6.9 C
Toronto
Monday, November 24, 2025
spot_img
Homeਪੰਜਾਬਰਾਣਾ ਗੁਰਜੀਤ ਖਿਲਾਫ ਜਾਂਚ ਦੇ ਹੁਕਮ

ਰਾਣਾ ਗੁਰਜੀਤ ਖਿਲਾਫ ਜਾਂਚ ਦੇ ਹੁਕਮ

ਸੇਵਾ ਮੁਕਤ ਜਸਟਿਸ ਜੇ ਐਸ ਨਾਰੰਗ ਕਰਨਗੇ ਮਾਮਲੇ ਦੀ ਜਾਂਚ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹੁ-ਕਰੋੜੀ ਰੇਤਾ ਖਣਨ ਨਿਲਾਮੀ ਵਿੱਚ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ਼ ਦੋਸ਼ਾਂ ਦੀ ਜਾਂਚ ਲਈ ਇਕ ਮੈਂਬਰੀ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦੇ ਹੁਕਮ ਦਿੱਤੇ ਹਨ। ਇਹ ਜਾਂਚ ਜਸਟਿਸ (ਸੇਵਾ-ਮੁਕਤ) ਜੇ.ਐਸ. ਨਾਰੰਗ ਵੱਲੋਂ ਕੀਤੀ ਜਾਵੇਗੀ, ਜੋ ਆਪਣੀ ਰਿਪੋਰਟ ਇਕ ਮਹੀਨੇ ਵਿੱਚ ਸੌਂਪਣਗੇ। ਜਾਂਚ ਕਮਿਸ਼ਨ ਦੀਆਂ ਸ਼ਰਤਾਂ ਤੇ ਹਵਾਲੇ, ਕਮਿਸ਼ਨ ਆਫ ਇਨਕੁਆਇਰੀ ਐਕਟ ਤਹਿਤ ਤੈਅ ਕੀਤੇ ਜਾਣਗੇ ਜਿਨ੍ਹਾਂ ਨੂੰ ਛੇਤੀ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਕੈਬਨਿਟ ਮੰਤਰੀ ਨੇ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਲਈ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ ਹੈ, ਪਰ ਮੁੱਖ ਮੰਤਰੀ ਨੇ ਰਾਣਾ ਨੂੰ ਜੁਡੀਸ਼ੀਅਲ ਜਾਂਚ ਤੱਕ ਅਹੁਦੇ ‘ਤੇ ਬਣੇ ਰਹਿਣ ਲਈ ਆਖਿਆ ਹੈ। ਭ੍ਰਿਸ਼ਟਾਚਾਰ ਨੂੰ ਸਹਿਣ ਨਾ ਕਰਨ ਦਾ ਆਪਣਾ ਸਟੈਂਡ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਦੀ ਕੰਪਨੀ ਦੇ ਕੁਝ ਸਟਾਫ ਮੈਂਬਰਾਂ ਵੱਲੋਂ ਕੁਝ ਵਿਸ਼ੇਸ਼ ਖੱਡਾਂ ਪ੍ਰਾਪਤ ਕਰਨ ਦੇ ਲੱਗੇ ਦੋਸ਼ਾਂ ਬਾਰੇ ਮੀਡੀਆ ਰਿਪੋਰਟਾਂ ਦਾ ਖੁਦ ਹੀ ਨੋਟਿਸ ਲੈਂਦਿਆਂ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਰਾਣਾ ਗੁਰਜੀਤ ਸਿੰਘ ਨੇ ਭਾਵੇਂ ਆਪਣੀ ਕੰਪਨੀ ਰਾਣਾ ਸ਼ੂਗਰ ਲਿਮਟਿਡ ਦਾ ਰੇਤਾ ਦੀ ਨਿਲਾਮੀ ਜਾਂ ਖੱਡਾਂ ਦੇ ਕਾਰੋਬਾਰ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ, ਪਰ ਮੁੱਖ ਮੰਤਰੀ ਨੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਹੈ।
ਰੇਤਾ ਦੀਆਂ 50 ਖੱਡਾਂ ਦੀ ਦੋ-ਦਿਨਾ ਨਿਲਾਮੀ ਦੌਰਾਨ ਸਰਕਾਰ ਕੋਲ ਪਹਿਲਾਂ ਹੀ 300 ਕਰੋੜ ਰੁਪਏ ਮਾਲੀਆ ਇਕੱਤਰ ਹੋ ਚੁੱਕਾ ਹੈ। ਇਹ ਸਰਕਾਰ ਦੀ ਖਣਨ ਸੈਕਟਰ ਤੋਂ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ। ਸਰਕਾਰ ਵੱਲੋਂ 56 ਹੋਰ ਖੱਡਾਂ ਦੀ ਨਿਲਾਮੀ 11 ਜੂਨ ਨੂੰ ਕੀਤੀ ਜਾਵੇਗੀ, ਜਿਸ ਤੋਂ 300 ਕਰੋੜ ਰੁਪਏ ਹੋਰ ਕਮਾਈ ਦੀ ਆਸ ਹੈ।
ਕੈਪਟਨ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ‘ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਵੀ ਸ਼ਾਮਲ ਸਨ। ਉਨ੍ਹਾਂ ਨਿਜੀ ਤੌਰ ‘ਤੇ ਕਰਵਾਈ ਗਈ ਪੜਤਾਲ ਵਿਚ ਸਾਹਮਣੇ ਆਏ ਤੱਥਾਂ ਸਬੰਧੀ ਚਰਚਾ ਕੀਤੀ। ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿਚ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਨੇ ਖੱਡ ਦੇ ਮਾਮਲੇ ‘ਚ ਰਾਣਾ ਗੁਰਜੀਤ ਖਿਲਾਫ ਖੋਲ੍ਹਿਆ ਮੋਰਚਾ
ਕੈਪਟਨ ਅਮਰਿੰਦਰ ਦੀ ਕੋਠੀ ਵੱਲ ਮਾਰਚ ਦੌਰਾਨ ਪੁਲਿਸ ਨੂੰ ਪਾਈਆਂ ਭਾਜੜਾਂ , ‘ਆਪ’ ਦੇ ਵਿਧਾਇਕ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੇ ਰਿਹਾਅ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਮਾਰਚ ਦੌਰਾਨ ਪੁਲਿਸ ਨੂੰ ਭਾਜੜਾਂ ਪਾਈ ਰੱਖੀਆਂ। ਬਾਅਦ ਵਿੱਚ ਪੁਲਿਸ ਨੇ ਵਿਧਾਇਕਾਂ ਨੂੰ ਸੈਕਟਰ-2 ਤੇ 3 ਦੇ ਚੌਕ ਨੇੜੇ ਹਿਰਾਸਤ ਵਿਚ ਲੈ ਕੇ ਥਾਣੇ ਡੱਕ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਅਤੇ ਲੋਕ ਇਨਸਾਫ ਪਾਰਟੀ ਨੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਾਈਨਿੰਗ ਦੀ ਬੋਲੀ ਦੇ ਮਾਮਲੇ ਵਿੱਚ ਮੰਤਰੀ ਮੰਡਲ ਵਿਚੋਂ ਕੱਢਣ ਅਤੇ ਰਾਣਾ ਗੁਰਜੀਤ  ਦੇ ਖਾਨਸਾਮਿਆਂ ਵੱਲੋਂ ਮਾਈਨਿੰਗ ਦੀਆਂ ਖੱਡਾਂ ਖਰੀਦਣ ਦੇ ਮਾਮਲੇ ਦੀ ਜਾਂਚ ਲਈ ਜਸਟਿਸ ਜੇਐੱਸ ਨਾਰੰਗ ਦੀ ਅਗਵਾਈ ਹੇਠ ਬਣਾਏ ਕਮਿਸ਼ਨ ਨੂੰ ਰੱਦ ਕਰਕੇ ਕਿਸੇ ਮੌਜੂਦਾ ਜੱਜ ਦੀ ਅਗਵਾਈ ਹੇਠ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਦਾ ਪ੍ਰੋਗਰਾਮ ਸੀ। ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐੱਚਐੱਸ ਫੂਲਕਾ ਦੀ ਅਗਵਾਈ ਹੇਠ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਤੋਂ ਕੈਪਟਨ ਦੀ ਕੋਠੀ ਵੱਲ ਰੋਸ ਮਾਰਚ ਸ਼ੁਰੂ ਕੀਤਾ। ਵਿਧਾਇਕ ਅੱਗੇ ਵਧੇ ਤਾਂ ਡੀਐੱਸਪੀ ਰਾਮ ਗੋਪਾਲ ਦੀ ਅਗਵਾਈ ਹੇਠ ਪੁਲਿਸ ਨੇ ਵਿਧਾਨ ਸਭਾ ਦਾ ਬਾਹਰਲਾ ਗੇਟ ਬੰਦ ਕਰ ਦਿੱਤਾ, ਪਰ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਨਸ਼ਾਹੀਆ ਤੇ ઠਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਗੇਟ ਟੱਪ ਗਏ। ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਵੀ ਗੇਟ ਟੱਪਣ ਦਾ ਯਤਨ ਕੀਤਾ ਅਤੇ ਸਮੂਹ ਵਿਧਾਇਕਾਂ ਨੇ ਪੁਲਿਸ ਨੂੰ ਪਿੱਛੇ ਧੱਕ ਕੇ ਗੇਟ ਖੋਲ੍ਹ ਦਿੱਤਾ। ਪੁਲਿਸ ਵੱਲੋਂ ਮੁੜ ਘੇਰਾਬੰਦੀ ਕਰਨ ‘ਤੇ ਵਿਧਾਇਕਾਂ ਨੇ ਗ੍ਰਿਫ਼ਤਾਰੀਆਂ ਦੇ ਦਿੱਤੀਆਂ। ਇਸ ਦੌਰਾਨ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਇਹ ਮੁੱਦਾ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਕੋਲ ਲੈ ਕੇ ਜਾਣਗੇ ਅਤੇ 5 ਜੂਨ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਮੁਜ਼ਾਹਰੇ ਹੋਣਗੇ। ਫੂਲਕਾ ਨੇ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਵਿਧਾਇਕਾਂ ਨੂੰ ਕੈਦੀ ਬਣਾਉਣ ਨਾਲ ਕੈਪਟਨ ਸਰਕਾਰ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਡੀਐੱਸਪੀ ਰਾਮ ਗੋਪਾਲ ਨੇ ਵਿਧਾਇਕਾਂ ਨੂੰ ਜਦੋਂ ਧੁੱਪੇ ਖੜ੍ਹੀ ਬੱਸ ਵਿੱਚ ਹੀ 25 ਮਿੰਟ ਬੰਦ ਰੱਖਿਆ ਤਾਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਪੰਜਾਬ ਦੇ ਮੀਤ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਸੁਖਪਾਲ ਖਹਿਰਾ, ਕੁਲਵੰਤ ਸਿੰਘ ਪੰਡੋਰੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਆਦਿ ਨੇ ਬੱਸ ਵਿੱਚੋਂ ਉਤਰ ਕੇ ਕੈਪਟਨ ਦੀ ਕੋਠੀ ਵੱਲ ਸ਼ੂਟ ਵੱਟ ਲਈ। ਜਿਸ ਮਗਰੋਂ ਪੁਲਿਸ ਨੇ ਇਕ ਕਿਲੋਮੀਟਰ ਤੱਕ ਪਿੱਛਾ ਕਰਕੇ ਸੈਕਟਰ-2 ਤੇ 3 ਦੇ ਚੌਕ ‘ਤੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਘੇਰਿਆ। ਵਿਧਾਇਕ ਉਥੇ ਹੀ ਸੜਕ ‘ਤੇ ਧਰਨਾ ਮਾਰ ਕੇ ਬੈਠ ਗਏ ਤੇ ਚੁਫੇਰੇ ਜਾਮ ਲੱਗ ਗਿਆ। ਪੁਲਿਸ ਨੇ ਵਿਧਾਇਕਾਂ ਨੂੰ ਘੜੀਸ ਕੇ ਵਾਹਨਾਂ ਵਿਚ ਸੁੱਟਿਆ ਅਤੇ ਸੈਕਟਰ-17 ਦੇ ਥਾਣੇ ਬੰਦ ਕਰ ਦਿੱਤਾ। ਅਖੀਰ ਬਾਅਦ ਦੁਪਹਿਰ 2 ਵਜੇ ਦੇ ਕਰੀਬ ਵਿਧਾਇਕਾਂ ਨੂੰ ਰਿਹਾਅ ਕੀਤਾ ਗਿਆ।
‘ਆਪ’ ਇਕਜੁੱਟ ਨਜ਼ਰ ਆਈ
‘ਆਪ’ ਪੰਜਾਬ ਦੇ ਨਵਨਿਯੁਕਤ ਪ੍ਰਧਾਨ ਭਗਵੰਤ  ਮਾਨ ਦੀ ਅਗਵਾਈ ਹੇਠ ਸਮੁੱਚੀ ਪਾਰਟੀ ਮੰਗਲਵਾਰ ਨੂੰ ਲੰਮੇ ਸਮੇਂ ਬਾਅਦ ਇਕਜੁੱਟ ਨਜ਼ਰ ਆਈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਰੈਲੀ ਦੌਰਾਨ ਵੀ ਪਹਿਲਾਂ ਦੇ ਉਲਟ ਸਟੇਜ ਜਾਂ ਹਾਲ ਵਿੱਚ ਕਿਸੇ ਤਰ੍ਹਾਂ ਦੀ ਆਪਾਧਾਪੀ ਨਜ਼ਰ ਨਹੀਂ ਆਈ।
ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ ਨੂੰ ਦੱਸਿਆ ਪੰਜਾਬ ਦਾ ਵਿਜੈ ਮਾਲੀਆ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ ਰਾਣਾ ਗੁਰਜੀਤ ਨੂੰ ਬਰਖਾਸਤ ਕਰਨ ਦੀ ਥਾਂ ਕੈਪਟਨ ਸਰਕਾਰ ਜਸਟਿਸ ਨਾਰੰਗ ਕਮਿਸ਼ਨ ਰਾਹੀਂ ਕਲੀਨ ਚਿੱਟ ਦੇਣ ਦੇ ਰਾਹ ਤੁਰ ਪਈ ਹੈ।ઠਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਆਪਣੇ ਰਸੋਈਏ ਅਤੇ ਨੌਕਰਾਂ ਦੇ ਨਾਮ ਉਤੇ ਕਰੋੜਾਂ ਰੁਪਏ ਦੀਆਂ ਬੇਨਾਮੀ ਰੇਤ ਬਜਰੀ ਦੀਆਂ ਖੱਡਾਂ ਲੈਣ ਦੇ ਮਾਮਲੇ ਵਿਚ ਕੈਪਟਨ ਸਰਕਾਰ ਜਾਂਚ ਦੇ ਨਾਂ ਉਤੇ ਕੋਝਾ ਮਜ਼ਾਕ ਕਰ ਰਹੀ ਹੈ। ਉਨ੍ਹਾਂ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਉਭਰਦਾ ਹੋਇਆ ‘ਵਿਜੈ ਮਾਲੀਆ’ ਕਰਾਰ ਦਿੱਤਾ।

RELATED ARTICLES
POPULAR POSTS