15 C
Toronto
Wednesday, September 17, 2025
spot_img
Homeਪੰਜਾਬਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਧੁਆਈ ਵੇਲੇ ਵਰਤੇ ਜਾਂਦੇ ਸਰੋਵਰ ਦੇ...

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਧੁਆਈ ਵੇਲੇ ਵਰਤੇ ਜਾਂਦੇ ਸਰੋਵਰ ਦੇ ਜਲ ਨੂੰ ਅਜ਼ਾਈਂ ਨਹੀਂ ਜਾਣ ਦਿੱਤਾ ਜਾਵੇਗਾ

ਐਸਜੀਪੀਸੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੱਦਦ ਨਾਲ ਪਲਾਂਟ ਕੀਤਾ ਸਥਾਪਤ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਧੁਆਈ ਵੇਲੇ ਵਰਤੇ ਜਾਂਦੇ ਸਰੋਵਰ ਦੇ ਜਲ ਅਤੇ ਮੀਂਹ ਦੌਰਾਨ ਪਰਿਕਰਮਾ ਵਿੱਚ ਇਕੱਠੇ ਹੁੰਦੇ ਪਾਣੀ ਨੂੰ ਅਜਾਈਂ ਜਾਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਦਦ ਨਾਲ ਰੀਚਾਰਜ ਪਲਾਂਟ ਸਥਾਪਤ ਕੀਤਾ ਗਿਆ ਹੈ, ਜਿਸ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵਾਤਾਵਰਣ ਸਬੰਧੀ ਮਾਮਲੇ ਦੇ ਡਾਇਰੈਕਟਰ ਕੇਐਸ ਪੰਨੂ ਨੇ ਨਿਰੀਖਣ ਕੀਤਾ।
ਨਿਰੀਖਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਰੀਚਾਰਜ ਪਲਾਂਟ ਦਾ ਮੁੱਖ ਮੰਤਵ ਵਾਤਾਵਰਣ ਦੀ ਸਾਂਭ-ਸੰਭਾਲ ਹੈ। ਉਨ੍ਹਾਂ ਆਖਿਆ ਕਿ ਪਵਿੱਤਰ ਸਰੋਵਰ ਦੇ ਜਲ ਨੂੰ ਸੀਵਰੇਜ ਵਿੱਚ ਜਾਣ ਤੋਂ ਰੋਕਣ ਦੇ ਮੰਤਵ ਨਾਲ ਇਹ ਪਲਾਂਟ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੀਂਹ ਦਾ ਇਕੱਠਾ ਹੁੰਦਾ ਪਾਣੀ ਵੀ ਇਸ ਦੇ ਨਾਲ ਹੀ ਸਾਫ਼ ਸਫ਼ਾਈ ਕਰਕੇ ਮੁੜ ਜ਼ਮੀਨ ਵਿੱਚ ਭੇਜਿਆ ਜਾ ਰਿਹਾ ਹੈ। ਇਸ ਨਾਲ ਇਲਾਕੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਖੇਤਰ ਵਿੱਚ 24 ਘੰਟੇ ਬਿਜਲੀ ਰਹਿਣ ਨਾਲ ਜਨਰੇਟਰ ਦੀ ਵਰਤੋਂ ਨਹੀਂ ਹੋਵੇਗੀ ਅਤੇ ਵਾਤਾਵਰਣ ਦੀ ਸਾਂਭ- ਸੰਭਾਲ ਹੋ ਸਕੇਗੀ। ਇਸੇ ਤਰ੍ਹਾਂ ਸੀਐਨਜੀ ਗੈਸ ਦੀ ਸਪਲਾਈ ਵਾਸਤੇ ਪਾਈਪ ਲਾਈਨ ਵਿਛਾਈ ਜਾ ਚੁੱਕੀ ਹੈ। ਇਸ ਦੀ ਵਰਤੋਂ ਬਾਰੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਕੁਝ ਸਮੇਂ ਵਿੱਚ ਕੀਤੇ ਗਏ ਯਤਨਾਂ ਸਦਕਾ ਇਥੇ ਪ੍ਰਦੂਸ਼ਣ ਰੋਕਣ ਵਿੱਚ ਸਫਲ ਸਾਬਤ ਹੋਏ ਹਨ ਅਤੇ ਹੁਣ ਹੋਰ ਯਤਨਾਂ ਰਾਹੀਂ ਵਾਤਾਵਰਣ ਨੂੰ ਸਮੁੱਚੇ ਤੌਰ ‘ਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਪੰਨੂ ਤੇ ਹੋਰਨਾਂ ਨੂੰ ਸਨਮਾਨਿਤ ਵੀ ਕੀਤਾ।

RELATED ARTICLES
POPULAR POSTS