-16.7 C
Toronto
Friday, January 30, 2026
spot_img
Homeਪੰਜਾਬਗਿੱਦੜਬਾਹਾ ਜ਼ਿਮਨੀ ਚੋਣ

ਗਿੱਦੜਬਾਹਾ ਜ਼ਿਮਨੀ ਚੋਣ

ਸੁਖਬੀਰ ਬਾਦਲ ਨੇ ਖੁਦ ਸਾਂਭੀ ਹਲਕੇ ਦੀ ਕਮਾਨ
‘ਆਪ’ ਅਤੇ ਕਾਂਗਰਸ ਵੀ ਜ਼ਿਮਨੀ ਚੋਣ ਜਿੱਤਣ ਲਈ ਲਗਾਏਗੀ ਜ਼ੋਰ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼ : ਚੋਣ ਕਮਿਸ਼ਨ ਨੇ ਭਾਵੇਂ ਪੰਜਾਬ ਵਿੱਚ ਜ਼ਿਮਨੀ ਚੋਣ ਨੂੰ ਹਰੀ ਝੰਡੀ ਨਹੀਂ ਦਿੱਤੀ ਪਰ ਗਿੱਦੜਬਾਹਾ ਜ਼ਿਮਨੀ ਚੋਣ ਦਾ ਪਿੜ ਭਖ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਚਨਚੇਤ ਗਿੱਦੜਬਾਹਾ ਹਲਕੇ ਦੇ ਦੋ ਪਿੰਡਾਂ ਵਿੱਚ ਇੱਕ ਦਿਨ ਵਿੱਚ ਦਰਜਨ ਤੋਂ ਵੱਧ ਬੈਠਕਾਂ ਕਰਕੇ ਅਕਾਲੀ ਵਰਕਰਾਂ ਨੂੰ ਜ਼ਿਮਨੀ ਚੋਣ ਲਈ ਸਰਗਰਮ ਹੋਣ ਦਾ ਸੱਦਾ ਦਿੱਤਾ।
ਉਨ੍ਹਾਂ ਵਾਰ-ਵਾਰ ਕਿਹਾ ਕਿ 1995 ‘ਚ ਗਿੱਦੜਬਾਹਾ ਉਪ ਚੋਣ ਜਿੱਤਣ ਤੋਂ ਬਾਅਦ ਹੀ 1997 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਤੇ ਹੁਣ ਵੀ ਸਰਕਾਰ ਬਣਾਉਣ ਦਾ ਮੁੱਢ ਇੱਥੋਂ ਹੀ ਬੱਝੇਗਾ। ਉਨ੍ਹਾਂ ਪਿੰਡ ਖਿੜਕੀਆਂ ਵਾਲਾ ਤੇ ਕਾਉਣੀ ਵਿੱਚ ਬੈਠਕਾਂ ਕੀਤੀਆਂ। ਦੱਸਣਯੋਗ ਹੈ ਕਿ ਇਸ ਹਲਕੇ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਵਜੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਨਾਮ ਦਾ ਚਰਚਾ ਸੀ ਕਿਉਂਕਿ ਉਹ ਪਹਿਲਾਂ ਵੀ ਇਸ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਹਿ ਚੁੱਕੇ ਹਨ ਪਰ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਇਹ ਮੁਹਿੰਮ ਸਾਂਭੀ ਹੋਈ ਹੈ।
ਦੂਜੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਮੁਕਤਸਰ ਵਿੱਚ ਜ਼ਿਲ੍ਹਾ ਭਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਇੱਕ ਮੈਰਿਜ ਪੈਲੇਸ ਵਿਚ ਸੱਦ ਕੇ ਉਨ੍ਹਾਂ ਨੂੰ ਗਿੱਦੜਬਾਹਾ ਜ਼ਿਮਨੀ ਚੋਣ ਲਈ ਸਰਗਰਮ ਹੋਣ ਲਈ ਕਿਹਾ ਗਿਆ।
ਇਸ ਮੌਕੇ ਸਾਬਕਾ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੂੰ ਗਿੱਦੜਬਾਹਾ ਹਲਕੇ ਦਾ ਇੰਚਾਰਜ ਥਾਪਿਆ ਗਿਆ। ਇਸ ਹਲਕੇ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਵਜੋਂ ਨਰਿੰਦਰ ਸਿੰਘ ਕਾਉਣੀ ਦੇ ਚਰਚੇ ਹਨ ਜੋ ਰਾਜਾ ਵੜਿੰਗ ਦੇ ਕਰੀਬੀ ਹਨ। ਸੱਤਾਧਾਰੀ ਧਿਰ ਦੀਆਂ ਸਰਗਰਮੀਆਂ ਇਸ ਤੋਂ ਵੀ ਪਹਿਲਾਂ ਉਦੋਂ ਸ਼ੁਰੂ ਹੋ ਗਈਆਂ ਸਨ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਦੋਦਾ ਵਿਚ ਮਾਲਵਾ ਨਹਿਰ ਦਾ ਐਲਾਨ ਕਰਦਿਆਂ ਇਸ ਨੂੰ ਗਿੱਦੜਬਾਹਾ ਹਲਕੇ ਲਈ ਇੱਕ ਵਰਦਾਨ ਕਰਾਰ ਦਿੱਤਾ ਸੀ।
ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਵਜੋਂ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਬਰਾੜ ਦੇ ਪੁੱਤਰ ਸਾਬਕਾ ਪੁਲਿਸ ਅਧਿਕਾਰੀ ਰਾਜਬਲਵਿੰਦਰ ਸਿੰਘ ਮਰਾੜ ਦਾ ਨਾਂ ਚਰਚਾ ਵਿੱਚ ਹੈ ਜਦਕਿ ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਕਾਉਣੀ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਤੇ ਗਿੱਦੜਬਾਹਾ ਹਲਕਾ ਦੇ ਇੰਚਾਰਜ ਪ੍ਰਿਤਪਾਲ ਸ਼ਰਮਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ।
ਦੱਸਣਯੋਗ ਹੈ ਕਿ ਰਾਜਬਲਵਿੰਦਰ ਸਿੰਘ ਦੇ ਪਿਤਾ ਸੁਖਦਰਸ਼ਨ ਸਿੰਘ ਮਰਾੜ ਨੇ ਆਜ਼ਾਦ ਚੋਣ ਲੜਦਿਆਂ ਤਤਕਾਲੀ ਮੁੱਖ ਮੰਤਰੀ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦਾ ਗਿੱਦੜਬਾਹਾ ਹਲਕੇ ਦੇ ਵੱਡੇ ਪਿੰਡਾਂ ਹਰੀ ਕੇ ਕਲਾਂ ਅਤੇ ਗਿੱਦੜਬਾਹਾ ਮੰਡੀ ਵਿੱਚ ਵੱਡਾ ਜਨ ਆਧਾਰ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਦਾ ਨਾਮ ਵੀ ਚਰਚਾ ਵਿੱਚ ਹੈ। ਇਸੇ ਤਰ੍ਹਾਂ ਕਾਂਗਰਸ, ਅਕਾਲੀ ਅਤੇ ਭਾਜਪਾ ਦੇ ਆਗੂਆਂ ਵੱਲੋ ਵੀ ਆਪੋ ਆਪਣੀਆਂ ਦਾਅਵੇਦਾਰੀਆਂ ਮਜ਼ਬੂਤ ਕਰਨ ਲਈ ਯਤਨ ਜਾਰੀ ਹਨ।

RELATED ARTICLES
POPULAR POSTS