ਟੋਰਾਂਟੋ/ਹਰਜੀਤ ਸਿੰਘ ਬਾਜਵਾ
ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਦੀਆਂ ਸੱਭਿਆਚਾਰਕ ਸਫਾਂ ਵਿੱਚ ਆਪਣਾ ਚੰਗਾ ਨਾਮ ਬਣਾ ਚੁੱਕੇ ਲਾਲੀ ਪ੍ਰੋਡਕਸ਼ਨ ਦੇ ਦਲਜੀਤ ਲਾਲੀ ਅਤੇ ਦੀਪ ਬੈਂਸ ਵੱਲੋਂ ਲਾਲੀ ਪ੍ਰੋਡਕਸ਼ਨ ਦੇ ਬੈਂਨਰ ਹੇਠ ਤਿਆਰ ਹੋਇਆ ਗਾਇਕ ਸੁਖਦੇਵ ਸੁੱਖ ਦਾ ਨਵਾਂ ਗੀਤ ‘ਆਜਾ ਨੱਚ’ ਬਰੈਂਪਟਨ ਵਿਖੇ ਭਰਵੇਂ ਇਕੱਠ ਦੌਰਾਨ ਲੋਕ ਅਰਪਣ ਕੀਤਾ ਗਿਆ ਜਦੋਂ ਕਿ ਸਟੇਜ ਸਕੱਤਰ ਦੀ ਕਾਰਵਾਈ ਨਿਭਾਉਂਦਿਆਂ ਗੀਤਕਾਰ ਦੀਪ ਬੈਂਸ ਵੱਲੋਂ ਸਾਰਿਆਂ ਦੀ ਆਪਸੀ ਜਾਣ ਪਹਿਚਾਣ ਵੀ ਕਰਵਾਈ ਗਈ। ਇਸ ਮੌਕੇ ਹੋਏ ਸੰਗੀਤਕ ਪ੍ਰੋਗਰਾਮ ਨੇ ਆਸੇ-ਪਾਸੇ ਦੀ ਹਵਾ ਵੀ ਸੰਗੀਤ ਮਈ ਕਰ ਦਿੱਤੀ।
ਪਰਿਵਾਰਕ ਗੀਤ ਗਾਉਣ ਲਈ ਵਚਨਬੱਧ ਅਤੇ ਮੰਝੇ ਹੋਏ ਗਾਇਕ ਵੱਜੋਂ ਜਾਣੇ ਜਾਂਦੇ ਸੁਖਦੇਵ ਸੁੱਖ ਦਾ ਇਹ ਸੋਲ੍ਹੋ (ਸਿੰਗਲ ਟਰੈਕ) ਗੀਤ ਰੀਲੀਜ਼ ਹੋਣ ਤੋਂ ਤਰੁੰਤ ਬਾਅਦ ਜਦੋਂ ਹਾਜ਼ਰੀਨ ਵੱਲੋਂ ਸੁਣਿਆ ਗਿਆ ਤਾਂ ਇਸ ਦੇ ਸੰਗੀਤ, ਲਫ਼ਜ਼ਾਂ ਦੀ ਚੋਣ ਅਤੇ ਢੁੱਕਵੀਂ ਆਵਾਜ਼ ਦੀ ਕਾਫੀ ਸ਼ਲਾਘਾ ਹੋਈ। ਇਸ ਮੌਕੇ ਬੋਲਦਿਆਂ ਗਾਇਕ ਸੁਖਦੇਵ ਸੁੱਖ ਨੇ ਆਖਿਆ ਕਿ ਮਾੜਾ ਗਾ ਕੇ ਗੀਤਾਂ ਦੀ ਗਿਣਤੀ-ਮਿਣਤੀ ਵਧਾਉਂਣ ਨਾਲੋਂ ਥੋੜਾ ਪਰ ਚੰਗਾ ਗਾਉਣਾ ਜ਼ਿਆਦਾ ਫਾਇਦੇ ਮੰਦ ਹੈ ਕਿਉਂਕਿ ਕੱਲ੍ਹ ਨੂੰ ਜੇਕਰ ਉਹਨਾਂ ਦੇ ਪਰਿਵਾਰ ਦੀ ਧੀ-ਭੈਣ ਵੀ ਇਸ ਗੀਤ ਨੂੰ ਸੁਣੇਗੀ ਤਾਂ ਕਿਸੇ ਦਾ ਸਿਰ ਨੀਵਾਂ ਨਹੀਂ ਹੋਵੇਗਾ। ਉਹਨਾਂ ਹੋਰ ਆਖਿਆ ਕਿ ਅਸੀਂ ਚੰਗਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕਰਾਂਗੇ ਜੋ ਸਾਫ ਪਾਣੀਆਂ ਵਾਂਗ ਹੋਵੇਗਾ।
ਉਹਨਾਂ ਕਿਹਾ ਕਿ ਮਿੱਠਾ ਸੰਗੀਤ ਫਿਜ਼ਾਵਾਂ ਨੂੰ ਸੰਗੀਤਮਈ ਕਰ ਦਿੰਦਾ ਹੈ ਅਤੇ ਹਿਰਦਿਆਂ ਨੂੰ ਠਾਰ ਵੀ ਦਿੰਦਾ ਹੈ। ਇਸ ਮੌਕੇ ਸੁਖਦੇਵ ਸੁੱਖ, ਹੈਪੀ ਸਿੰਘ, ਮੈਨੀ ਗਰੇਵਾਲ ਆਦਿ ਨੇ ਜਿੱਥੇ ਆਏ ਮਹਿਮਾਨਾਂ ਦਾ ਚੰਗਾ ਮਨੋਰੰਜਨ ਕੀਤਾ ਉੱਥੇ ਹੀ ਨਾਮਵਰ ਕਮੇਡੀਅਨ ਕੁਲਵੰਤ ਸੇਖੋਂ ਵੱਲੋਂ ਵੀ ਗੀਤ ਗਾ ਕੇ ਅਤੇ ਆਪਣੀ ਕਮੇਡੀ ਰਾਹੀਂ ਚੰਗੀ ਹਾਜ਼ਰੀ ਲੁਆਈ।ਇਸ ਮੌਕੇ ਯੂ ਬੀ ਟੀ ਟ੍ਰਾਂਪੋਰਟ ਤੋਂ ਸ੍ਰ. ਨਿਰਪਾਲ ਸਿੰਘ ਹੁੰਜਨ, ਇਕਬਾਲ ਬਰਾੜ, ਗੁਰਪ੍ਰੀਤ ਪਿੰਕਾ, ਤੇਜਵੀਰ ਧੁੱਗਾ, ਹਰਦੀਪ ਸਿੰਘ, ਜਗਸੀਰ ਸਿੰਘ, ਰਾਣਾਂ ਕੂਨਰ, ਮੱਖਣ ਬੈਂਸ, ਹਰਵਿੰਦਰ ਹੈਰੀ ਬੱਗੂ, ਸ਼ਿੰਦਰਪਾਰਲ, ਹੈਰੀ ਨਾਗਰਾ, ਕੁਲਵੰਤ ਸਿੱਧੂ ਆਦਿ ਤੋਂ ਇਲਾਵਾ ਹੋਰ ਵੀ ਕਾਫੀ ਸੱਜਣ ਮੌਜੂਦ ਸਨ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …