Breaking News
Home / ਕੈਨੇਡਾ / ਡਾ. ਰਾਜਵੰਤ ਸਿੰਘ ਚਿਲਾਨਾ ਵੱਲੋਂ ਕੈਨੇਡਾ ਵਿੱਚ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਲੇਖਕਾਂ ਦੀ ਡਾਇਰੈਕਟਰੀ ਬਣਾਉਣ ਦਾ ਵੱਡਾ ਪ੍ਰਾਜੈਕਟ ਸ਼ੁਰੂ

ਡਾ. ਰਾਜਵੰਤ ਸਿੰਘ ਚਿਲਾਨਾ ਵੱਲੋਂ ਕੈਨੇਡਾ ਵਿੱਚ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਲੇਖਕਾਂ ਦੀ ਡਾਇਰੈਕਟਰੀ ਬਣਾਉਣ ਦਾ ਵੱਡਾ ਪ੍ਰਾਜੈਕਟ ਸ਼ੁਰੂ

logo-2-1-300x105-3-300x105ਬਰੈਂਪਟਨ/ਡਾ. ਝੰਡ : ਵੈਨਕੂਵਰ ਵਿੱਚ ਰਹਿ ਰਹੇ ਡਾ. ਰਾਜਵੰਤ ਸਿੰਘ ਚਿਲਾਨਾ ਜਿਨ੍ਹਾਂ ਨੇ ਕਈ ਬਿਬਲਿਓਗ੍ਰਾਫ਼ੀਆਂ ਤਿਆਰ ਕਰਕੇ ਬਿਬਲਿਓਗ੍ਰਾਫ਼ੀ ਦੇ ਖ਼ੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ, ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਵੱਲੋਂ ਹੁਣ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਲੇਖਕਾਂ ਦੀ ਵਿਸਤ੍ਰਿਤ ਡਾਇਰੈਕਟਰੀ ਬਨਾਉਣ ਦਾ ਇੱਕ ਬੜਾ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਡਾਇਰੈਕਟਰੀ ਵਿੱਚ ਉਹ ਇਸ ਸਮੇਂ ਕੈਨੇਡਾ ਵਿੱਚ ਵੱਸ ਰਹੇ ਭਾਰਤੀ ਤੇ ਪਾਕਿਸਤਾਨੀ ਮੂਲ ਦੇ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸਾਹਿਤ ਰਚਣ ਵਾਲੇ ਲੇਖਕਾਂ ਬਾਰੇ ਜਾਣਕਾਰੀ ਸ਼ਾਮਲ ਕਰ ਰਹੇ ਹਨ ਜਿਨ੍ਹਾਂ ਦੀ ਘੱਟੋ-ਘੱਟ ਇੱਕ ਪੁਸਤਕ ਜ਼ਰੂਰ ਛਪੀ ਹੋਵੇ, ਭਾਵੇਂ ਇਹ ਕਿਸੇ ਵੀ ਭਾਸ਼ਾ ਵਿੱਚ ਹੋਵੇ।
ਇੱਥੇ ਇਹ ਜ਼ਿਕਰਯੋਗ ਹੈ ਕਿ 80’ਵਿਆਂ ਤੇ 90ਵਿਆਂ ਦੇ ਸ਼ੁਰੂ ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਬਤੌਰ ਡਿਪਟੀ ਲਾਇਬ੍ਰੇਰੀਅਨ ਰਹਿ ਚੁੱਕੇ ਡਾ. ਰਾਜਵੰਤ ਸਿੰਘ ਚਿਲਾਨਾ ਨੇ 1994 ਵਿੱਚ ਕੈਨੇਡਾ ਵਿੱਚ ਆਵਾਸ ਕਰ ਲਿਆ ਅਤੇ ਇੱਥੇ ਆ ਕੇ ਫਰੇਜ਼ਰ ਵੈਲੀ ਰਿਜਨਲ ਲਾਇਬ੍ਰੇਰੀ ਵਿੱਚ ਮੈਨੇਜਰ ਲੱਗ ਗਏ। ਦਸ ਕੁ ਸਾਲ ਇੱਥੇ ਸੇਵਾ ਕਰਨ ਬਾਅਦ ਉਨ੍ਹਾਂ 2000 ਵਿੱਚ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਵਿੱਚ ਲਾਇਬ੍ਰੇਰੀਅਨ ਦਾ ਅਹੁਦਾ ਸੰਭਾਲਿਆ ਅਤੇ ਫਿਰ 2003 ਵਿੱਚ ਅਮਰੀਕਾ ਦੇ ਸ਼ਹਿਰ ਅਰਬਾਨਾ-ਚੈਂਪੇਨ ਸਥਿਤ ਯੂਨੀਵਰਸਿਟੀ ਆਫ਼ ਇਲੀਨੌਇਸ ਵਿੱਚ ਐਸੋਸੀਏਟ ਪ੍ਰੋਫ਼ੈਸਰ ਆਫ਼ ਲਾਇਬ੍ਰੇਰੀ ਐਡਮਨਿਸਟ੍ਰੇਸ਼ਨ ਐਂਡ ਸਾਊਥ ਏਸ਼ੀਅਨ ਸਟੱਡੀਜ਼ ਲਾਇਬ੍ਰੇਰੀਅਨ ਲੱਗ ਗਏ ਜਿੱਥੇ ਪੰਦਰਾਂ ਸਾਲ ਦੇ ਲੱਗਭੱਗ ਸੇਵਾ ਕਰਨ ਬਾਅਦ ਪਿਛਲੇ ਸਾਲ ਹੀ ਸੇਵਾ-ਮੁਕਤ ਹੋਏ ਹਨ। ਉਹ ਹੁਣ ਵੀ ਪੂਰੇ ਗਤੀਸ਼ੀਲ ਹਨ ਅਤੇ ਕੋਈ ਨਾ ਕੋਈ ਕਰੀਏਟਿਵ ਕੰਮ ਕਰਦੇ ਰਹਿੰਦੇ ਹਨ। ਅੱਜਕੱਲ੍ਹ ਉਹ ਵੈਨਕੂਵਰ ਵਿੱਚ ਇੱਕ ਬਹੁਤ ਵੱਡਾ ਬੁੱਕ-ਸਟੋਰ ਚਲਾ ਰਹੇ ਹਨ ਅਤੇ ਨਾਲ ਦੀ ਨਾਲ ਪਬਲੀਕੇਸ਼ਨ ਦਾ ਕੰਮ ਵੀ ਕਰ ਰਹੇ ਹਨ। ਲੇਖਕਾਂ ਦੀ ਇਹ ਡਾਇਰੈਕਟਰੀ ਬਨਾਉਣ ਦਾ ਇਹ ਵੱਡਾ ਪ੍ਰਜੈਕਟ ਉਨ੍ਹਾਂ ਨੇ ਚਾਰ ਕੁ ਮਹੀਨੇ ਪਹਿਲਾਂ ਸ਼ੁਰੂ ਕੀਤਾ ਅਤੇ ਉਹ ਇਸ ਵਿੱਚ 350 ਤੋਂ ਵਧੀਕ ਲੇਖਕਾਂ ਬਾਰੇ ਜਾਣਕਾਰੀ ਇਸ ਵਿੱਚ ਸ਼ਾਮਲ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਬਹੁਤੀ ਗਿਣਤੀ ਬੀ.ਸੀ., ਕੈਲਗਰੀ ਤੇ ਅਲਬਰਟਾ, ਕਲੋਨਾ ਆਦਿ ਦੇ ਲੇਖਕਾਂ ਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੋਰਾਂਟੋ ਵਾਲੇ ਪਾਸੇ ਦੇ ਲੇਖਕਾਂ ਬਾਰੇ ਉਨ੍ਹਾਂ ਨੂੰ ਇੰਟਰਨੈੱਟ ਤੋਂ ਬਹੁਤ ਘੱਟ ਲੇਖਕਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਉਹ ਇਥੋਂ ਦੇ ਵੱਧ ਤੋਂ ਵੱਧ ਲੇਖਕਾਂ ਨੂੰ ਇਸ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ। ਇਸ ਸਬੰਧੀ ਲੇਖਕ ਉਨ੍ਹਾਂ ਨੂੰ ਉਨ੍ਹਾਂ ਦੇ ਸੈੱਲ ਫ਼ੋਨ 1-604-500-1672 ‘ਤੇ ਜਾਂ ਉਨ੍ਹਾਂ ਦੀ ਈ-ਮੇਲ [email protected] ‘ਤੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਮੇਰੇ ਨਾਲ ਵੀ ਸੈੱਲ ਫੋਨ 647-567-9128 ਜਾਂ ਈ-ਮੇਲ ssjhand121@gmail ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …