ਕ੍ਰਿਸ਼ਨਾ ਡਾਇਗਨੋਸਟਿਕ ਨੇ ਮੁਹੱਲਾ ਕਲੀਨਿਕ ’ਚ ਫਰੀ ਟੈਸਟ ਸੇਵਾਵਾਂ ਦੇਣ ਤੋਂ ਕੀਤਾ ਇਨਕਾਰ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ’ਚ ਦਿੱਤੀ ਜਾ ਰਹੀ ਫਰੀ ਟੈਸਟ ਸੇਵਾ ਪ੍ਰਭਾਵਿਤ ਹੰੁਦੀ ਹੋਈ ਨਜ਼ਰ ਆ ਰਹੀ ਹੈ। ਸੂਬੇ ’ਚ ਚੱਲ ਰਹੇ 500 ਮੁਹੱਲਾ ਕਲੀਨਿਕਾਂ ’ਚ ਮੁਫ਼ਤ ਟੈਸਟ ਸੇਵਾਵਾਂ ਦੇਣ ਵਾਲੀ ਕ੍ਰਿਸ਼ਨਾ ਡਾਇਗਨੋਸਟਿਕ ਨੇ ਮੁਹੱਲਾ ਕਲੀਨਿਕਾਂ ’ਤੇ ਸੇਵਾਵਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਦੇ ਡਾਇਰੈਕਟਰ ਵੱਲੋਂ ਸੂਬੇ ਦੇ ਸਿਵਲ ਸਰਜਨਾਂ ਨੂੰ ਆਰਡਰ ਭੇਜ ਕੇ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਜਿਸ ’ਚ ਸਾਫ਼ ਸਾਫ਼ ਲਿਖਿਆ ਗਿਆ ਹੈ ਕਿ ਆਮ ਆਦਮੀ ਮੁਹੱਲਾ ਕਲੀਨਿਕਾਂ ’ਤੇ ਸੇਵਾਵਾਂ ਦੇਣ ਵਾਲੀ ਕ੍ਰਿਸ਼ਨਾ ਡਾਇਗਨੋਸਟਿਕ ਨੇ 16 ਫਰਵਰੀ 2023 ਨੂੰ ਪੱਤਰ ਲਿਖ ਕੇ ਜਾਣਕਾਰੀ ਦੇ ਦਿੱਤੀ ਸੀ ਕਿ 1 ਮਾਰਚ 2023 ਤੋਂ ਉਹ ਮੁਹੱਲਾ ਕਲੀਨਿਕਾਂ ਅਤੇ ਹੋਰ ਸਿਵਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰ ’ਤੇ ਆਪਣੀਆਂ ਸੇਵਾਵਾਂ ਬੰਦ ਕਰ ਰਹੇ ਹਨ। ਉਧਰ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕਾਂ, ਸਿਵਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਆਪਣੇ ਇੰਤਜ਼ਾਮ ਖੁਦ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ 2 ਮਾਰਚ 2023 ਤੋਂ ਸਾਰੇ ਇਕੱਠੇ ਹੋਣ ਵਾਲੇ ਸੈਂਪਲਾਂ ਨੂੰ ਖੁਦ ਸਰਕਾਰੀ ਲੈਬਾਰਟਰੀ ਤੱਕ ਪਹੁੰਚਾਇਆ ਜਾਵੇ। ਜਦਕਿ ਇਸ ਤੋਂ ਪਹਿਲਾਂ ਕ੍ਰਿਸ਼ਨਾ ਲੈਬਾਰਟਰੀ ਖੁਦ ਮੁਹੱਲਾ ਕਲੀਨਿਕਾਂ ਅਤੇ ਸਿਵਲ ਹਸਪਤਾਲਾਂ ਤੋਂ ਖੁਦ ਸੈਂਪਲ ਇਕੱਲੇ ਕਰਕੇ ਰਿਪੋਰਟ ਭੇਜਦੀ ਸੀ।