ਦੋਹਰੇ ਮਾਪਦੰਡ ਵਰਤ ਰਹੀ ਹੈ ‘ਆਪ’ ਸਰਕਾਰ: ਡਾ. ਦਰਸ਼ਨਪਾਲ
ਪਟਿਆਲਾ : ਪਾਵਰਕੌਮ ਵੱਲੋਂ ਚਿੱਪ ਵਾਲੇ ਮੀਟਰ ਲਾਉਣ ਦੀ ਤਰਵੀਜ਼ ਸਬੰਧੀ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ।
ਭਾਵੇਂ ਸੂਬਾ ਸਰਕਾਰ ਤਿੰਨ ਸੌ ਯੂਨਿਟ ਬਿਜਲੀ ਮੁਫਤ ਦੇਣ ਦੀ ਵਚਨਬੱਧਤਾ ‘ਤੇ ਦੁਹਰਾ ਰਹੀ ਹੈ, ਪਰ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਲੋਕ ਰੋਹ ਲਗਾਤਾਰ ਵੱਧ ਰਿਹਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਨੇ ਪਟਿਆਲਾ ਵਿਚ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਚਿੱਪ ਵਾਲੇ ਮੀਟਰ ਲਾਉਣ ਦਾ ਫੈਸਲਾ ਰੱਦ ਨਾ ਕੀਤਾ ਤਾਂ ਹਾੜ੍ਹੀ ਦੇ ਸੀਜ਼ਨ ਮਗਰੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਚੰਡੀਗੜ੍ਹ ‘ਚ ਧਰਨਾ ਆਰੰਭਿਆ ਜਾਵੇਗਾ। ਉਹ ਇੱਥੇ ਯੂਨੀਅਨ ਦੀ ਪਟਿਆਲਾ ‘ਚ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਸਬੰਧਤ ਹੋਰਨਾਂ ਕਿਸਾਨੀ ਮਸਲਿਆਂ ਦੇ ਹੱਲ ਸਮੇਤ ਚਿੱਪ ਵਾਲੇ ਮੀਟਰ ਲਾਉਣ ਦਾ ਤਜਵੀਜਤ ਫੈਸਲਾ ਵਾਪਸ ਕਰਵਾਉਣ ਲਈ ਵੀ ਮੋਰਚੇ ਵੱਲੋਂ ਮੰਗ ਪੱਤਰ ਭੇਜਿਆ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਿੰਨ ਸੌ ਯੂਨਿਟ ਮੁਆਫ ਕਰਨ ਤੇ ਸਸਤੀ ਬਿਜਲੀ ਦੇਣ ਦੇ ਐਲਾਨ ਕਰ ਰਹੀ ਹੈ। ਦੂਜੇ ਪਾਸੇ ਚਿੱਪ ਵਾਲੇ ਮੀਟਰ ਲਾ ਕੇ ਗਰੀਬਾਂ ਨੂੰ ਬਿਜਲੀ ਤੋਂ ਵਾਂਝਾ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬਿਜਲੀ ਦੇ ਨਿੱਜੀਕਰਨ ਲਈ ਮੀਟਰਾਂ ਵਿੱਚ ਚਿੱਪ ਪਾ ਕੇ ‘ਪਹਿਲਾਂ ਪੈਸੇ, ਫਿਰ ਬਿਜਲੀ’, ਉਹ ਵੀ ਮਹਿੰਗੇ ਮੁੱਲ ਦੇਣ ਦੀ ਨੀਤੀ ਘੜ੍ਹੀ ਗਈ ਹੈ।