
ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਜਾਣਕਾਰੀ ਕੀਤੀ ਗਈ ਸਾਂਝੀ
ਅੰਮਿ੍ਰਤਸਰ/ਬਿਊਰੋ ਨਿਊਜ਼
ਬੀਐੱਸਐੱਫ ਨੇ ਪੰਜਾਬ ਦੀ ਸਰਹੱਦ ’ਤੇ ਹੈਰੋਇਨ ਦੀ ਵੱਡੀ ਖੇਪ, ਆਈਸ ਡਰੱਗ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੀਤੇ ਗਏ ਦੋ ਵੱਡੇ ਆਪ੍ਰੇਸ਼ਨਾਂ ਵਿੱਚ ਚੌਕਸ ਬੀਐੱਸਐਫ ਦੇ ਜਵਾਨਾਂ ਨੇ ਅੰਮਿ੍ਰਤਸਰ ਸਰਹੱਦ ’ਤੇ ਵੱਡੀ ਮਾਤਰਾ ਵਿੱਚ ਹੈਰੋਇਨ, ਆਈਸ ਡਰੱਗ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਇੱਕ ਸ਼ੱਕੀ ਡਰੋਨ ਦੀ ਗਤੀਵਿਧੀ ਨੂੰ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਬੀਐੱਸਐੱਫ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਇੱਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸਦੇ ਨਤੀਜੇ ਵਜੋਂ ਪਿੰਡ ਭੈਣੀ ਰਾਜਪੂਤਾਂ ਨੇੜੇ ਇੱਕ ਖੇਤੀ ਵਾਲੀ ਜ਼ਮੀਨ ਵਿੱਚੋਂ ਇਕ ਵੱਡਾ ਪੈਕੇਟ ਬਰਾਮਦ ਕੀਤਾ। ਇਸ ਵਿੱਚ 3 ਛੋਟੇ ਪਲਾਸਟਿਕ ਦੇ ਡੱਬੇ ਆਈਸ ਡਰੱਗ ਦੇ ਸਨ, ਜਿਸ ਵਿੱਚ ਕਰੀਬ 3 ਕਿਲੋਗ੍ਰਾਮ ਆਈਸ ਡਰੱਗ ਸੀ। ਦੂਜੀ ਘਟਨਾ ਵਿੱਚ ਅੰਮਿ੍ਰਤਸਰ ਦੇ ਸਰਹੱਦੀ ਖੇਤਰ ਵਿੱਚ ਬੀਐੱਸਐੱਫ ਦੇ ਜਵਾਨਾਂ ਨੇ ਅੱਧੀ ਰਾਤ ਨੂੰ ਕੀਤੀ ਕਾਰਵਾਈ ਦੌਰਾਨ ਪਿੰਡ ਅਟਾਰੀ ਨੇੜੇ ਖੇਤ ’ਚੋਂ ਨਸ਼ੇ ਦੇ 3 ਵੱਡੇ ਪੈਕੇਟ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਸਾਂਝੀ ਕੀਤੀ ਗਈ ਹੈ।

