ਹੈ। ਉਸ ਰਾਤ ਮੇਰੇ ਅੰਦਰ ਖੁਸ਼ੀ ਦਾ ਵੇਗ ਸੀ। ਪਾਰਟੀ ਵਿਚ ਮਿਲ਼ੇ ਆਦਰ-ਮਾਣ ਨਾਲ਼ ਰੂਹ ਸਰਸ਼ਾਰ ਹੋਈ ਪਈ ਸੀ। ਪਰ ਆਦਰ-ਮਾਣ ਮਿਲਣ ਦੀ ਸਥਿਤੀ ਚਾਣਚੱਕ ਨਹੀਂ ਸੀ ਵਾਪਰੀ। ਇਸਦਾ ਸੰਬੰਧ ਬੀਤੇ 11 ਸਾਲ ਦੇ ਸਮੇਂ ਨਾਲ਼ ਸੀ। 1977 ਵਿਚ ਭੈਣ ਜੀ ਅਮਰ ਕੌਰ ਨੇ ਮੈਨੂੰ ਘਰ, ਜ਼ਮੀਨ ਤੇ ਦੁਕਾਨਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਉਸ ਜ਼ਿੰਮੇਵਾਰੀ ਲਈ ਉਹ ਆਪਣੇ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਵੀ ਕਹਿ ਸਕਦੇ ਸਨ। ਪਰ ਉਨ੍ਹਾਂ ਦਾ ਵਿਸ਼ਵਾਸ ਮੇਰੇ ‘ਤੇ ਹੀ ਟਿਕਿਆ ਸੀ, ਸਾਫ ਨੀਅਤ ਦੇ ਗੁਣ ਉਨ੍ਹਾਂ ਨੇ ਮੇਰੇ ਮਾਪਿਆਂ ‘ਚ ਦੇਖੇ ਹੋਏ ਸਨ। ਮੈਂ ਤੇ ਕੁਲਵੰਤ ਨੇ ਉਹ ਜ਼ਿੰਮੇਵਾਰੀ ਸਾਫ ਨੀਅਤ ਤੇ ਈਮਾਨਦਾਰੀ ਨਾਲ਼ ਨਿਭਾਈ ਸੀ… ਸਾਡੇ ਵਿਹਾਰ ਤੋਂ ਪ੍ਰਭਾਵਿਤ ਹੋਏ ਬੈਂਸ ਪਰਿਵਾਰ ਨੇ ਸਾਨੂੰ ਘਰ ਦੇ ਜੀਅ ਬਣਾ ਲਿਆ ਸੀ। ਉਨ੍ਹਾਂ ਦਾ ਇਹ ਵਿਹਾਰ ਸਾਬਤ ਕਰਦਾ ਹੈ ਕਿ ਉਹ ਸਾਥੋਂ ਵੱਧ ਚੰਗੇ ਨਿਕਲ਼ੇ। ਸਾਡੀ ਚੰਗਿਆਈ ਦੀ ਉਨ੍ਹਾਂ ਨੇ ਪੂਰੀ ਕਦਰ ਪਾਈ। ਜਿੰਨਾ ਪਿਆਰ-ਸਤਿਕਾਰ ਅਸੀਂ ਉਨ੍ਹਾਂ ਦਾ ਕਰਦੇ ਸਾਂ, ਉਸ ਤੋਂ ਕਿਤੇ ਵੱਧ ਉਹ ਸਾਡਾ ਕਰਦੇ ਰਹੇ… ਤੇ ਫਿਰ ਮੇਰੇ ਕਹਿਣ ਤੋਂ ਬਿਨਾਂ ਹੀ ਮੈਨੂੰ ਪਾਰਟੀ ਲਈ ਸੱਦਿਆ। ਪਾਰਟੀ ‘ਚ ਪਰਿਵਾਰ ਦੇ ਜੀਆਂ ਵਾਂਗ ਮੇਰਾ ਆਦਰ-ਮਾਣ ਕੀਤਾ।
ਪਾਰਟੀ ਦੀ ਖੁਸ਼ੀ ਦਾ ਹੁਲਾਰਾ ਮਾਣਦਿਆਂ ਚਾਰ ਕੁ ਘੰਟੇ ਹੀ ਸੁੱਤਾ ਸਾਂ ਕਿ ਫੋਨ ਖੜਕ ਗਿਆ… ਸਾਡਾ ਕਜ਼ਨ ਪਰੀਤਮ ਸਿੰਘ ਇੰਗਲੈਂਡ ਦੇ ਕਸਬੇ ‘ਟੈਲਫੋਰਡ’ ਰਹਿੰਦਾ ਹੈ। ਪਾਰਟੀ ਤੋਂ ਅਗਲੇ ਦਿਨ ਉਨ੍ਹਾਂ ਦੀ ਲੜਕੀ ਬਲਬੀਰ ਦਾ ਵਿਆਹ ਸੀ। ਵਿਆਹ ‘ਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਮੈਨੂੰ ਪਹਿਲਾਂ ਹੀ ਤਾਕੀਦ ਕੀਤੀ ਹੋਈ ਸੀ। ਇਸ ਬਾਬਤ ਮੈਂ ਬਲਵਿੰਦਰ ਨੂੰ ਵੀ ਦੱਸਿਆ ਹੋਇਆ ਸੀ। ਫੋਨ ਪ੍ਰੀਤਮ ਦੇ ਰਿਸ਼ਤੇਦਾਰ ਦਾ ਸੀ, ਜਿਸਦੀ ਕਾਰ ਵਿਚ ਮੈਂ ਵਿਆਹ ‘ਤੇ ਜਾਣਾ ਸੀ। ਸੋ ਸਾਝਰੇ ਹੀ ਉਹ ਤੇ ਉਸਦਾ ਪਰਿਵਾਰ ਮੈਨੂੰ ‘ਟੈਲਫੋਰਡ’ ਲੈ ਤੁਰੇ। ਪ੍ਰੀਤਮ ਸਿੰਘ ਤੇ ਭਾਬੀ ਸਤਨਾਮ ਕੌਰ ਨੇ ਬਹੁਤ ਹੀ ਮੋਹ ਨਾਲ਼ ਮੈਨੂੰ ”ਜੀ ਆਇਆਂ” ਕਿਹਾ। ਗੁਰਦਵਾਰੇ ‘ਚ ਆਨੰਦ ਕਾਰਜ ਤੋਂ ਬਾਅਦ ਬੈਂਕੁਇਟ ਹਾਲ ‘ਚ ਪਾਰਟੀ ਸੀ। ਬਲਵਿੰਦਰ ਹੁਰਾਂ ਦੀ ਪਾਰਟੀ ਵਾਂਗ ਉਸ ਵਿਚ ਵੀ ਕਈ ਤਰ੍ਹਾਂ ਦੀਆਂ ਬੀਅਰਾਂ-ਵਿਸਕੀਆਂ ਤੇ ਭਾਂਤ-ਸੁਭਾਂਤੇ ਖਾਣਿਆਂ ਦਾ ਪ੍ਰਬੰਧ ਸੀ। ਗਾਇਕਾਂ ਦੇ ਇਕ ਗਰੁੱਪ ਦੇ ਗੀਤ-ਸੰਗੀਤ ਨਾਲ਼ ਉਤੇਜਿਤ ਹੋਏ ਲੋਕ ਘੰਟਿਆਂ-ਬੱਧੀ ਨੱਚਦੇ ਰਹੇ। ਖਾਣ-ਪੀਣ ਵੀ ਚਲਦਾ ਰਿਹਾ। ਸਾਡੇ ਸ਼ਰੀਕੇ ‘ਚੋਂ ਚਾਚੀ ਈਸ਼ਰ ਕੌਰ ਤੇ ਭੈਣ ਬਖ਼ਸ਼ੀਸ਼ ਕੌਰ ਦੀ ਨਣਾਨ ਤੇਜ ਕੌਰ ਹੁਰਾਂ ਦੇ ਪਰਿਵਾਰ ਵੀ ਵਿਆਹ ‘ਚ ਆਏ ਹੋਏ ਸਨ। ਦੋਵੇਂ ਪਰਿਵਾਰ ਲਾਗਲੇ ਸ਼ਹਿਰ ‘ਕਵੈਂਟਰੀ’ ਰਹਿੰਦੇ ਸਨ। ਦੋ ਦਿਨ ਪ੍ਰੀਤਮ ਸਿੰਘ ਦੇ ਘਰ ਰਹਿ ਕੇ ਮੈਂ ਕੁਵੈਂਟਰੀ ਚਲਾ ਗਿਆ। ਚਾਚੀ ਈਸ਼ਰ ਕੌਰ ਬੀਬੀ ਦੀ ਸਹੇਲੀ ਸੀ। ਉਸ ਤੋਂ ਮਾਵਾਂ ਵਰਗਾ ਪਿਆਰ ਮਿਲ਼ਿਆ। ਤੇਜ ਕੌਰ ਤੇ ਉਸਦੇ ਪਤੀ ਦਿਲਾਵਰ ਸਿੰਘ ਨੇ ਵੀ ਆਉ-ਭਗਤ ਕੀਤੀ। ਸਾਡੇ ਬਾਪੂ ਜੀ ਦਾ ਜੈਤੋ ਦੇ ਮੋਰਚੇ ਦਾ ਸਹਿਭਾਗੀ ਗੰਡਾ ਸਿੰਘ ਅਫਰੀਕਾ ਤੋਂ ਇੰਗਲੈਂਡ (ਕੁਵੈਂਟਰੀ) ਆ ਵਸਿਆ ਸੀ। ਉਹ ਸੁਰਗਵਾਸ ਹੋ ਚੁੱਕਾ ਸੀ। ਉਸਦੀ ਪਤਨੀ ਤੇ ਬੱਚੇ ਮੈਨੂੰ ਜਾਣਦੇ ਤਾਂ ਨਹੀਂ ਸਨ ਪਰ ਬਜ਼ੁਰਗਾਂ ਦੀ ਸਾਂਝ ਤਾਜ਼ੀ ਕਰਨ ਲਈ ਉਨ੍ਹਾਂ ਮੈਨੂੰ ਚਾਹ ‘ਤੇ ਸੱਦਿਆ। ਉਸ ਪਰਿਵਾਰ ਨੂੰ ਮਿਲ਼ ਕੇ ਚੰਗਾ ਲੱਗਾ।
ਇੰਗਲੈਂਡ ਮੈਂ 40 ਦਿਨ ਰਹਿਣਾ ਸੀ। ਰਿਸ਼ਤੇਦਾਰਾਂ ਤੇ ਆਪਣੇ ਪੇਂਡੂਆਂ ਵੱਲੋਂ ਮਿਲ਼ ਰਹੇ ਮੋਹ-ਪਿਆਰ ਸਦਕਾ ਦਿਲ ਵੀ ਲੱਗ ਗਿਆ ਸੀ। ਅੰਗ੍ਰੇਜ਼ ਲੇਖਕਾਂ ਦੀਆਂ ਯਾਦਗਾਰਾਂ ਦੇਖਣੀਆਂ ਸਨ। ਆਪਣੇ ਸਾਹਿਤਕਾਰਾਂ ਨੂੰ ਵੀ ਮਿਲਣਾ ਸੀ। ਪਰ ਉਹ ਸਕੀਮ ਬਦਲਣੀ ਪੈ ਗਈ। ਟਰਾਂਟੋ ਤੋਂ ਮੇਰੇ ਸਾਂਢੂ ਰਣਜੀਤ ਸਿੰਘ ਅਠਵਾਲ ਨੇ ਮੈਨੂੰ ਉਪਰੋਥਲੀ ਤਿੰਨ ਵਾਰ ਫੋਨ ਕੀਤਾ। ਉਸ ਅਨੁਸਾਰ ਕੈਨੇਡਾ ‘ਚ ਕੱਚੇ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਪੱਕੇ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਐਮਨਿਸਟੀ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਸੀ। ਅਜਿਹਾ ਐਲਾਨ ਹੋਣ ਤੋਂ ਪਹਿਲਾਂ ਕੈਨੇਡਾ ‘ਚ ਦਾਖਲ ਹੋਣਾ ਮੇਰੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਸੀ।
ਚਾਚੀ ਈਸ਼ਰ ਕੌਰ ਤੇ ਪ੍ਰੀਤਮ ਸਿੰਘ ਮੈਨੂੰ ਹੋਰ ਰਹਿਣ ਲਈ ਕਹਿ ਰਹੇ ਸਨ। ਪਰ ਮੈਂ ਚੌਥੇ ਦਿਨ ਹੀ ਸਲਾਉ ਪਰਤ ਆਇਆ। ਬੈਂਸ ਪਰਿਵਾਰ ਨਾਲ਼ ਸਲਾਹ ਕੀਤੀ। ਉਨ੍ਹਾਂ ਰਣਜੀਤ ਦੀ ਤਜਵੀਜ਼ ‘ਤੇ ਅਮਲ ਕਰਨ ਲਈ ਕਿਹਾ। ਮੈਂ ਲੰਡਨ ਤੋਂ ਸਿੱਧਾ ਵੀ ਟਰਾਂਟੋ ਆ ਸਕਦਾ ਸਾਂ। ਪਰ ਟਰਾਂਟੋ ਆਉਣ ਤੋਂ ਪਹਿਲਾਂ ਮੈਂ ਦੁਨੀਆਂ ਦਾ ਮਸ਼ਹੂਰ ਮੈਗਾਸਿਟੀ ਨਿਊਯਾਰਕ ਵੀ ਦੇਖਣਾ ਚਾਹੁੰਦਾ ਸਾਂ।
ਏਅਰ ਕੈਨੇਡਾ ਨੂੰ ਫੋਨ ਕੀਤਾ। 23 ਅਗਸਤ ਦੀ ਬੁਕਿੰਗ ਮਿਲ਼ੀ। ਇੰਗਲੈਂਡ ‘ਚ ਮੇਲਾ-ਗੇਲਾ ਕਰਨ ਲਈ 10 ਕੁ ਦਿਨ ਬਾਕੀ ਸਨ। ਰਘਬੀਰ ਸਿੰਘ ਦੇ ਬੇਟਾ-ਬੇਟੀ (ਕੁਲਵੰਤ ਦੇ ਭਤੀਜਾ-ਭਤੀਜੀ) ਦੀਪਕ ਤੇ ਹਰਦੀਪ ਵੀ ਇੰਗਲੈਂਡ ‘ਚ ਸਨ। ਦੋ ਦਿਨ ਉਨ੍ਹਾਂ ਸੰਗ ਬਿਤਾਏ। ਉਨ੍ਹਾਂ ਬੜਾ ਆਦਰ-ਮਾਣ ਕੀਤਾ। ਮੈਨੂੰ ਇੰਗਲੈਂਡ ਦੀ ਰਾਣੀ ਦੀ ਰਿਹਾਇਸ਼ ਤੇ ਰੌਇਲ ਫੈਮਿਲੀ ਦਾ ਪ੍ਰਬੰਧਕੀ ਹੈਡਕੁਆਟਰ ‘ਬਕਿੰਗਮ ਪੈਲੇਸ’ ਦਿਖਾਇਆ ਤੇ ਇੰਗਲੈਂਡ ਦੀ ਜ਼ਮੀਨਦੋਜ਼ ਰੇਲ ‘ਟਿਊਬ’ ਵਿਚ ਸਫਰ ਕਰਵਾਇਆ।
ਸਾਡੀ ਬੀਬੀ ਦੇ ਦੋ ਚਾਚੇ ਸਨ। ਇਕ ਚਾਚੇ ਦਾ ਪੁੱਤਰ, ਸਾਡਾ ਮਾਮਾ ਬਚਿੱਤਰ ਸਿੰਘ ਪੰਨੂ ਗਰੇਵਜੈਂਡ ਰਹਿੰਦਾ ਸੀ। ਪਹਿਲੀ ਪਲਾਨ ਅਨੁਸਾਰ ਉਸ ਕੋਲ਼ ਦੋ ਕੁ ਹਫਤਿਆਂ ਬਾਅਦ ਜਾਣਾ ਸੀ। ਉਸਨੂੰ ਫੋਨ ਕਰਕੇ 23 ਅਗਸਤ ਨੂੰ ਚਲੇ ਜਾਣ ਬਾਰੇ ਦੱਸਿਆ। ਉਸਦੇ ਪੁੱਤਰ ਅਜੀਤ ਤੇ ਪਾਲ ਉਸੇ ਸ਼ਾਮ ਮੈਨੂੰ ਲੈਣ ਆ ਗਏ। ਮਾਮਾ-ਮਾਮੀ ਮੋਹ ਨਾਲ਼ ਮਿਲ਼ੇ। ਉਹ ਦੋਵੇਂ ਰਿਟਾਇਰਮੈਂਟ ਦਾ ਸੁੱਖ ਮਾਣ ਰਹੇ ਸਨ। ਪੁੱਤਰ ਤੇ ਨੂੰਹਾਂ ਜੌਬਾਂ ਕਰਦੇ ਸਨ। ਵਧੀਆ ਗੁਜ਼ਾਰਾ ਸੀ ਮਾਮੇ ਦੇ ਪਰਿਵਾਰ ਦਾ। ਮੈਂ ਓਥੋਂ ਦੂਜੇ ਦਿਨ ਮੁੜਨਾ ਚਾਹੁੰਦਾ ਸੀ ਪਰ ਉਨ੍ਹਾਂ ਦੋ ਦਿਨ ਹੋਰ ਅਟਕਾ ਲਿਆ। ਦੋਵੇਂ ਦਿਨ ਸ਼ਾਮ ਵੇਲੇ ਮਾਮਾ ਤੇ ਮਮੇਰ ਭਰਾ ਪੱਬ ਅਤੇ ਘਰ ਵਿਚ ਮੇਰੇ ਨਾਲ਼ ਗਲਾਸੀਆਂ ਖੜਕਾਉਂਦੇ ਰਹੇ। ਮਾਮਾ ਇੰਗਲੈਂਡ ਵਸਦੇ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਵਿਚੋਂ ਸੀ।
ਉਸਨੇ ਆਪਣੀ ਤੇ ਉਸ ਸਮੇਂ ਦੇ ਪੰਜਾਬੀਆਂ ਦੀ ਹੱਡ-ਤੋੜਵੀਂ ਮਿਹਨਤ ਦੀਆਂ ਗੱਲਾਂ ਸੁਣਾਈਆਂ। ਭੱਠੀਆਂ ਦੀ ਗਰਮੀ ਨਾਲ਼ ਤਪਦੀਆਂ ਫਾਊਂਡਰੀਆਂ ਵਿਚ ਲੋਹੇ ਦੀ ਢਲਾਈ ਨਾਲ਼ ਸੰਬੰਧਿਤ ਜੌਬਾਂ ਕਰਨੀਆਂ ਸਰੀਰਾਂ ਨੂੰ ਅੱਗ ਵਿਚ ਝੋਕਣ ਦੇ ਤੁਲ ਸੀ। ਪਰ ਉਹ ਹਾਰੇ ਨਹੀਂ। ਡਟੇ ਰਹੇ। ਕਰੜੇ-ਕਠਿਨ ਕੰਮਾਂ ਨਾਲ਼ ਜੂਝ ਕੇ ਉਨ੍ਹਾਂ ਪਰਾਈ ਧਰਤੀ ‘ਤੇ ਪੈਰ ਜਮਾਏ ਤੇ ਨਾਲ਼ ਦੀ ਨਾਲ਼ ਪਿਛਲੇ ਪਰਿਵਾਰਾਂ ਦੀ ਆਰਥਿਕਤਾ ਵੀ ਬਿਹਤਰ ਬਣਾਈ।
ਮਾਮੇ ਦੇ ਪਰਿਵਾਰ ਨਾਲ਼ ਸੁਹਣਾ ਸਮਾਂ ਬਿਤਾ ਕੇ ਮੈਂ ਸਲਾਉ ਪਰਤ ਆਇਆ। ਕਿਸੇ ਕੋਲੋਂ ਪਤਾ ਲੱਗਾ ਕਿ ਸਵਰਨ ਚੰਦਨ ਇਕ ਲਾਇਬਰੇਰੀ ‘ਚ ਜੌਬ ਕਰਦਾ ਹੈ। ਬਲਵਿੰਦਰ ਮੈਨੂੰ ਉਸ ਲਾਇਬਰੇਰੀ ‘ਚ ਲੈ ਗਿਆ। ਪਰ ਸਵਰਨ ਚੰਦਨ ਉਸ ਦਿਨ ‘ਔਫ’ ‘ਤੇ ਸੀ। ਲਾਇਬਰੇਰੀ ਇੰਚਾਰਜ ਕੋਲ਼ੋਂ ਉਸਦੇ ਘਰ ਦਾ ਫੋਨ ਨੰਬਰ ਮੰਗਿਆ। ਇੰਚਾਰਜ ਕਹਿਣ ਲੱਗੀ ਕਿ ਨਿਯਮਾਂ ਮੁਤਾਬਿਕ ਉਹ ਉਸਦਾ ਫੋਨ ਨੰਬਰ ਨਹੀਂ ਦੇ ਸਕਦੀ।
ਬਲਵਿੰਦਰ ਮੈਨੂੰ ਰੋਜ਼ ਪੱਬ ‘ਚ ਲੈ ਜਾਂਦਾ। ਲੱਕੜ ਦੀਆਂ ਬੈਰਲਾਂ ਵਾਲ਼ੀ ਬੀਅਰ ਦਾ ਸਵਾਦ ਵੱਖਰਾ ਹੀ ਸੀ। ਘਰ ਆ ਕੇ ਵਿਸਕੀ ਤੇ ਫਿਰ ਡਿਨਰ।
ਅਗਲੇ ਸਫਰ ਲਈ ਟੁਰਨ ਲੱਗਿਆਂ ਭੈਣ ਜੀ ਕਹਿਣ ਲੱਗੇ, ”ਤੈਨੂੰ ਏਨੀ ਛੇਤੀ ਤੋਰਨ ਨੂੰ ਦਿਲ ਤਾਂ ਨਹੀਂ ਕਰਦਾ ਪਰ ਕੈਨੇਡਾ ਆਲ਼ੀ ਸਕੀਮ ਲੜਾਉਣੀ ਵੀ ਜ਼ਰੂਰੀ ਆ।”
(ਚਲਦਾ)

Check Also

ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਜਰਨੈਲ ਸਿੰਘ (ਕਿਸ਼ਤ 7) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਕੈਨੇਡਾ ਵਿਚ ਚਾਰ ਮੌਸਮ ਹਨ …