ਪੁਣਛ ਹਮਲੇ ’ਚ ਜ਼ਖ਼ਮੀ ਪਿਓ-ਪੁੱਤ ਇਲਾਜ ਲਈ ਅੰਮਿ੍ਰਤਸਰ ਪੁੱਜੇ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਸੰਗਤੀ ਰੂਪ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਦੱਖਣ ਏਸ਼ੀਆ ਵਿਚਕਾਰ ਤਣਾਅਪੂਰਨ ਮਾਹੌਲ ਨਾ ਬਣੇ, ਜੰਗ ਨਾ ਲੱਗੇ, ਸਰਬੱਤ ਦਾ ਭਲਾ ਹੋਵੇ, ਸੁੱਖ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਅਰਦਾਸ ਕੀਤੀ ਤੇ ਸਰਬੱਤ ਦਾ ਭਲਾ ਮੰਗਿਆ। ਇਸਦੇ ਚੱਲਦਿਆਂ ਪਾਕਿਸਤਾਨ ਵੱਲੋਂ ਜੰਮੂ ਦੇ ਪੁਣਛ ਇਲਾਕੇ ਵਿੱਚ ਕੀਤੇ ਗਏ ਹਮਲੇ ਦੌਰਾਨ ਜ਼ਖ਼ਮੀ ਹੋਏ ਸਿੱਖ ਪਿਓ-ਪੁੱਤ ਨੂੰ ਇਲਾਜ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੈ ਕੇ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ ਵਿੱਚ ਪੁੱਜੇ ਹਨ। ਇਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਮੈਨੇਜਰ ਰਜਿੰਦਰ ਸਿੰਘ ਰੂਬੀ ਨੇ ਸਵੇਰੇ ਸਿਹਤ ਸਬੰਧੀ ਹਾਲ ਚਾਲ ਪੁੱਛਿਆ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਜ਼ਖਮੀ ਪਿਓ-ਪੁੱਤ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।