ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰ ਵੀ ਭਾਗ ਲੈਣਗੇ
ਬਰੈਂਪਟਨ/ਡਾ. ਝੰਡ : ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਸੇਵਾ ਦੇ ਪੁੰਜ’ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਨਿੱਘੀ ਯਾਦ ਵਿਚ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ‘ਸੱਤਵਾਂ ਪੈਦਲ-ਮਾਰਚ’ ਇਸ ਵਾਰ 30 ਜੁਲਾਈ ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪੈਦਲ-ਮਾਰਚ ਭਗਤ ਪੂਰਨ ਸਿੰਘ ਜੀ ਦੇ ‘ਬੇਹਤਰ ਵਾਤਾਵਰਣ ਅਤੇ ਅਰੋਗ ਜੀਵਨ’ ਦੇ ਸੰਕਲਪ ਨੂੰ ਸਮੱਰਪਿਤ ਹੋਵੇਗਾ ਅਤੇ ਪਿਛਲੇ ਕਈ ਸਾਲਾਂ ਵਾਂਗ ਇਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ, ਬਜ਼ੁਰਗਾਂ ਅਤੇ ਨੌਜੁਆਨਾਂ ਦੇ ਭਾਗ ਲੈਣ ਦੀ ਆਸ ਹੈ। ਇਸ ਤੋਂ ਇਲਾਵਾ ਟੋਰਾਂਟੋ ਏਰੀਏ ਵਿਚ ਹੋਣ ਵਾਲੀਆਂ 42 ਕਿਲੋਮੀਟਰ ‘ਫੁੱਲ ਮੈਰਾਥਨ’ ਅਤੇ 21 ਕਿਲੋਮੀਟਰ ‘ਹਾਫ਼ ਮੈਰਾਥਨ’ ਦੌੜਾਂ ਵਿਚ ਆਪਣਾ ਵਧੀਆ ਨਾਂ ਬਣਾ ਚੁੱਕੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਦੇ ਮੈਂਬਰ ਸੰਧੂਰਾ ਸਿੰਘ ਬਰਾੜ, ਧਿਆਨ ਸਿੰਘ ਸੋਹਲ, ਹਰਭਜਨ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ ਬਰਾੜ, ਬਲਕਾਰ ਸਿੰਘ ਖਾਲਸਾ, ਜੈਪਾਲ ਸਿੱਧੂ, ਮਨਜੀਤ ਸਿੰਘ, ਬਲਦੇਵ ਰਹਿਪਾ, ਰਾਕੇਸ਼ ਸ਼ਰਮਾ, ਗੁਰਮੇਜ ਸਿੰਘ ਤੇ ਕਈ ਹੋਰ ਵੀ ਇਸ ਵਿਚ ਹਿੱਸਾ ਲੈਣ ਲਈ ਪਹੁੰਚਣਗੇ। ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਸਵੇਰੇ 10.00 ਵਜੇ ਭੋਗ ਪੈਣ ਉਪਰੰਤ ਇਹ ਪੈਦਲ-ਮਾਰਚ ਠੀਕ 10.30 ਵਜੇ ਇੱਥੋਂ 585 ਪੀਟਰ ਰੌਬਰਟਸਨ ਸਥਿਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਤੋਂ ਸ਼ੁਰੂ ਹੋਵੇਗਾ ਅਤੇ ਡਿਕਸੀ ਰੋਡ ਦੇ ਨਾਲ ਨਾਲ ਚੱਲਦਾ ਹੋਇਆਂ ਔਕਟਿਲੋ ਬੁਲੇਵਾਰਡ ਅਤੇ ਫਰਨਫੌਰੈੱਸਟ ਡਰਾੱਈਵ ਦੇ ਰਸਤੇ ਬੋਵੇਰਡ ਡਰਾਈਵ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਵੇਗਾ। ਪੈਦਲ-ਮਾਰਚ ਵਿਚ ਹਿੱਸਾ ਲੈਣ ਵਾਲਿਆਂ ਲਈ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਏਰੀਏ ਅਤੇ ਰਸਤੇ ਵਿਚ ਜੂਸ, ਚਾਹ, ਪਾਣੀ ਤੇ ਖਾਣ-ਪੀਣ ਦੀਆਂ ਵਸਤਾਂ ਦੇ ਸਟਾਲ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫ਼ੋਨ ਨੰਬਰ 905-799-2682 ‘ਤੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …