ਰੋਪੜ ਜ਼ਿਲ੍ਹੇ ਦੇ ਪਿੰਡ ਲਾਲਪੁਰਾ ਦੇ ਰਹਿਣ ਵਾਲੇ ਹਨ ਇਕਬਾਲ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਪੁਲਿਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਕੇਂਦਰ ਸਰਕਾਰ ਵੱਲੋਂ ਮੁੜ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਿਛਲੇ ਸਾਲ ਸਤੰਬਰ ਮਹੀਨੇ ਵੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਕੇ ਭਾਜਪਾ ਦੀ ਟਿਕਟ ’ਤੇ ਰੋਪੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਚੋਣਾਂ ਵਿਚ ਇਕਬਾਲ ਸਿੰਘ ਲਾਲਪੁਰਾ ਜਿੱਤ ਨਹੀਂ ਸਕੇ ਅਤੇ ਉਹ ਚੌਥੇ ਸਥਾਨ ’ਤੇ ਰਹੇ। ਰੋਪੜ ਜ਼ਿਲ੍ਹੇ ਦੇ ਪਿੰਡ ਲਾਲਪੁਰਾ ਦੇ ਰਹਿਣ ਵਾਲੇ ਇਕਬਾਲ ਸਿੰਘ ਲਾਲਪੁਰਾ ਇਕ ਅਜਿਹੇ ਵਿਦਵਾਨ ਹਨ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਨੂੰ ਸਮਰਪਿਤ ਕਈ ਕਿਤਾਬਾਂ ਲਿਖੀਆਂ ਹਨ। ਲਾਲਪੁਰਾ 2012 ’ਚ ਪੰਜਾਬ ਪੁਲਿਸ ’ਚੋਂ ਬਤੌਰ ਡੀਆਈਜੀ ਰਿਟਾਇਰ ਹੋਏ ਸਨ ਤੇ ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਕਬਾਲ ਸਿੰਘ ਲਾਲਪੁਰਾ ਨੇ ਮੁੜ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।