Breaking News
Home / ਪੰਜਾਬ / ਫਰਜ਼ੀ ਮੁਕਾਬਲੇ ‘ਚ ਮਾਰੇ ਗਏ ਹਰਜੀਤ ਦੇ ਕਾਤਲਾਂ ਦੀ ਸਜ਼ਾ ਮੁਆਫ਼ੀ ਰਾਜਨਾਥ ਦੇ ਇਸ਼ਾਰੇ ‘ਤੇ ਹੋਈ

ਫਰਜ਼ੀ ਮੁਕਾਬਲੇ ‘ਚ ਮਾਰੇ ਗਏ ਹਰਜੀਤ ਦੇ ਕਾਤਲਾਂ ਦੀ ਸਜ਼ਾ ਮੁਆਫ਼ੀ ਰਾਜਨਾਥ ਦੇ ਇਸ਼ਾਰੇ ‘ਤੇ ਹੋਈ

ਕਾਤਲਾਂ ਦੀ ਸਜ਼ਾ ਮੁਆਫੀ ਲਈ ਕੈਪਟਨ ਅਤੇ ਬਾਦਲ ਵੀ ਬਰਾਬਰ ਦੇ ਜ਼ਿੰਮੇਵਾਰ : ਸੁਖਪਾਲ ਖਹਿਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਾਇਆ ਕਿ ਸਾਲ 1993 ਵਿੱਚ ਫਰਜ਼ੀ ਮੁਕਾਬਲੇ ਵਿਚ ਪਿੰਡ ਸਹਾਰਨ ਮਾਜਰਾ (ਲੁਧਿਆਣਾ) ਦੇ ਮਾਰੇ ਗਏ ਅੰਮ੍ਰਿਤਧਾਰੀ ਸਿੱਖ ਨੌਜਵਾਨ ਹਰਜੀਤ ਸਿੰਘ ਦੇ ਕਾਤਲਾਂ ਨੂੰ ਕਥਿਤ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਮੌਜੂਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਇਸ਼ਾਰੇ ‘ਤੇ ਮੁਆਫ਼ੀ ਦਿੱਤੀ ਹੈ।ਖਹਿਰਾ ਨੇ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਤੇ ਭੈਣ ਹਰਜੀਤ ਕੌਰ ਸਮੇਤ ਇਥੇ ਪ੍ਰੈਸ ਕਾਨਫਰੰਸ ਕਰਕੇ ਸੂਚਨਾ ਦੇ ਅਧਿਕਾਰ ਐਕਟ (ਆਰਟੀਆਈ) ਤਹਿਤ ਹਾਸਲ ਕੀਤੀ 73 ਦਸਤਾਵੇਜ਼ਾਂ ਦੇ ਆਧਾਰ ‘ਤੇ ਦੋਸ਼ ਲਾਇਆ ਕਿ ਹਰਜੀਤ ਸਿੰਘ ਦਾ 26 ਸਾਲ ਪਹਿਲਾਂ ਫਰਜ਼ੀ ਮੁਕਾਬਲੇ ਵਿਚ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਮੁਆਫੀ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਰਾਬਰ ਦੇ ਜ਼ਿੰਮੇਵਾਰ ਹਨ। ਦੱਸਣਯੋਗ ਹੈ ਕਿ ਹਰਜੀਤ ਸਿੰਘ ਦਾ ਝੂਠੇ ਮੁਕਾਬਲੇ ਵਿੱਚ ਕਤਲ ਕਰਨ ਦੇ ਦੋਸ਼ ਹੇਠ ਉੱਤਰ ਪ੍ਰਦੇਸ਼ ਦੇ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ 4 ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈਦੀ ਵਿਸ਼ੇਸ਼ ਅਦਾਲਤ ਨੇ ਪਹਿਲੀ ਨਵੰਬਰ 2014 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਇਸ਼ਾਰੇ ‘ਤੇ ਹੋਇਆ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਵਾਂਗ ਵਿਚਰ ਰਹੇ ਹਨ। ਇਸ ਲਈ ਉਨ੍ਹਾਂ ਵੱਲੋਂ ਰਾਜਨਾਥ ਸਿੰਘ ਦੇ ਇਸ਼ਾਰੇ ‘ਤੇ ਮੁਆਫੀ ਦੇਣੀ ਕੋਈ ਵੱਡੀ ਗੱਲ ਨਹੀਂ ਹੈ। ਖਹਿਰਾ ਨੇ ਫਾਈਲਾਂ ਦੀਆਂ ਨੋਟਿੰਗਜ਼ ਦਿਖਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਰੇਸ਼ ਅਰੋੜਾ ਨੇ ਵੀ ਇਸ ਮਾਮਲੇ ਦੀਆਂ ਫਾਈਲਾਂ ਵਿਚ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਚਾਰੇ ਪੇਸ਼ ਕਰਕੇ ਮੁਆਫੀ ਦਿਵਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦੋਸ਼ ਲਾਇਆ ਕੇ ਰਾਜਪਾਲ, ਪੰਜਾਬ ਦੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਪੁਲਿਸ ਮੁਖੀ ਨੇ ਇਕ ਅੰਮ੍ਰਿਤਧਾਰੀ ਨੌਜਵਾਨ ਨੂੰ ਪੁਰਸਕਾਰ ਹਾਸਲ ਕਰਨ ਲਈ ਝੂਠੇ ਮੁਕਾਬਲੇ ਵਿਚ ਕਤਲ ਕਰਨ ਵਾਲਿਆਂ ਦੀ ਉਮਰ ਕੈਦ ਦੀ ਸਜ਼ਾ ਮੁਆਫ਼ ਕਰਨ ਲਈ ਨਿਭਾਈਆਂ ਇਨਸਾਨੀਅਤ ਵਿਰੋਧੀ ਭੂਮਿਕਾਵਾਂ ਨੇ ਸਰਕਾਰੀਤੰਤਰ ਵਿਚ ਪਨਪੇ ਪਾਪਾਂ ਨੂੰ ਬੇਨਕਾਬ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਸੁਪਰੀਮ ਕੋਰਟ ਤਕ ਲੈ ਕੇ ਜਾਣਗੇ ਅਤੇ ਇਸ ਲਈ ਮਨੁੱਖੀ ਅਧਿਕਾਰਾਂ ਦੇ ਵਕੀਲ ਆਰਐੱਸ ਬੈਂਸ ਨਾਲ ਮਸ਼ਵਰਾ ਕਰ ਲਿਆ ਗਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਹਰਜੀਤ ਸਿੰਘ ਦੇ ਯੂਪੀ ਦੇ ਇਕ ਕਾਤਲ ਪੁਲਿਸ ਮੁਲਾਜ਼ਮ ਦੀ ਪਤਨੀ ਮਿਥਲੇਸ਼ ਸਿੰਘ ਨੇ 2 ਨਵੰਬਰ 2016 ਨੂੰ ਪੰਜਾਬ ਦੇ ਰਾਜਪਾਲ ਤੇ ਗ੍ਰਹਿ ਵਿਭਾਗ ਨੂੰ ਸਜ਼ਾ ਮੁਆਫ਼ ਕਰਨ ਲਈ ਅਰਜ਼ੀ ਦਿੱਤੀ ਸੀ। ਬਾਦਲਾਂ ਦੇ ਰਾਜ ਦੌਰਾਨ 2 ਨਵੰਬਰ 2016 ਤੋਂ 8 ਮਾਰਚ 2017 ਦੌਰਾਨ ਮੁਆਫੀ ਦੀ ਅਰਜ਼ੀ ਉਪਰ ਕਾਰਵਾਈ ਚਲਾਈ ਸੀ ਅਤੇ ਕੈਪਟਨ ਸਰਕਾਰ ਨੇ ਇਸ ਨੂੰ ਸਿਰੇ ਚੜ੍ਹਾਉਂਦੇ ਹੋਏ ਰਾਜਪਾਲ ਰਾਹੀਂ ਸਜ਼ਾ ਮੁਆਫ਼ ਕਰਵਾਈ ਹੈ। ਇਸ ਦੌਰਾਨ ਹੀ 15 ਫਰਵਰੀ 2017 ਨੂੰ ਸਾਬਕਾ ਡੀਜੀਪੀ ਅਰੋੜਾ ਨੇ ਸਿਫਰਾਸ਼ ਕੀਤੀ ਸੀ ਕਿ ਮੁਲਜ਼ਮਾਂ ਦੇ ਪਰਿਵਾਰ ਮਾਨਸਿਕ ਅਤੇ ਵਿੱਤੀ ਤੌਰ ‘ਤੇ ਪ੍ਰੇਸ਼ਾਨ ਹਨ ਅਤੇ ਪੁਲਿਸ ਮੁਲਾਜ਼ਮਾਂ ਨੇ ਇਹ ਕਤਲ ਕਿਸੇ ਨਿੱਜੀ ਜਾਂ ਭ੍ਰਿਸ਼ਟ ਸੋਚ ਤਹਿਤ ਨਹੀਂ ਕੀਤਾ ਸੀ। ਖਹਿਰਾ ਨੇ ਦੱਸਿਆ ਕਿ ਜੱਜ ਨੇ ਉਮਰ ਕੈਦ ਦੀ ਸਜ਼ਾ ਸੁਣਾਉਣ ਵੇਲੇ ਇੰਕਸ਼ਾਫ਼ ਕੀਤਾ ਸੀ ਕਿ ਪੁਲਿਸ ਮੁਲਾਜ਼ਮਾਂ ਨੇ ਹਰਜੀਤ ਸਿੰਘ ਦਾ ਝੂਠੇ ਮੁਕਾਬਲੇ ਵਿੱਚ ਕਤਲ ਖੁਦ ਪੁਰਸਕਾਰ ਤੇ ਇਨਾਮ ਹਥਿਆਉਣ ਲਈ ਕੀਤਾ ਸੀ ਜਦਕਿ ਇਸ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ ਤੇ ਡੀਜੀਪੀ ਨੇ ਮੁਲਜ਼ਮਾਂ ਨੂੰ ਵਿਚਾਰੇ ਦੱਸ ਕੇ ਸਜ਼ਾ ਮੁਆਫ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਲਈ ਉਚ ਅਹੁੱਦਿਆਂ ਉਪਰ ਬੈਠੇ ਹਾਕਮਾਂ ਨੇ ਪੀੜਤਾਂ ‘ਤੇ ਭੋਰਾ ਵੀ ਤਰਸ ਨਹੀਂ ਕੀਤਾ।

Check Also

ਐਸਜੀਪੀਸੀ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਕੀਤੀਆਂ ਸਮਾਪਤ

ਗਿਆਨੀ ਜਗਤਾਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ …