Breaking News
Home / ਪੰਜਾਬ / ਡੇਰਾ ਸਿਰਸਾ ਉਤੇ ਮਿਹਰਬਾਨ ਹੋਣ ਲੱਗੀ ਮੋਦੀ ਸਰਕਾਰ

ਡੇਰਾ ਸਿਰਸਾ ਉਤੇ ਮਿਹਰਬਾਨ ਹੋਣ ਲੱਗੀ ਮੋਦੀ ਸਰਕਾਰ

ਕੇਂਦਰ ਸਰਕਾਰ ਚੋਣ ਲਾਹੇ ਲਈ ਡੇਰਾ ਸਿਰਸਾ ਨਾਲ ਮੁੜ ਸਿਆਸੀ ਤਾਲਮੇਲ ਵਧਾਉਣ ਲੱਗੀ
ਬਠਿੰਡਾ/ਬਿਊਰੋ ਨਿਊਜ਼ : ਕੇਂਦਰ ਦੀ ਭਾਜਪਾ ਸਰਕਾਰ ਆਗਾਮੀ ਚੋਣਾਂ ਕਾਰਨ ਡੇਰਾ ਸਿਰਸਾ ‘ਤੇ ਮਿਹਰ ਦੀ ਨਜ਼ਰ ਰੱਖਣ ਲੱਗੀ ਹੈ। ਸੀਬੀਆਈ ਦਾ ਬੇਅਦਬੀ ਮਾਮਲੇ ਵਿਚ ਡੇਰਾ ਪੈਰੋਕਾਰਾਂ ਪ੍ਰਤੀ ਨਰਮ ਗੋਸ਼ਾ ਸਿਆਸੀ ਇਸ਼ਾਰੇ ਦੀ ਸ਼ਾਹਦੀ ਭਰਦਾ ਹੈ। ਬੇਅਦਬੀ ਮਾਮਲੇ ਵਿਚ ਡੇਰੇ ਦੇ ਤਿੰਨ ਪੈਰੋਕਾਰਾਂ ਦੀ ਜ਼ਮਾਨਤ ਹੋ ਜਾਣ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਚੋਣਾਂ ਦੇ ਮੱਦੇਨਜ਼ਰ ਡੇਰਾ ਸਿਰਸਾ ‘ਤੇ ਨਰਮ ਪੈ ਗਈ ਹੈ। ਡੇਰਾ ਮੁਖੀ ਦੇ ਜੇਲ੍ਹ ਜਾਣ ਦਾ ਡੇਰਾ ਪੈਰੋਕਾਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਵੱਡਾ ਰੋਸਾ ਹੈ। ਮੋਦੀ ਸਰਕਾਰ ਵੱਲੋਂ ਹੁਣ ਰੁਖ਼ ਵਿਚ ਕੀਤੀ ਤਬਦੀਲੀ ਦੇ ਚੋਗੇ ਨੂੰ ਡੇਰਾ ਕਿੰਨਾ ਕੁ ਚੁਗੇਗਾ ਇਹ ‘ਮਿਸ਼ਨ 2019’ ਵਿਚ ਹੀ ਸਾਫ਼ ਹੋਵੇਗਾ। ਵੇਰਵਿਆਂ ਅਨੁਸਾਰ ਰਾਜਸਥਾਨ ਦੇ ਦਰਜਨਾਂ ਅਸੈਂਬਲੀ ਹਲਕਿਆਂ ਵਿਚ ਡੇਰਾ ਪੈਰੋਕਾਰ ਰਹਿੰਦੇ ਹਨ ਤੇ ਉਥੋਂ ਦੀਆਂ ਅਸੈਂਬਲੀ ਚੋਣਾਂ ਸਿਰ ‘ਤੇ ਹਨ। ਸੂਤਰ ਦੱਸਦੇ ਹਨ ਕਿ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਵੀ ਪਾਰਟੀ ਹਾਈ ਕਮਾਨ ਨੂੰ ਡੇਰੇ ਦੇ ਸਿਆਸੀ ਵਜ਼ਨ ਤੋਂ ਜਾਣੂ ਕਰਾਇਆ ਹੈ। ਇਸ ਵੇਲੇ ਜਦੋਂ ਪੰਜਾਬ ਵਿਚ ਬੇਅਦਬੀ ਮਾਮਲਾ ਪੂਰਾ ਭਖਿਆ ਹੋਇਆ ਹੈ, ਠੀਕ ਉਦੋਂ ਕੇਂਦਰ ਸਰਕਾਰ ਚੋਣ ਲਾਹੇ ਲਈ ਡੇਰਾ ਸਿਰਸਾ ਨਾਲ ਮੁੜ ਸਿਆਸੀ ਤਾਲਮੇਲ ਬਿਠਾ ਰਹੀ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤਰਫ਼ੋਂ ਬੇਅਦਬੀ ਮਾਮਲੇ ਦੀ ‘ਗੁਪਤ ਰਿਪੋਰਟ’ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। ਸਿੱਟ ਨੇ 11 ਜੂਨ ਨੂੰ ਫੜੇ 10 ਡੇਰਾ ਪੈਰੋਕਾਰਾਂ ਨੂੰ ਮੋਗਾ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ। ਸੀਬੀਆਈ ਨੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਇਨ੍ਹਾਂ ਡੇਰਾ ਪੈਰੋਕਾਰਾਂ ਵਿਚੋਂ ਮੋਹਰੀ ਹਰਮਿੰਦਰ ਬਿੱਟੂ, ਸੁਖਜਿੰਦਰ ਸੰਨ੍ਹੀ ਅਤੇ ਸ਼ਕਤੀ ਸਿੰਘ ਦੀ 6 ਜੁਲਾਈ ਨੂੰ ਗ੍ਰਿਫ਼ਤਾਰੀ ਪਾਈ ਅਤੇ ਪੁੱਛਗਿੱਛ ਕੀਤੀ। ਹੁਣ ਇਹ ਨਾਭਾ ਜੇਲ੍ਹ ਵਿਚ ਬੰਦ ਹਨ। ਤਫ਼ਤੀਸ਼ੀ ਮਾਹਿਰਾਂ ਨੇ ਦੱਸਿਆ ਕਿ ਸੀਬੀਆਈ ਨੇ ਇਨ੍ਹਾਂ ਦਾ 6 ਸਤੰਬਰ ਤੱਕ ਅਦਾਲਤ ਵਿਚ ਚਲਾਨ ਪੇਸ਼ ਕਰਨਾ ਸੀ, ਜੋ ਸਮੇਂ ਸਿਰ ਨਾ ਕੀਤੇ ਜਾਣ ਕਾਰਨ ਅਦਾਲਤ ਨੇ ਉਨ੍ਹਾਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਲਈਆਂ। ਪੰਜਾਬ ਦੀ ਸਿੱਟ ਦੇ ਅਧਿਕਾਰੀ ਇਸ ਤੋਂ ਹੈਰਾਨ ਹਨ ਅਤੇ ਕੈਪਟਨ ਸਰਕਾਰ ਨੂੰ ਵੀ ਇਹ ਵੱਡਾ ਝਟਕਾ ਹੈ। ਮਾਹਿਰਾਂ ਮੁਤਾਬਕ ਜੇ ਸੀਬੀਆਈ ਦੀ ਤਫ਼ਤੀਸ਼ ਅਧੂਰੀ ਸੀ ਤਾਂ ਵੀ ਚਲਾਨ ਪੇਸ਼ ਕੀਤਾ ਜਾਣਾ ਚਾਹੀਦਾ ਸੀ ਤੇ ਮਗਰੋਂ ਸਪਲੀਮੈਂਟਰੀ ਚਲਾਨ ਦਿੱਤਾ ਜਾ ਸਕਦਾ ਸੀ। ਸੂਤਰਾਂ ਮੁਤਾਬਕ ਸਿੱਟ ਤਰਫ਼ੋਂ ਸੀਬੀਆਈ ਨੂੰ ‘ਗੁਪਤ ਜਾਂਚ ਰਿਪੋਰਟ’ ਦੇਣ ਸਮੇਂ ਦੱਸਿਆ ਗਿਆ ਸੀ ਕਿ ਇਸ ਮਾਮਲੇ ‘ਚ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕਰਨਾ ਬਣਦਾ ਹੈ ਪਰ ਸੀਬੀਆਈ ਅਜਿਹਾ ਨਹੀਂ ਕੀਤਾ। ਇੰਨਾ ਹੀ ਨਹੀਂ ਸੀਬੀਆਈ ਨੇ ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਨੂੰ ਵੀ ਪੁੱਛਗਿੱਛ ਵਿਚ ਸ਼ਾਮਿਲ ਹੀ ਨਹੀਂ ਕੀਤਾ, ਜਿਸ ਦੀਆਂ ਹਦਾਇਤਾਂ ‘ਤੇ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ ਗਿਆ। ਰਾਕੇਸ਼ ਪੰਚਕੂਲਾ ਹਿੰਸਾ ਮਾਮਲੇ ਵਿਚ ਅੰਬਾਲਾ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਜਾ ਸਕਦਾ ਸੀ।
ਸਿੱਟ ਦੀ ਜਾਂਚ ਤੋਂ ਪਹਿਲਾਂ ਵੀ ਸੀਬੀਆਈ ਨੇ ਪੌਣੇ ਤਿੰਨ ਵਰ੍ਹੇ ਜਾਂਚ ਢਿੱਲੀ ਹੀ ਰੱਖੀ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਸੀਬੀਆਈ ਨੇ ਬੇਅਦਬੀ ਮਾਮਲੇ ਦੀ ਜਾਂਚ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ। ਸੀਬੀਆਈ ਨੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਬਾਕੀ ਸੱਤ ਡੇਰਾ ਪੈਰੋਕਾਰਾਂ ਨੂੰ ਵੀ ਬੇਅਦਬੀ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤਾ, ਜਿਨ੍ਹਾਂ ਨੂੰ ਸਿੱਟ ਨੇ ਬਰਾਬਰ ਦੋਸ਼ੀ ਮੰਨਿਆ ਸੀ। ਸੀਬੀਆਈ ਨੇ ਇਨ੍ਹਾਂ ਤੋਂ ਰਸਮੀ ਪੁੱਛਗਿੱਛ ਕਰਕੇ ਪੱਲਾ ਝਾੜ ਲਿਆ।
ਸਿੱਟ ਨੇ 10 ਡੇਰਾ ਪੈਰੋਕਾਰਾਂ ਨੂੰ ਮੋਗਾ ਦੇ ਜਿਸ ਪੁਰਾਣੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ, ਉਸ ਵਿਚ ਮੋਗਾ ਅਦਾਲਤ ਵਿਚੋਂ ਕੁੱਝ ਪੈਰੋਕਾਰਾਂ ਦੀਆਂ ਜ਼ਮਾਨਤ ਦੀਆਂ ਦਰਖਾਸਤਾਂ ਰੱਦ ਹੋ ਚੁੱਕੀਆਂ ਹਨ। ਜਿਨ੍ਹਾਂ ਤਿੰਨ ਪ੍ਰੇਮੀਆਂ ਦੀ ਸੀਬੀਆਈ ਦੀ ਢਿੱਲ-ਮੱਠ ਕਾਰਨ ਜ਼ਮਾਨਤ ਹੋਈ, ਉਨ੍ਹਾਂ ਨੂੰ ਵੀ ਪੁਰਾਣੇ ਕੇਸ ਕਾਰਨ ਹਾਲੇ ਜੇਲ੍ਹ ਵਿਚ ਰਹਿਣਾ ਪਵੇਗਾ।
ਸਿੱਧੂ ਦੀ ਡੇਰਾ ਸਿਰਸਾ ਮੁਖੀ ਦੇ ਸਾਹਮਣੇ ਸਿਰ ਝੁਕਾਉਂਦੇ ਦੀ ਫੋਟੇ ਵਾਇਰਲ
ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਦੀ ਵਾਇਰਲ ਹੋਈ ਫੋਟੇ ‘ਤੇ ਸਵਾਲ ਉਠਾਏ ਹਨ। ਇਸ ਫੋਟੇ ਵਿਚ ਸਿੱਧੂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਾਹਮਣੇ ਸਿਰ ਝੁਕਾਈ ਖੜ੍ਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਿੱਧੂ ਇਸ ਵਾਇਰਲ ਹੋਈ ਫੋਟੇ ਸਬੰਧੀ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰਨ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਫੋਟੇ ਨੇ ਸਿੱਧੂ ਦੀ ਕਥਨੀ ਅਤੇ ਕਰਨੀ ਨੂੰ ਸਾਫ ਕਰ ਦਿੱਤਾ ਹੈ।
ਕੇਂਦਰ ਸਰਕਾਰ ਦੀ ਭੂਮਿਕਾ ਸ਼ੱਕੀ: ਸੁਨੀਲ ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਆਪਣਾ ਰਸੂਖ਼ ਵਰਤ ਕੇ ਚਾਲਾਂ ਚੱਲ ਰਿਹਾ ਹੈ। ਕੇਂਦਰ ਦੀ ਬੇਅਦਬੀ ਮਾਮਲਿਆਂ ਵਿਚ ਭੂਮਿਕਾ ਨੇ ਲੋਕਾਂ ਦੇ ਖਦਸ਼ੇ ਸੱਚ ਕਰ ਦਿੱਤੇ ਹਨ ਪਰ ਕਾਂਗਰਸ ਸਰਕਾਰ ਬੇਅਦਬੀ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ੇਗੀ ਨਹੀਂ ਅਤੇ ਲੋਕਾਂ ਨਾਲ ਨਿਆਂ ਕੀਤਾ ਜਾਵੇਗਾ।

Check Also

ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਹਰਿਆਣਾ ਪੁਲਿਸ ’ਤੇ ਚੁੱਕੇ ਸਵਾਲ

ਕਿਹਾ : ਅੰਬਾਲਾ ’ਚ ਧਾਰਾ 163 ਲੱਗੀ ਹੋਣ ਦੇ ਬਾਵਜੂਦ ਸਤਿੰਦਰ ਸਤਰਾਜ ਦਾ ਪ੍ਰੋਗਰਾਮ ਕਿਵੇਂ …