ਭਾਰਤ ਵਿਚ ਪਿਛਲੇ ਦਿਨਾਂ ਤੋਂ ਔਰਤਾਂ ਨਾਲ ਹੋ ਰਹੇ ਜਬਰ ਜਨਾਹ ਵਰਗੇ ਘਿਨਾਉਣੇ ਅਪਰਾਧਾਂ ਦੀਆਂ ਜੋ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਹ ਬੇਹੱਦ ਸ਼ਰਮਸਾਰ ਕਰਨ ਵਾਲੀਆਂ ਅਤੇ ਗਲਾਨੀ ਭਰੀਆਂ ਹਨ। ਕੋਲਕਾਤਾ ਵਿਚ 9 ਅਗਸਤ ਨੂੰ ਇਕ ਹਸਪਤਾਲ ਵਿਚ ਇਕ ਸਿੱਖਿਆਰਥੀ ਡਾਕਟਰ ਨਾਲ ਜੋ ਕੁੱਝ ਵਾਪਰਿਆ ਉਹ ਕਥਨ ਤੋਂ ਬਾਹਰ ਹੈ। ਜਿਸ ਬੇਰਹਿਮੀ ਨਾਲ ਉਸ ‘ਤੇ ਜਬਰ ਕੀਤਾ ਗਿਆ ਅਤੇ ਜਿਸ ਢੰਗ ਤਰੀਕੇ ਨਾਲ ਉਸ ਨੂੰ ਮਾਰਿਆ ਗਿਆ, ਉਹ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ। ਇਸ ਘਟਨਾ ਸੰਬੰਧੀ ਦੇਸ਼ ਭਰ ਵਿਚ ਡਾਕਟਰ ਭਾਈਚਾਰੇ ਅਤੇ ਅਨੇਕਾਂ ਅਨੇਕ ਸਮਾਜਿਕ ਸੰਗਠਨਾਂ ਦਾ ਬਹੁਤ ਸਖ਼ਤ ਪ੍ਰਤੀਕਰਮ ਸਾਹਮਣੇ ਆਇਆ ਹੈ, ਜਿਸਨੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।
ਇਸ ਸੰਬੰਧੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਲੋਕਾਂ ਨੇ ਸੜਕਾਂ ‘ਤੇ ਆਪਣਾ ਇਸ ਕਦਰ ਗੁੱਸਾ ਦਿਖਾਇਆ ਕਿ ਆਖਿਰ ਸੂਬੇ ਦੀ ਹਾਈ ਕੋਰਟ ਵਲੋਂ ਇਸ ਦੀ ਜਾਂਚ ਕੇਂਦਰੀ ਏਜੰਸੀ ਸੀ.ਬੀ.ਆਈ. ਨੂੰ ਸੌਂਪਣੀ ਪਈ। ਇਥੇ ਹੀ ਬੱਸ ਨਹੀਂ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਇਸ ਘਟਨਾਕ੍ਰਮ ਦਾ ਨੋਟਿਸ ਲੈਂਦਿਆਂ ਇਸ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਪਰ ਇਸ ਦੇ ਬਾਵਜੂਦ ਦੇਸ਼ ਭਰ ਵਿਚ ਸਖ਼ਤ ਪ੍ਰਤੀਕਰਮ ਜਾਰੀ ਹਨ। ਇਸ ਕੇਸ ਦੇ ਪੂਰੇ ਵਿਸਤਾਰ ਸਾਹਮਣੇ ਲਿਆਉਣ ਅਤੇ ਸੰਬੰਧਿਤ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੰਮਕਾਜੀ ਥਾਵਾਂ ‘ਤੇ ਔਰਤਾਂ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੀ ਵੀ ਮੰਗ ਹੋ ਰਹੀ ਹੈ। ਪਰ ਇਸੇ ਤਰ੍ਹਾਂ ਦੀਆਂ ਅਸ਼ਾਂਤ ਕਰਨ ਵਾਲੀਆਂ ਕੁਝ ਹੋਰ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਬੈਂਗਲੁਰੂ ਵਿਚ ਤੜਕੇ ਐਤਵਾਰ ਵਾਲੇ ਦਿਨ ਇਕ ਅਗਿਆਤ ਮੋਟਰ ਸਵਾਰ ਨੇ ਸ਼ਹਿਰ ਦੇ ਇਕ ਕਾਲਜ ਦੇ ਆਖਰੀ ਸਾਲ ਦੀ ਵਿਦਿਆਰਥਣ ਨਾਲ ਜ਼ਬਰਦਸਤੀ ਕੀਤੀ। ਇਸੇ ਹੀ ਤਰ੍ਹਾਂ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਨਵੀਂ ਦਿੱਲੀ ਤੋਂ ਦੇਹਰਾਦੂਨ ਜਾ ਰਹੀ ਬਸ ਦੇ ਡਰਾਈਵਰ ਸਮੇਤ ਪੰਜ ਕਰਮੀਆਂ ਨੇ ਇਕ ਨਾਬਾਲਿਗ ਲੜਕੀ ਨਾਲ ਸਮੂਹਿਕ ਦੁਰਾਚਾਰ ਕੀਤਾ। ਇਸੇ ਤਰ੍ਹਾਂ ਬਿਮਾਰ ਮਾਨਸਿਕਤਾ ਦੇ ਸਕਿਾਰ ਇਕ ਵਿਅਕਤੀ ਨੇ ਜੋਧਪੁਰ ਵਿਚ ਇਕ ਛੋਟੀ ਬੱਚੀ ਨਾਲ ਅਜਿਹਾ ਹੀ ਕਾਰਾ ਕੀਤਾ। ਅਜਿਹੇ ਘਟਨਾਕ੍ਰਮ ਸੰਬੰਧੀ ਰਾਸ਼ਟਰੀ ਅਪਰਾਧ ਬਿਊਰੋ ਦੇ ਅੰਕੜਿਆਂ ‘ਤੇ ਨਜ਼ਰ ਮਾਰਦਿਆਂ ਦੇਸ਼ ਵਿਚ ਅਜਿਹੇ ਵਧਦੇ ਅਪਰਾਧਾਂ ਦਾ ਪਤਾ ਲਗਦਾ ਹੈ। ਇਕੱਲੇ ਸਾਲ 2022 ਵਿਚ 31,516 ਜਬਰ ਜਨਾਹ ਦੇ ਕੇਸ ਦਰਜ ਕੀਤੇ ਗਏ ਸਨ। ਅਜਿਹੇ ਅਪਰਾਧਾਂ ਵਿਚ ਰਾਜਸਥਾਨ ਦਾ ਸਭ ਤੋਂ ਵਧ ਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਆਦਿ ਰਾਜਾਂ ਦੇ ਹੀ ਨਾਂਅ ਆਉਂਦੇ ਹਨ। ਇਹ ਸਿਰਫ਼ ਦਰਜ ਅੰਕੜਿਆਂ ਦੀ ਗੱਲ ਹੈ, ਜੋ ਦਰਜ ਨਹੀਂ ਹੋਏ ਉਹ ਕੇਸ ਇਨ੍ਹਾਂ ਤੋਂ ਕਿਤੇ ਵਧੇਰੇ ਹੋ ਸਕਦੇ ਹਨ। ਇਨ੍ਹਾਂ ‘ਚੋਂ ਬਹੁਤੇ ਕੇਸਾਂ ਬਾਰੇ ਤਾਂ ਚਰਚਾ ਨਹੀਂ ਹੁੰਦੀ।
ਪਰ ਕੋਲਕਾਤਾ ਵਿਚ ਇਕ ਪੋਸਟ ਗ੍ਰੈਜੂਏਟ ਮੈਡੀਕਲ ਵਿਦਿਆਰਥਣ ਨਾਲ ਕੀਤੇ ਗਏ ਦੁਰਾਚਾਰ ਅਤੇ ਉਸ ਦੀ ਹੱਤਿਆ ਦੀ ਚਰਚਾ ਵੱਡੀ ਪੱਧਰ ‘ਤੇ ਦੇਸ਼ ਅਤੇ ਵਿਦੇਸ਼ ਵਿਚ ਹੋਈ ਹੈ।
ਇਸੇ ਤਰ੍ਹਾਂ ਦਾ ਹੀ ਇਕ ਕੇਸ ਸਾਲ 2012 ਵਿਚ ਦਿੱਲੀ ਵਿਚ ਵਾਪਰਿਆ ਸੀ, ਜੋ ਨਿਰਭੈਆ ਕੇਸ ਦੇ ਨਾਂਅ ਜਾਣਿਆ ਜਾਂਦਾ ਹੈ, ਜਿਸ ਵਿਚ ਆਪਣੇ ਸਾਥੀ ਨਾਲ ਸਫ਼ਰ ਕਰਦੀ ਕਾਲਜ ਦੀ ਇਕ ਵਿਦਿਆਰਥਣ ਨਾਲ ਰਾਤ ਦੇ ਸਮੇਂ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਘਿਨਾਉਣਾ ਅਤੇ ਜ਼ਾਲਮਾਨਾ ਕਰਮ ਕੀਤਾ ਸੀ। ਉਸ ਤੋਂ ਬਾਅਦ ਦੇਸ਼ ਭਰ ਵਿਚ ਇਕ ਤੂਫ਼ਾਨ ਉੱਠ ਖੜ੍ਹਾ ਹੋਇਆ ਸੀ। ਜਿਸ ਪਿਛੋਂ ਜਬਰ ਜਨਾਹ ਦੇ ਕੇਸਾਂ ਸਬੰਧੀ ਕਾਨੂੰਨ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਸੀ। ਪਰ ਇਸ ਦੇ ਬਾਵਜੂਦ ਲਗਾਤਾਰ ਅਜਿਹਾ ਕੁਝ ਵਾਪਰਨਾ ਬੇਹੱਦ ਮੰਦਭਾਗਾ ਕਿਹਾ ਜਾ ਸਕਦਾ ਹੈ।
ਭਾਰਤ ਪੁਰਾਤਨ ਸਮੇਂ ਤੋਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਅਪਣਾਉਣ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਰਿਹਾ ਹੈ। ਪਰ ਲਗਾਤਾਰ ਵੱਡੀ ਪੱਧਰ ‘ਤੇ ਵਾਪਰ ਰਹੇ ਅਜਿਹੇ ਘਿਨਾਉਣੇ ਜੁਰਮ ਇਸ ਦੇ ਮੱਥੇ ‘ਤੇ ਜਿੱਥੇ ਵੱਡਾ ਦਾਗ਼ ਹਨ, ਉੱਥੇ ਇਹ ਇਸ ਦੇ ਸਰੀਰ ਤੇ ਲੱਗ ਰਹੇ ਅਜਿਹੇ ਜ਼ਖ਼ਮ ਵੀ ਹਨ ਜੋ ਲੰਮੇ ਸਮੇਂ ਤਕ ਹਰੇ ਰਹਿਣਗੇ। ਅੱਜ ਸਮੁੱਚੇ ਸਮਾਜ ਲਈ ਚਿੰਤਾ ਅਤੇ ਗੰਭੀਰਤਾ ਨਾਲ ਇਸ ਵਰਤਾਰੇ ਨੂੰ ਮੁੜ ਵਿਚਾਰਨ ਦੀ ਜ਼ਰੂਰਤ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …