ਬਰੈਂਪਟਨ : ਮਾਊਂਟੇਨ ਐਸ਼ ਸੀਨੀਅਰਜ਼ ਕਲੱਬ ਵੱਲੋਂ 17 ਅਗਸਤ ਨੂੰ ਮਾਊਂਟੇਨ ਐਸ਼ ਰੋਡ ਸਥਿਤ ਗਰੇਵੇਲ ਪਾਰਕ ਵਿਖੇ ਕੈਨੇਡਾ ਡੇਅ ਅਤੇ ਬਹੁ-ਸੱਭਿਆਚਾਰਕ ਪ੍ਰੋਗਰਾਮ ਮਨਾਇਆ ਗਿਆ। ਇਸ ਸਮਾਗਮ ਵਿੱਚ ਮੰਤਰੀ ਕਮਲ ਖਹਿਰਾ, ਮੇਅਰ ਪੈਟਰਿਕ ਬਰਾਊਨ, ਐਮਪੀਜ਼ ਮਨਿੰਦਰ ਸਿੱਧੂ, ਸੋਨੀਆ ਸਿੱਧੂ, ਰੂਬੀ ਸਹੋਤਾ, ਸ਼ਫਕਤ ਅਲੀ, ਐਮਪੀਪੀ ਹਰਦੀਪ ਗਰੇਵਾਲ, ਸਕੂਲ ਟਰੱਸਟੀ ਸਤਪਾਲ ਜੌਹਲ, ਸੈਂਬੀ ਸਾਬ੍ਹ, ਰਜਨੀ ਸ਼ਰਮਾ ਅਤੇ ਹੋਰ ਕਲੱਬਾਂ ਦੇ ਪ੍ਰਧਾਨਾਂ ਨੇ ਸ਼ਿਰਕਤ ਕੀਤੀ। ਗਾਇਕਾ ਰੂਬੀ ਕੌਰ ਨੇ ਖ਼ੂਬਸੂਰਤ ਪੰਜਾਬੀ ਗੀਤ ਗਾਏ ਤੇ ਬੋਲੀਆਂ ਪਾਈਆਂ। ਇਸ ਸਮਾਗਮ ਦਾ ਬਹੁਤ ਸਾਰੇ ਵਿਅਕਤੀਆਂ ਨੇ ਆਨੰਦ ਮਾਣਿਆ। ਹਰ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ, ਮਰਦ ਅਤੇ ਔਰਤਾਂ ਲਈ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਲਈ ਖਾਣ-ਪੀਣ ਦੀਆਂ ਚੀਜ਼ਾਂ, ਕੋਲਡ ਡਰਿੰਕਸ ਅਤੇ ਚਾਹ ਦਾ ਪ੍ਰਬੰਧ ਸੀ। ਕਲੱਬ ਦੇ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਨੇ ਸਮੂਹ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।