ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਝੇ ਦੇ ਨਸ਼ਿਆਂ ਤੋਂ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਦਿਆਂ ਪੀੜਤ ਪਰਿਵਾਰਾਂ ਦੇ ਦੁੱਖੜੇ ਸੁਣੇ। ਉਨ੍ਹਾਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ‘ਆਪ’ ਆਗੂਆਂ ਨੂੰ ਕੇਸ ਦਰਜ ਕਰਾਉਣ ਦੀਆਂ ਧਮਕੀਆਂ ਦੇ ਕੇ ਡਰਾਉਣਾ ਚਾਹੁੰਦੇ ਹਨ ਪਰ ਇਕ ਸਾਲ ਬਾਅਦ ਸਰਕਾਰ ਬਦਲਣ ਮਗਰੋਂ ਨਸ਼ਿਆਂ ਦੇ ਧੰਦੇ ਨਾਲ ਜੁੜੇ ਹਰੇਕ ਵਿਅਕਤੀ ਨੂੰ ਜੇਲ੍ਹ ਵਿਚ ਬੰਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਅਜਿਹੀਆਂ ਨੀਤੀਆਂ ਬਣਾਈਆਂ ਜਾਣਗੀਆਂ ਕਿ ਕਰਜ਼ੇ ਕਾਰਨ ਕੋਈ ਕਿਸਾਨ ਖ਼ੁਦਕੁਸ਼ੀ ਨਾ ਕਰੇ। ਪੰਜਾਬ ਦੇ ਪੰਜ ਦਿਨਾਂ ਦੌਰੇ ਦੇ ਤੀਜੇ ਦਿਨ ਕੇਜਰੀਵਾਲ ਸ਼ਹਿਰ ਦੇ ਮਕਬੂਲਪੁਰਾ ਇਲਾਕੇ ਵਿੱਚ ਗਲੀ ਨੰਬਰ ਛੇ ਦੇ ਇਕ ਮਕਾਨ ਵਿੱਚ ਗਏ ਅਤੇ ਨਸ਼ਿਆਂ ਤੋਂ ਪੀੜਤ 20 ਪਰਿਵਾਰਾਂ ਦੇ ਜੀਆਂ ਨੂੰ ਮਿਲੇ। ਇਸ ਘਰ ਵਿੱਚ ਰਹਿੰਦੀ ਸ਼ਸ਼ੀ ਨਾਂ ਦੀ ਔਰਤ ਦੇ ਤਿੰਨ ਬੇਟੇ ਨਸ਼ਿਆਂ ਨੇ ਨਿਗਲ ਲਏ ਹਨ। ਕੇਜਰੀਵਾਲ ਨੇ ਇਨ੍ਹਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ‘ਆਪ’ ਦੇ ਸੱਤਾ ਵਿੱਚ ਆਉਣ ‘ਤੇ ਨਸ਼ਾ ਪੀੜਤਾਂ ਨੂੰ ਮੈਡੀਕਲ ਸਹਾਇਤਾ ਦੇ ਕੇ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢਿਆ ਜਾਵੇਗਾ ਅਤੇ ਨਸ਼ਿਆਂ ਦੇ ਧੰਦੇ ਨਾਲ ਜੁੜੇ ਲੋਕਾਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਬਾਦਲ ਨੂੰ ਸੱਦਾ ਦਿੱਤਾ ਕਿ ਉਹ ਇਥੇ ਮਕਬੂਲਪੁਰਾ ਇਲਾਕੇ ਵਿੱਚ ਦੇਖਣ ਕਿ ਇਥੇ ਕਿਵੇਂ ਲੋਕ ਨਸ਼ਿਆਂ ਨਾਲ ਪ੍ਰਭਾਵਿਤ ਹਨ। ਇਸ ਇਲਾਕੇ ਦੇ ਤਕਰੀਬਨ 100 ਪੀੜਤ ਪਰਿਵਾਰਾਂ ਦੀ ਸੂਚੀ ਉਨ੍ਹਾਂ ਨੂੰ ਦਿਖਾਈ ਗਈ ਹੈ, ਜਿਥੇ ਹਰ ਪਰਿਵਾਰ ਦਾ ਜੀਅ ਨਸ਼ਿਆਂ ਦੇ ਕਾਰਨ ਮੌਤ ਦਾ ਸ਼ਿਕਾਰ ਬਣਿਆ ਹੈ।ਕੇਜਰੀਵਾਲ ਨੇ ਕਿਹਾ ਕਿ ਉਹ ਪਿਛਲੇ ਦਿਨਾਂ ਦੌਰਾਨ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਸੂਬੇ ਵਿੱਚ ‘ਆਪ’ ਦੀ ਸਰਕਾਰ ਆਈ ਤਾਂ ਅਜਿਹੀ ਵਿਵਸਥਾ ਕੀਤੀ ਜਾਵੇਗੀ ਕਿ ਭਵਿੱਖ ਵਿੱਚ ਜਬਰੀ ਕਰਜ਼ਾ ਵਸੂਲੀ ਦੇ ਮਾਮਲੇ ਕਾਰਨ ਕਿਸੇ ਕਿਸਾਨ ਨੂੰ ਖ਼ੁਦਕੁਸ਼ੀ ਨਾ ਕਰਨੀ ਪਵੇ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਕ ਪੱਤਰ ਲਿਖਿਆ ਹੈ।
Check Also
ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …