ਬਰੈਂਪਟਨ/ਬਾਸੀ ਹਰਚੰਦ : ਬਰੈਂਪਟਨ ਦੀ ਹਰ ਵਸੋਂ ਵਿੱਚ ਮਲਟੀ ਕਲਚਰ ਸੀਨੀਅਰਜ਼ ਦੀਆਂ ਕਲੱਬਾਂ ਬਣੀਆਂ ਹੋਈਆਂ ਹਨ। ਬਰੈਂਪਟਨ ਦੇ ਪੂਰਬ ਵੱਲ ਗੋਰ ਰੋਡ ਨੇੜੇ ਪੈਨਾਹਿਲ ਸੀਨੀਅਰਜ਼ ਕਲੱਬ ਹੈ। ਇਸਦੀ ਆਪਣੀ ਵਿਲੱਖਣਤਾ ਹੈ। ਹਰ ਸਾਲ ਧੂਮ-ਧਾਮ ਨਾਲ ਕਨੇਡਾ ਦਿਵਸ ਅਤੇ ਭਾਰਤ ਦਾ ਅਜ਼ਾਦੀ ਦਿਵਸ ਮਨਾਉਂਦੀ ਹੈ। ਇਸ ਸਾਲ ਕਲੱਬ ਨੇ ਆਪਣਾ ਗਿਆਰਵਾਂ ਕਨੇਡਾ ਦਿਵਸ ਅਤੇ ਫੈਮਿਲੀ ਫਨ ਫੇਅਰ 18 ਅਗੱਸਤ ਨੂੰ ਲਾਅਸਨ ਪਾਰਕ ਵਿਖੇ ਮਨਾਇਆ। ਇਸ ਦਿਨ ਮੌਸਮ ਕੁਝ ਬਰਸਾਤ ਦਾ ਸੀ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਪੁਰਸ਼, ਬੀਬੀਆਂ, ਬੱਚੇ ਅਤੇ ਨੌਜਵਾਨ ਉਤਸ਼ਾਹ ਅਤੇ ਹੁਲਾਸ ਨਾਲ ਸ਼ਾਮਲ ਹੋਏ। ਪ੍ਰਬੰਧਕੀ ਟੀਮ ਨੇ ਟੈਂਟਾਂ, ਮੇਜ ਕੁਰਸੀਆਂ ਦਾ ਲੋੜੀਦਾ ਵਧੀਆ ਪ੍ਰਬੰਧ ਕਰ ਲਿਆ ਸੀ। ਸਾਢੇ ਗਿਆਰਾਂ ਵਜੇ ਮਾਨਯੋਗ ਮਨਿੰਦਰ ਸਿੰਘ ਸਿੱਧੂ ਐਮ ਪੀ, ਪੈਟ ਫਰਟੀਨੀ ਰਿਜਨਲ ਕੌਂਸਲਰ ਬਰੈਂਪਟਨ ਸਿਟੀ ਅਤੇ ਰੌਡ ਪਾਵਰ ਕੌਂਸਲਰ ਬਰੈਂਪਟਨ ਸਿਟੀ, ਸੱਤ ਪਾਲ ਸਿੰਘ ਜੌਹਲ ਵਾਈਸ ਪ੍ਰੈਜ਼ੀਡੈਂਟ ਪੀਲ ਸਕੂਲ ਬੋਰਡ, ਜੰਗੀਰ ਸਿੰਘ ਸੈਂਬੀ ਪ੍ਰਧਾਨ ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਦੁਆਰਾ ਪਬਲਿਕ ਦੀ ਭਰਵੀਂ ਹਾਜਰੀ ਵਿੱਚ ਕਨੇਡਾ ਅਤੇ ਭਾਰਤ ਦਾ ਝੰਡਾ ਲਹਿਰਾਇਆ ਗਿਆ ਅਤੇ ਦੋਹਾਂ ਦੇਸ਼ਾਂ ਦੇ ਕੌਮੀ ਗੀਤ ਗਾਏ ਗਏ। ਇਸ ਸਮੇਂ ਹਰਦੀਪ ਸਿੰਘ ਗਰੇਵਾਲ ਐਮ ਪੀ ਪੀ ਵੀ ਸ਼ਾਮਲ ਹੋ ਗਏ।
ਉਪਰੰਤ ਕੁਲਵੰਤ ਸਿੰਘ ਜੰਜੂਆ ਕਲੱਬ ਦੇ ਜਨਰਲ ਸਕੱਤਰ ਨੇ ਸਟੇਜ ਤੋਂ ਆਏ ਹੋਏ ਮਹਿਮਾਨਾਂ ਅਤੇ ਪਬਲਿਕ ਦਾ ਸੁਅਗਤੀ ਭਾਸ਼ਨ ਦਿਤਾ ਕਲੱਬ ਵੱਲੋਂ ਦਿਲ ਦੀ ਗਹਿਰਾਈ ਤੋਂ ਸੱਭ ਦਾ ਸੁਆਗਤ ਅਤੇ ਧੰਨਵਾਦ ਕੀਤਾ। ਫਿਰ ਉਹਨਾਂ ਸਟੇਜ ਦੀ ਕਾਰਵਾਈ ਚਲਾਉਣ ਲਈ ਮਾਈਕ ਹਰਚੰਦ ਸਿੰਘ ਬਾਸੀ ਦੇ ਹਵਾਲੇ ਕਰ ਦਿਤਾ। ਸਟੇਜ ਸਕੱਤਰ ਨੇ ਪਹਿਲਾਂ ਮਹਿਮਾਨਾਂ ਅਤੇ ਪਬਲਿਕ ਦਾ ਸੁਆਗਤ ਕੀਤਾ ਅਤੇ ਫਿਰ ਕਨੇਡਾ ਅਤੇ ਭਾਰਤ ਦੋਹਾਂ ਦੀ ਸੁੱਖ ਮੰਗਦਾ ਗੀਤ ਗਾਇਆ। ਸਮਾਗਮ ਦੀ ਪ੍ਰਤੀਨਿਧਤਾ ਕਰਨ ਆਏ ਸਾਰੇ ਮਹਿਮਾਨਾਂ ਨੇ ਆਪਣੇ ਭਾਸ਼ਨ ਵਿੱਚ ਪਬਲਿਕ ਦੀਆਂ ਸਮੱਸਿਆਵਾਂ ਕਾਰਾਂ ਚੋਰੀ, ਨਸ਼ਿਆਂ ਦੀ ਅਲਾਮਤ, ਸਟੂਡੈਂਟਾਂ ਦੇ ਮਸਲੇ, ਘਰਾਂ, ਬੇਸਮੈਂਟਾਂ, ਮਹਿੰਗਾਈ ਆਦਿ ਨਾਲ ਆਪਣੇ ਆਪਣੇ ਪੱਧਰ ‘ਤੇ ਮਿਲ ਕੰਮ ਕਰਨ ਦਾ ਪਹਿਲ ਦੇ ਅਧਾਰ ਤੇ ਨਜਿੱਠਣ ਦਾ ਯਕੀਨ ਦੁਆਇਆ। ਮਹਿਮਾਨਾਂ ਦੇ ਨਾਲ ਸਟੇਜ ਤੇ ਕਲੱਬ ਤੋਂ ਅਵਤਾਰ ਸਿੰਘ ਪੁਰੇਵਾਲ ਐਕਟਿੰਗ ਪ੍ਰਧਾਨ, ਪ੍ਰੋ: ਨਿਰਮਲ ਸਿੰਘ ਧਾਰਨੀ, ਅਮਰੀਕ ਸਿੰਘ ਪ੍ਰਧਾਨ ਡੌਨ ਮਿਨਾਕਰ ਕਲੱਬ, ਅਮਰਜੀਤ ਸਿੰਘ ਰੈਡ ਵਿਲੋ ਕਲੱਬ, ਮਾਸਟਰ ਮਹਿੰਦਰ ਸਿੰਘ, ਸੁਖਦੇਵ ਸਿੰਘ ਮੂਕਰ, ਨਿਰਮਲ ਸਿੰਘ ਖੰਘੂੜਾ ਅਤੇ ਜਸਵਿੰਦਰ ਸਿੰਘ ਰੱਖੜਾ ਬਿਰਾਜਮਾਨ ਸਨ। ਬਾਰਸ਼ ਨੇ ਵੀ ਜੋਰ ਫੜ ਲਿਆ ਪਰ ਪਬਲਿਕ ਦਾ ਉਤਸ਼ਾਹ ਨਹੀਂ ਘਟਿਆ।
ਨਾਹਰ ਸਿੰਘ ਔਜਲਾ ਐਂਡ ਪਾਰਟੀ ਨੇ ਜੀਵਨ ਨਾਲ ਜੁੜੀਆਂ ਸਮੱਸਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਬਹੁਤ ਭਾਵਪੂਰਤ ਨਾਟਕ ਖੇਡਿਆ ਜਿਸ ਨੂੰ ਲੋਕਾਂ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ। ਰੁਬੀ ਕੌਰ ਐਂਡ ਪਾਰਟੀ ਨੇ ਗੀਤਾਂ ਦਾ ਰੰਗ ਬੰਨੀ ਰੱਖਿਆ।
ਅਜੈਬ ਸਿੰਘ ਨੇ ਬੀਬੀ ਰੁਬੀ ਨਾਲ ਮਿਲ ਕੇ ਗੀਤ ਗਾਏ। ਬੀਬੀ ਪੂਨਮ ਨੇ ਧੀਆਂ ਸਬੰਧੀ ਭਾਵਕ ਗੀਤ ਗਾਇਆ। ਬੀਬੀਆਂ ਨੇ ਪੈਂਦੇ ਮੀਂਹ ਦੀ ਪਰਵਾਹ ਨਹੀਂ ਕੀਤੀ ਘੰਟਿਆਂ ਤੱਕ ਗਿੱਧਾ ਬੋਲੀਆਂ ਨਾਲ ਮਹੌਲ ਨੂੰ ਉਮਾਹ ਭਰਿਆ ਰੱਖਿਆ ਤੇ ਤੀਆਂ ਦਾ ਤਿਉਹਾਰ ਵੀ ਮਨਾ ਲਿਆ। ਜਾਗੋ ਵਾਲੇ ਗੀਤ ਵੀ ਗਾਏ। ਬੀਬੀ ਸੁਖਵਿੰਦਰ ਕੌਰ ਜੋ ਪਿਛਲੇ ਗਿਆਰਾਂ ਸਾਲ ਤੋਂ ਕਲੱਬ ਨਾਲ ਜੁੜੀ ਹੈ ਬੱਚੀਆਂ ਦਾ ਗਿੱਧਾ ਲੈ ਕੇ ਆਉਂਦੀ ਰਹੀ, ਵਿੰਡਸਰ ਤੋਂ ਆਪਣੀਆਂ ਗਿੱਧੇ ਵਿੱਚ ਟਰੇਂਡ ਕੀਤੀਆਂ ਮੁਟਿਆਰਾਂ ਬੱਚੀਆਂ ਨੂੰ ਸਪੈਸ਼ਲ ਲੈ ਕੇ ਆਈ। ਸ਼ਾਮ ਦੇ ਛੇ ਵਜੇ ਤੱਕ ਪੂਰੀ ਗਹਿਮਾ ਗਹਿਮੀ ਰਹੀ। ਬੀਬੀਆਂ ਆਦਮੀ ਬੱਚੇ ਨੌਜਵਾਨ ਹਿਲ ਕੇ ਨਹੀਂ ਗਏ ਅੰਤ ਨੂੰ ਸਮਾਨ ਸੰਭਾਲਣਾ ਸੀ ਮੁਸ਼ਕਲ ਨਾਲ ਕਮੇਟੀ ਨੇ ਸੰਗਤ ਤੋਂ ਛੁੱਟੀ ਲਈ।
ਇੱਕ ਸਵੈ ਸੰਸਥਾ ਜੀਪ ਲਵਰ ਕਲੱਬ ਨੇ ਮੁਫਤ ਪੱਗਾਂ ਵੰਡੀਆਂ ਅਤੇ ਬੰਨਣਾ ਸਿਖਾਈਆਂ ਅਤੇ ਦੁਧ ਠੰਡੇ ਜਲ ਦੀ ਸ਼ਬੀਲ ਲਾਈ। ਬੀਬੀ ਸਰਬਜੀਤ ਕੌਰ ਨੇ ਸਟੇਜ ਦੀ ਡੈਕੋਰੇਸ਼ਨ ਕਮਾਲ ਦੀ ਕੀਤੀ। ਸੁਖਦੇਵ ਸਿੰਘ ਮਾਨ ਦੀ ਅਗਵਾਈ ਵਿੱਚ ਛਿੰਦਰ ਸਿੰਘ, ਜਗਤਾਰ ਸਿੰਘ ਮੋਰਾਂ ਵਾਲੀ, ਜਸਵੰਤ ਸਿੰਘ ਕੋਕਰੀ ਆਦਿ ਨੇ ਚਾਹ ਮਠਿਆਈ ਭੋਜਨ ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿਤੀ।
ਮਾਸਟਰ ਮਹਿੰਦਰ ਸਿੰਘ ਧੁਗਾ ਦੇ ਬੇਟੇ ਅਮਰਪ੍ਰੀਤ ਸਿੰਘ ਧੁਗਾ ਨੇ ਖੁਲੀ ਡੁੱਲੀ ਮਾਇਕ ਸਹਾਇਤਾ ਦੇ ਕੇ ਫਨ ਸਮਾਗਮ ਨੂੰ ਸਪੌਂਸਰ ਕੀਤਾ। ਬੀ ਟਾਊਨ ਤੋਂ ਬੀ ਬੁਟਰ ਅੱਠ ਬੱਚਿਆ ਲਈ ਗਿਫਟ ਲੈ ਕੇ ਆਏ।
ਅੰਤ ਤੱਕ ਸੰਗਤ ਭੋਜਨ ਛਕਦੀ ਰਹੀ। ਲੰਗਰ ਵਰਤਾਉਣ ਦੀ ਸੇਵਾ ਵਿੱਚ ਬਲਦੇਵ ਕ੍ਰਿਸ਼ਨ, ਸ਼ੰਗਾਰਾ ਸਿੰਘ, ਰਣਜੀਤ ਸਿੰਘ ਜੌਹਲ, ਬਲਜੀਤ ਸਿੰਘ ਆਦਿ ਨੇ ਸ਼ਰਧਾ ਨਾਲ ਸਾਰਾ ਦਿਨ ਸੇਵਾ ਕੀਤੀ । ਅੰਤ ਵਿੱਚ ਪ੍ਰਧਾਨ ਅਵਤਾਰ ਸਿੰਘ ਨੇ ਸਮੁੱਚੀ ਕਮੇਟੀ ਵੱਲੋਂ ਮਾਇਕ ਸਹਾਇਤਾ ਦੇਣ ਵਾਲਿਆਂ ਦਾ ਅਤੇ ਬਾਕੀ ਸ਼ਾਮਲ ਹੋਇਆਂ ਸੱਭ ਸੰਗਤਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਅਗਲੇ ਸਾਲ ਫਿਰ ਮਿਲਣ ਦਾ ਪੈਗਾਮ ਦਿੱਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …