ਫੋਨ ਚੁੱਕਣਾ ਕਰ ਦਿੱਤਾ ਬੰਦ, ਮੀਡੀਆ ‘ਚ ਮਾਮਲਾ ਉਛਲਿਆ ਤਾਂ ਘਰ ਆ ਕੇ ਬੋਲੇ ਸ਼ਾਂਤੀ ਰੱਖੋ
ਬਰਨਾਲਾ : ਖੁਦਕੁਸ਼ੀ ਪੀੜਤ ਪਰਿਵਾਰ ਦੀ ਬੇਟੀ ਨੂੰ ਆਪਣੇ ਕੋਟੇ ‘ਚੋਂ ਆਰਮੀ ਸਕੂਲ ‘ਚ ਦਾਖਲਾ ਦਿਵਾਉਣ ਦੀ ਗੱਲ ਤੋਂ ਹੁਣ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਪਲਟ ਗਏ ਹਨ। ਬੱਚੀ ਦੇ ਆਰਮੀ ਸਕੂਲ ‘ਚ ਪੜ੍ਹਨ ਦੇ ਸੁਪਨੇ ‘ਤੇ ਫਿਲਹਾਲ ਗ੍ਰਹਿਣ ਲੱਗ ਗਿਆ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕੋਟਾ ਖਤਮ ਹੋਣ ਦੀ ਦੁਹਾਈ ਦਿੰਦੇ ਹੋਏ ਅੱਠ ਮਹੀਨੇ ਪਹਿਲਾਂ ਕੀਤਾ ਆਪਣਾ ਵਾਅਦਾ ਤੋੜ ਕੇ ਪਰਿਵਾਰ ਨੂੰ ਕਿਸੇ ਹੋਰ ਸਕੂਲ ‘ਚ ਬੱਚੀ ਨੂੰ ਦਾਖਲ ਕਰਵਾਉਣ ਦਾ ਨਵਾਂ ਵਾਅਦਾ ਕਰ ਲਿਆ।
ਪਹਿਲਾਂ ਪੀੜਤ ਪਰਿਵਾਰ ਦਾ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਸਾਥੀ ਫੋਨ ਨਹੀਂ ਉਠਾਉਂਦੇ ਸਨ। ਮੀਡੀਆ ‘ਚ ਮਾਮਲਾ ਉਛਲਿਆ ਉਦੋਂ ਤੋਂ ਹੀ ਬੱਚੀ ਦਾ ਦਾਖਲਾ ਕਿਸੇ ਹੋਰ ਸਕੂਲ ‘ਚ ਕਰਨ ਦੀ ਗੱਲ ਕਹਿ ਕੇ ਘਰ ਦੇ ਚੱਕਰ ਲਗਾ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਸੰਸਦ ਮੈਂਬਰ ਦੀ ਗੱਲ ‘ਤੇ ਵਿਸ਼ਵਾਸ ਨਹੀਂ ਰਿਹਾ।
ਪੀੜਤ ਪਰਿਵਾਰ ਦੇ ਮੈਂਬਰ ਅਤੇ ਕਿਸਾਨ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ 8 ਮਹੀਨੇ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਹੁਣ ਕੋਈ ਨੇਤਾ ਅੱਗੇ ਨਹੀਂ ਆਇਆ। ਖਬਰ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਅਮਰੀਸ਼ ਭੋਤਨਾ ਸਾਥੀਆਂ ਦੇ ਨਾਲ ਉਨ੍ਹਾਂ ਦੇ ਕੋਲ ਆਏ, ਕਿਹਾ ਬੱਚੀ ਦਾ ਦਾਖਲਾ ਕਿਸੇ ਹੋਰ ਸਕੂਲ ‘ਚ ਕਰਵਾ ਦੇਣਗੇ, ਪ੍ਰੰਤੂ ਤੁਸੀਂ ਸ਼ਾਂਤੀ ਬਣਾਈ ਰੱਖੋ।
ਰੁਕ ਨਹੀਂ ਰਿਹਾ ਮਾਮਲਾ : ਜ਼ਿਲ੍ਹੇ ਦੇ ਪਿੰਡ ਜੋਧਪੁਰ ‘ਚ 25 ਮਈ ਨੂੰ ਅਦਾਲਤੀ ਹੁਕਮਾਂ ‘ਤੇ ਜ਼ਮੀਨ ‘ਤੇ ਕਬਜ਼ਾ ਲੈਣ ਆਈ ਪ੍ਰਸ਼ਾਸਨਿਕ ਟੀਮ ਦੀ ਕਾਰਵਾਈ ਦੇ ਦੌਰਾਨ ਕੀਟਨਾਸ਼ਕ ਪੀ ਕੇ ਕਿਸਾਨ ਬਲਜੀਤ ਸਿੰਘ ਅਤੇ ਉਸ ਦੀ ਮਾਤਾ ਬਲਬੀਰ ਕੌਰ ਨੇ ਆਤਮ ਹੱਤਿਆ ਕਰ ਲਈ ਸੀ। ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਉਨ੍ਹਾਂ ਦੀ ਬੱਚੀ ਨੂੰ ਆਪਣੇ ਕੋਟੇ ‘ਚੋਂ ਆਰਮੀ ਸਕੂਲ ‘ਚ ਪੜ੍ਹਾਈ ਕਰਵਾਉਣ ਦਾ ਵਾਅਦਾ ਕੀਤਾ ਸੀ। ਵਾਅਦੇ ਦੇ ਅਨੁਸਾਰ ਸਾਲ 2017-18 ਦੇ ਨਵੇਂ ਸੈਸ਼ਨ ‘ਚ ਪੀੜਤ ਪਰਿਵਾਰ ਦੀ ਬੱਚੀ ਨੂੰ ਸਰਕਾਰੀ ਸਕੂਲ ਤੋਂ ਆਰਮੀ ਸਕੂਲ ‘ਚ ਸ਼ਿਫਟ ਕੀਤਾ ਜਾਣਾ ਸੀ ਪ੍ਰੰਤੂ ਹੁਣ ਸੰਸਦ ਮੈਂਬਰ ਦੇ ਹੱਥ ਖੜ੍ਹੇ ਕੀਤੇ ਜਾਣ ਤੋਂ ਬਾਅਦ ਬੱਚੀ ਦੇ ਸੁਪਨੇ ‘ਤੇ ਫਿਲਹਾਲ ਗ੍ਰਹਿਣ ਲੱਗ ਗਿਆ ਹੈ।
ਹੁਣ ਲੀਡਰਾਂ ‘ਤੇ ਭਰੋਸਾ ਨਹੀਂ : ਬਲਵਿੰਦਰ : ਸੰਸਦ ਮੈਂਬਰ ਭਗਵੰਤ ਮਾਨ ਦੇ ਕੀਤੇ ਵਾਅਦੇ ‘ਤੇ ਪਰਿਵਾਰਕ ਮੈਂਬਰ ਬਲਵਿੰਦਰ ਸਿੰਘ ਨੇ ਕਿਹਾ ਕਿ ਲੀਡਰ ਆਏ ਸੀ ਤੇ ਉਨ੍ਹਾਂ ਨੂੰ ਲੱਕੜ ਦਾ ਮੁੰਡਾ ਦੇ ਗਏ ਨਾ ਉਹ ਹੱਸੇ ਤੇ ਨਾ ਉਹ ਰੋਵੇ। ਹੁਣ ਮੈਨੂੰ ਲੀਡਰਾਂ ‘ਤੇ ਭਰੋਸਾ ਨਹੀਂ। ਜਿਸ ਤਰ੍ਹਾਂ ਪਹਿਲਾ ਵਾਅਦਾ ਪੂਰਾ ਕਰ ਦਿੱਤਾ ਉਸੇ ਤਰ੍ਹਾਂ ਹੁਣ ਇਹ ਕਰ ਦੇਣਗੇ।
ਮਾਨ ਤੋਂ ਜਦੋਂ ਪੁੱਛਿਆ ਤਾਂ ਬੋਲੇ ਅਗਲੇ ਸਾਲ ਕਰਵਾ ਦਿਆਂਗੇ
ਹਲਕਾ ਭਦੌੜ ਦੇ ਪਿੰਡ ਉਗੋਕੇ ‘ਚ ਇਕ ਸਮਾਗਮ ‘ਚ ਸ਼ਾਮਲ ਹੋਣ ਆਏ ਭਗਵੰਤ ਮਾਨ ਨੇ ਕਿਹਾ, ਇਕ ਸੰਸਦ ਮੈਂਬਰ ਸਾਲ ‘ਚ ਸਿਰਫ਼ ਦਸ ਬੱਚਿਆਂ ਦਾ ਦਾਖਲਾ ਆਰਮੀ ਸਕੂਲ ‘ਚ ਕਰਵਾ ਸਕਦਾ ਹੈ। ਇਸ ਤੋਂ ਪਹਿਲਾਂ ਉਹ ਦਸ ਬੱਚਿਆਂ ਨੂੰ ਦਾਖਲ ਕਰਵਾ ਚੁੱਕੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਵਾਅਦਾ ਕਿਉਂ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਵਾਅਦਾ ਅਸੀਂ ਅਗਲੇ ਸਾਲ ਪੂਰਾ ਕਰ ਦਿਆਂਗੇ। ਫਿਲਹਾਲ ਬੱਚੀ ਨੂੰ ਸਰਕਾਰੀ ਸਕੂਲ ਤੋਂ ਹਟਾ ਕੇ ਕਿਸੇ ਹੋਰ ਅੱਛੇ ਪ੍ਰਾਈਵੇਟ ਸਕੂਲ ‘ਚ ਦਾਖਲ ਕਰਵਾ ਦਿਆਂਗੇ।
Check Also
ਪੰਜਾਬ ਪੰਚਾਇਤੀ ਚੋਣਾਂ ’ਤੇ ਸੁਪਰੀਮ ਕੋਰਟ ਨੇ ਵੀ ਰੋਕ ਲਾਉਣ ਤੋਂ ਕੀਤਾ ਇਨਕਾਰ
ਕਿਹਾ : ਚੋਣਾਂ ’ਤੇ ਰੋਕ ਲਗਾਉਣ ਨਾਲ ਪੰਜਾਬ ’ਚ ਫੈਲ ਜਾਵੇਗੀ ਅਰਜਾਕਤਾ ਨਵੀਂ ਦਿੱਲੀ/ਬਿਊਰੋ ਨਿਊਜ਼ …