Breaking News
Home / ਪੰਜਾਬ / ਕੈਪਟਨ ਅਮਰਿੰਦਰ ਵਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਅਵਤ

ਕੈਪਟਨ ਅਮਰਿੰਦਰ ਵਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਅਵਤ

ਚੰਡੀਗੜ੍ਹ : ਜੰਮੂ ਕਸ਼ਮੀਰ ਦੇ ਹਾਲਾਤ ਦੇ ਮੱਦੇਨਜ਼ਰ ਈਦ-ਉਲ-ਜ਼ੁਹਾ ਮੌਕੇ ਆਪਣੇ ਮਾਪਿਆਂ ਕੋਲ ਨਾ ਜਾ ਸਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਵਨ ਵਿੱਚ ਦੁਪਹਿਰ ਦੇ ਖਾਣੇ ‘ਤੇ ਸੱਦਿਆ। ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲਗਭਗ 125 ਵਿਦਿਆਰਥੀਆਂ ਨੇ ਮੁੱਖ ਮੰਤਰੀ ਦੀ ਮੁਹੱਬਤ ਦਾ ਨਿੱਘ ਮਾਣਿਆ। ਕੈਪਟਨ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਇਸ ਤਿਉਹਾਰ ਦੇ ਸਤਿਕਾਰ ਵਜੋਂ ਇਨ੍ਹਾਂ ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਵਿੱਚ ਹਾਲਾਤ ਛੇਤੀ ਸੁਧਰ ਜਾਣ ਦਾ ਵਿਸ਼ਵਾਸ ਹੈ। ਉਨ੍ਹਾਂ ਨੇ ਵਾਦੀ ਵਿੱਚ ਸਥਿਤੀ ਆਮ ਵਾਂਗ ਹੋਣ ਦੀ ਕਾਮਨਾ ਕਰਦਿਆਂ ਵਿਦਿਆਰਥੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਹਿਫ਼ਾਜ਼ਤ ਦਾ ਭਰੋਸਾ ਦਿੰਦਿਆਂ ਕੈਪਟਨ ਨੇ ਕਿਹਾ, ”ਬੇਸ਼ਕ ਅਸੀਂ ਤੁਹਾਡੇ ਪਰਿਵਾਰਾਂ ਦੀ ਥਾਂ ਤਾਂ ਨਹੀਂ ਲੈ ਸਕਦੇ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਪਰਿਵਾਰ ਹੀ ਸਮਝੋਗੇ।” ਵਿਦਿਆਰਥੀਆਂ ਨੇ ਕਿਹਾ ਕਿ ਉਹ ਪੰਜਾਬ ਨੂੰ ਆਪਣਾ ਦੂਜਾ ਘਰ ਮੰਨਦੇ ਹਨ, ਜਿੱਥੇ ਉਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਵੀ ਆਪਣੇ-ਆਪ ਨੂੰ ਹਮੇਸ਼ਾ ਮਹਿਫੂਜ਼ ਸਮਝਿਆ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਫਾਈਨ ਆਰਟਸ ਦੇ ਵਿਦਿਆਰਥੀ ਅਬਦੁਲ ਆਜ਼ਾਦ ਵੱਲੋਂ ਬਣਾਇਆ ਚਿੱਤਰ ਮੁੱਖ ਮੰਤਰੀ ਨੂੰ ਭੇਟ ਕੀਤਾ ਗਿਆ।
ਕਸ਼ਮੀਰੀ ਮੁਟਿਆਰਾਂ ਦੇ ‘ਰਾਖੇ’ ਬਣ ਕੇ ਬਹੁੜੇ ਸਿੱਖ ਨੌਜਵਾਨ
ਨਵੀਂ ਦਿੱਲੀ : ਦਿੱਲੀ ਦੇ ਤਿੰਨ ਸਿੱਖ ਨੌਜਵਾਨਾਂ ਨੇ 32 ਕਸ਼ਮੀਰੀ ਮੁਟਿਆਰਾਂ ਨੂੰ ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਗੜਬੜ ਵਾਲੇ ਇਲਾਕਿਆਂ ਵਿੱਚ ਪੈਂਦੇ ਉਨ੍ਹਾਂ ਦੇ ਘਰਾਂ ਵਿਚ ਸੁਰੱਖਿਅਤ ਪਹੁੰਚਾਇਆ ਹੈ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ, ”ਸਾਡੇ ਕੋਲ ਖ਼ਬਰ ਆਈ ਸੀ ਕਿ ਪੁਣੇ ਤੇ ਹੋਰ ਥਾਵਾਂ ‘ਤੇ ਜੰਮੂ-ਕਸ਼ਮੀਰ ਦੀਆਂ 32 ਮੁਟਿਆਰਾਂ ਸਹਿਮ ਦੇ ਮਾਹੌਲ ਵਿੱਚ ਹਨ ਅਤੇ ਉਹ ਘਰਾਂ ਨੂੰ ਪਰਤਣਾ ਚਾਹੁੰਦੀਆਂ ਹਨ।” ਉਨ੍ਹਾਂ ਦੱਸਿਆ ਕਿ 14 ਮੁਟਿਆਰਾਂ ਨੂੰ ਪੁਣੇ ਤੋਂ ਸੜਕ ਮਾਰਗ ਰਾਹੀਂ ਮੁੰਬਈ ਲਿਆਂਦਾ ਗਿਆ ਅਤੇ 17 ਨੂੰ ਮੁੰਬਈ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਵਿਚ ਉਹ ਅਰਮੀਤ ਸਿੰਘ ਖ਼ਾਨਪੁਰੀ (ਪਟੇਲ ਨਗਰ) ਅਤੇ ਬਲਜੀਤ ਸਿੰਘ ਬੱਬਲੂ (ਯਮੁਨਾਪਾਰ) ਨਾਲ ਮਿਲ ਕੇ ਛੱਡਣ ਲਈ ਗਏ। ਤਿੰਨੋਂ ਨੌਜਵਾਨਾਂ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ 19 ਮੁਟਿਆਰਾਂ ਨੂੰ ਸੁਰੱਖਿਅਤ ਮਾਪਿਆਂ ਕੋਲ ਪਹੁੰਚਾਇਆ। ਇਸੇ ਤਰ੍ਹਾਂ ਬੜਗਾਮ ਵਿਚ 5, ਸ਼ੋਪੀਆਂ ਵਿਚ 2, ਸ੍ਰੀਨਗਰ ਅਤੇ ਕੁਪਵਾੜਾ ਵਿਚ 3-3 ਮੁਟਿਆਰਾਂ ਨੂੰ ਸੁਰੱਖਿਅਤ ਟਿਕਾਣਿਆਂ ‘ਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਸ਼ੋਪੀਆਂ ਵਿਚ ਕੋਈ ਵੀ ਟੈਕਸੀ ਚਾਲਕ ਜਾਣ ਲਈ ਤਿਆਰ ਨਹੀਂ ਸੀ। ਮਿੰਨਤਾਂ ਕਰਨ ‘ਤੇ ਬਸ਼ੀਰ ਨਾਂ ਦਾ ਟੈਕਸੀ ਡਰਾਈਵਰ ਜਾਣ ਲਈ ਤਿਆਰ ਹੋਇਆ। ਨੌਜਵਾਨਾਂ ਨੇ ਦੱਸਿਆ ਕਿ ਫ਼ੌਜ ਅਧਿਕਾਰੀ ਏ ਐੱਸ ਮਲਿਕ ਅਤੇ ਹੋਰਾਂ ਨੇ ਇਸ ਕੰਮ ਵਿਚ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ। ਸਥਾਨਕ ਕਸ਼ਮੀਰੀ ਨਿਵਾਸੀਆਂ ਨੇ ਨੌਜਵਾਨਾਂ ਦੀ ਇਸ ਬਹਾਦਰੀ ਦੀ ਸ਼ਲਾਘਾ ਕੀਤੀ।

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …