Breaking News
Home / ਕੈਨੇਡਾ / ਪੱਤਰਕਾਰ ਗੌਰੀ ਲੰਕੇਸ਼ ਨੂੰ ਮੋਮਬੱਤੀਆਂ ਜਗ੍ਹਾ ਦੇ ਦਿੱਤੀ ਸ਼ਰਧਾਂਜਲੀ

ਪੱਤਰਕਾਰ ਗੌਰੀ ਲੰਕੇਸ਼ ਨੂੰ ਮੋਮਬੱਤੀਆਂ ਜਗ੍ਹਾ ਦੇ ਦਿੱਤੀ ਸ਼ਰਧਾਂਜਲੀ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਭਾਰਤੀ (ਪ੍ਰਸਿੱਧ) ਪੱਤਰਕਾਰ ਗੌਰੀ ਲੰਕੇਸ਼ ਦੇ ਹੋਏ ਦਰਦਨਾਕ ਕਤਲ ‘ਤੇ ਗੁੱਸੇ, ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕਰਨ ਲਈ ਜੀ.ਟੀ.ਏ. ਦੇ (ਪੰਜਾਬੀ ਬਰੋਡਕਾਸਟ), ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆਕਾਰਾਂ ਦਾ ਇਕ ਭਾਰੀ ਇਕੱਠ ‘ਰਾਇਲ ਸਟਾਰ ਰਿਅਲਟੀ’ ਦੇ ਬਰੈਂਪਟਨ ਸਥਿਤ ਦਫ਼ਤਰ ਦੇ ਮੀਟਿੰਗ ਹਾਲ ਵਿਚ ਹੋਇਆ ਜਿਸ ਵਿਚ ਟੋਰਾਂਟੋ, ਮਿਸੀਸਾਗਾ, ਬਰੈਂਪਟਨ ਅਤੇ ਆਸ-ਪਾਸ ਦੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪੰਜਾਬ ਤੋਂ ਆਏ ਉੱਘੇ ਟੀ.ਵੀ. ਪੱਤਰਕਾਰ ਕੰਵਰ ਸੰਧੂ, ਪਿਛਲੇ ਲੰਮੇਂ ਸਮੇਂ ਤੋਂ ਰੇਡੀਓ ਤੇ ਟੀ.ਵੀ. ਨਾਲ ਜੁੜੇ ਪੱਤਰਕਾਰ ਡਾ. ਬਲਵਿੰਦਰ ਸਿੰਘ, ‘ਪੰਜਾਬੀ ਡੇਲੀ’ ਦੇ ਸੰਪਾਦਕ ਸੁਖਮਿੰਦਰ ਸਿੰਘ ਹੰਸਰਾ ਅਤੇ ‘ਵਿਜ਼ਨ’ ਟੀ ਵੀ. ਦੇ ਪ੍ਰੋਗਰਾਮ ‘ਮੁਲਾਕਾਤ’ ਦੇ ਸੰਚਾਲਕ ਚਰਨਜੀਤ ਸਿੰਘ ਬਰਾੜ ਸ਼ਾਮਲ ਸਨ।
ਇਸ ਮੌਕੇ ‘ਰਮਜ਼’ ਰੇਡੀਓ ਦੇ ਸੰਚਾਲਕ ਹਰਜਿੰਦਰ ਸਿੰਘ ਗਿੱਲ ਵੱਲੋਂ ਮੰਚ-ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦਿਆਂ ਹੋਇਆਂ ਹਾਜ਼ਰ ਪੱਤਰਕਾਰਾਂ ਨੂੰ ਵਾਰੋ-ਵਾਰੀ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪੋ ਆਪਣੇ ਸੰਬੋਧਨਾਂ ਵਿਚ ਅਣਪਛਾਤੇ ਕਾਤਲਾਂ ਵੱਲੋਂ ‘ਗੌਰੀ ਲੰਕੇਸ਼ ਪੱਤ੍ਰਿਕਾ’ ਦੀ ਸੰਪਾਦਕ ਗੌਰੀ ਲੰਕੇਸ਼ ਦੇ ਕੀਤੇ ਗਏ ‘ਕੋਲਡ-ਬਲੱਡਿਡ ਮਰਡਰ’ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਉਨ੍ਹਾਂ ਵੱਲੋਂ ਇਸ ਕਤਲ ‘ਤੇ ਭਾਰੀ ਗੁੱਸੇ ਅਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਸੀ ਇਸ ਕਤਲ ਅਤੇ ਇਸ ਤੋਂ ਪਹਿਲਾਂ ਹੋਰ ਕਈ ਪੱਤਰਕਾਰਾਂ ਦੇ ਕਤਲਾਂ ਨਾਲ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦਾ ਘਿਨਾਉਣਾ ਯਤਨ ਕੀਤਾ ਗਿਆ ਹੈ ਪਰ ਅਜਿਹੀਆਂ ਹਰਕਤਾਂ ਨਾਲ ਮੀਡੀਆ ਦੀ ਇਸ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ ਕਿਉਂਕਿ ਮੀਡੀਆ ਦੀ ਆਵਾਜ਼ ਲੋਕਾਂ ਦੀ ਆਵਾਜ਼ ਹੈ ਅਤੇ ਲੋਕ ਹੁਣ ਹੱਕਾਂ ਲਈ ਜਾਗਰੂਕ ਹੋ ਰਹੇ ਹਨ। ਕਈਆਂ ਦਾ ਕਹਿਣਾ ਸੀ ਕਿ ਭਾਰਤ ਵਰਗੇ ਦੇਸ਼ ਵਿਚ ਧਾਰਮਿਕ ਕੱਟੜਤਾ ਲਈ ਕੋਈ ਥਾਂ ਨਹੀਂ ਹੈ ਤੇ ਧਰਮ ਦੇ ਨਾਂ ‘ਤੇ ਫ਼ੈਲਾਈ ਜਾ ਰਹੀ ਹਿੰਸਾ ਬੰਦ ਹੋਣੀ ਚਾਹੀਦੀ ਹੈ ਅਤੇ ਪੱਤਰਕਾਰਾਂ ਨੂੰ ਇਸ ਹਿੰਸਾ ਦਾ ਨਿਸ਼ਾਨਾ ਬਨਾਉਣਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਕਤਲ ਦੇ ਕਾਤਲਾਂ ਦਾ ਪਤਾ ਲਗਾਉਣ ਲਈ ਤੁਰਤ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਅਦਾਲਤ ਵੱਲੋਂ ਉਨ੍ਹਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਜਾ ਸਕਣ। ਕਈਆਂ ਨੇ ਬਹਾਦਰ ਤੇ ਨਿਡਰ ਪੱਤਰਕਾਰ ਗੌਰੀ ਲੰਕੇਸ਼ ਨੂੰ ਭਾਰਤੀ-ਪੱਤਰਕਾਰੀ ਦੇ ਮਿਆਰ ਨੂੰ ਉਚੇਰਾ ਚੁੱਕਣ ਦੀ ਕੋਸ਼ਿਸ਼ ਵਿਚ ਹੋਈ ‘ਸ਼ਹੀਦ’ ਕਰਾਰ ਦਿੱਤਾ ਅਤੇ ਕਿਹਾ ਉਹ ਆਪਣੀ ਪੱਤ੍ਰਿਕਾ ਵਿਚ ਸਮਾਜਿਕ ਤੇ ਰਾਜਨੀਤਕ ਹਾਲਤਾਂ ਦੀ ਸੱਚਾਈ ਬਿਆਨ ਕਰਦੀ ਸੀ। ਪ੍ਰਧਾਨਗੀ-ਮੰਡਲ ਵਿੱਚ ਸ਼ਾਮਲ ਟੀ.ਵੀ.ਪੱਤਰਕਾਰ ਕੰਵਰ ਸੰਧੂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਭਾਰਤ ਤੋਂ 12-13 ਹਜ਼ਾਰ ਕਿਲੋਮੀਟਰ ਦੂਰ ਬੈਠੇ ਪੱਤਰਕਾਰ ਇਕੱਠੇ ਹੋ ਕੇ ਆਪਣੇ ਸਾਥੀ ਪੱਤਰਕਾਰ ਦੇ ਹੋਏ ਕਤਲ ‘ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਗੌਰੀ ਲੰਕੇਸ਼ ਨਾਲ ਸਬੰਧਿਤ ਅਜਿਹੇ ਸ਼ਰਧਾਂਜਲੀ ਸਮਾਗ਼ਮ ਹੋ ਰਹੇ ਹਨ। ਇਹ ਇਕੱਠ ਪੱਤਰਕਾਰ ਬਰਾਦਰੀ ਦੀ ਇੱਕ-ਮੁੱਠਤਾ ਨੂੰ ਦਰਸਾਉਂਦੇ ਹਨ। ਸੁਖਮਿੰਦਰ ਹੰਸਰਾ ਦਾ ਕਹਿਣਾ ਸੀ ਕਿ ਲੰਘੇ ਸਮੇਂ ਵਿਚ ਭਾਰਤ ਵਿਚ ਘੱਟੋ-ਘੱਟ 115 ਪੱਤਰਕਾਰਾਂ ਦੇ ਕਤਲ ਹੋ ਚੁੱਕੇ ਹਨ ਜੋ ਕਿ ਪੱਤਰਕਾਰਾਂ ਅਤੇ ਲੇਖਕਾਂ ਲਈ ਗੰਭੀਰਤਾ ਦਾ ਵਿਸ਼ਾ ਹੈ ਅਤੇ ਇਹ ਲਿਖਣ ਅਤੇ ਬੋਲਣ ਦੀ ਆਜ਼ਾਦੀ ‘ਤੇ ਸਿੱਧਾ ਡਾਕਾ ਹੈ।
ਡਾ. ਬਲਵਿੰਦਰ ਨੇ ਗੌਰੀ ਲੰਕੇਸ਼ ਦੇ ਕਤਲ ਨੂੰ ਭਾਰਤੀ ਸੰਵਿਧਾਨ ਦੇ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਇਸ ਤਰਾ੍ਹਂ ਭਾਰਤੀ ਸ਼ਹਿਰੀਆਂ ਦੇ ਲਿਖਣ ਤੇ ਬੋਲਣ ਦੇ ਅਧਿਕਾਰ ਨੂੰ ਕੁਚਲਿਆ ਗਿਆ ਹੈ। ਚਰਨਜੀਤ ਬਰਾੜ ਵੱਲੋਂ ਇਸ ਸ਼ਰਧਾਂਜ਼ਲੀ ਸਮਾਗ਼ਮ ਵਿਚ ਹੋਣ ਵਾਲੇ ਸਾਰੇ ਪੱਤਰਕਾਰਾਂ, ਅਗਾਂਹ-ਵਧੂ ਜੱਥੇਬੰਦੀਆਂ ਅਤੇ ਵਿਅੱਕਤੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਕੇਵਲ 24 ਘੰਟੇ ਹੀ ਪਹਿਲਾਂ ਦਿੱਤੀ ਗਈ ਸੂਚਨਾ ‘ਤੇ ਹੀ ਏਨੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਹੈ। ਉਨ੍ਹਾਂ ‘ਰਾਇਲ ਸਟਾਰ ਰਿਅਲਟੀ’ ਦੇ ਮਾਲਕ ਪਰਮਿੰਦਰ ਸਿੰਘ ਢਿੱਲੋਂ ਵੱਲੋਂ ਇਸ ਸਮਾਗ਼ਮ ਲਈ ਹਾਲ ਦੀ ਸੁਵਿਧਾ ਪ੍ਰਦਾਨ ਕਰਨ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਸ਼ਰਧਾਂਜਲੀ ਸਮਾਰੋਹ ਦੇ ਬੁਲਾਰਿਆਂ ਵਿਚ ‘ਚੈਨਲ ਪੰਜਾਬੀ ਤੇ ਗਲੋਬਲ ਟੀ.ਵੀ.’ ਤੋਂ ਪ੍ਰੋ. ਜਗੀਰ ਸਿੰਘ ਕਾਹਲੋਂ, ‘ਸਰੋਕਾਰਾਂ ਦੀ ਆਵਾਜ਼’ ਦੇ ਮੁੱਖ-ਸੰਪਾਦਕ ਹਰਬੰਸ ਸਿੰਘ, ‘ਪਰਵਾਸੀ ਮੀਡੀਆ’ ਤੋਂ ਤਲਵਿੰਦਰ ਮੰਡ, ‘ਸਿੱਖ ਸਪੋਕਸਮੈਨ’ ਤੋਂ ਸੁਖਦੇਵ ਸਿੰਘ ਝੰਡ, ‘ਪੰਜ-ਆਬ’ ਟੀ.ਵੀ. ਤੋਂ ਰਵਿੰਦਰ ਸਿੰਘ, ਰੇਡੀਓ ‘ਪੰਜਾਬ ਦੀ ਗੂੰਜ’ ਦੇ ਸੰਚਾਲਕ ਕੁਲਦੀਪ ਦੀਪਕ, ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਕਰਨ ਅਜਾਇਬ ਸਿੰਘ ਸੰਘਾ, ਉੱਘੇ ਸਮਾਜ-ਸੇਵੀ ਪਾਲ ਬਡਵਾਲ, ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਪ੍ਰਧਾਨ ਪਰਮਜੀਤ ਸਿੰਘ ਬੜਿੰਗ ਤੇ ਕਈ ਹੋਰ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …