Breaking News
Home / ਪੰਜਾਬ / ਮਨਪ੍ਰੀਤ ਬਾਦਲ ਨੇ ਪੰਜਾਬ ਦਾ 11,687 ਕਰੋੜ ਰੁਪਏ ਦੇ ਘਾਟੇ ਵਾਲਾ ਟੈਕਸ ਰਹਿਤ ਬਜਟ ਕੀਤਾ ਪੇਸ਼

ਮਨਪ੍ਰੀਤ ਬਾਦਲ ਨੇ ਪੰਜਾਬ ਦਾ 11,687 ਕਰੋੜ ਰੁਪਏ ਦੇ ਘਾਟੇ ਵਾਲਾ ਟੈਕਸ ਰਹਿਤ ਬਜਟ ਕੀਤਾ ਪੇਸ਼

ਪੰਜਾਬ ‘ਚ ਪੈਟਰੋਲ 5 ਤੇ ਡੀਜ਼ਲ 1 ਰੁਪਏ ਹੋਇਆ ਸਸਤਾ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦਾ ਸਾਲ 2019-20 ਦਾ ਟੈਕਸ ਰਹਿਤ ਬਜਟ ਪੇਸ਼ ਕੀਤਾ ਜਿਸ ਵਿੱਚ ਇਕ-ਦੋ ਵਰਗਾਂ ਨੂੰ ਛੱਡ ਕੇ ਬਾਕੀ ਸਾਰੇ ਵਰਗਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਸੂਬੇ ਦੇ ਲੋਕਾਂ ਨੂੰ ਵੈਟ ਵਿਚ ਵੱਡੀ ਰਾਹਤ ਦਿੰਦਿਆਂ ਪੈਟਰੋਲ ਪੰਜ ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਇਕ ਰੁਪਏ ਪ੍ਰਤੀ ਲਿਟਰ ਸਸਤਾ ਕਰਨ ਦਾ ਐਲਾਨ ਕੀਤਾ। ਸਾਲ 2019-20 ਦਾ ਬਜਟ 158493 ਕਰੋੜ ਰੁਪਏ ਦਾ ਹੈ ਅਤੇ ਇਸ ਵਿੱਚੋਂ ਚਾਲੂ ਸਾਲ ਦੇ 32,000 ਕਰੋੜ ਰੁਪਏ ਕੱਢ ਲਏ ਗਏ ਹਨ ਜਿਸ ਨਾਲ ਅਗਲੇ ਸਾਲ ਦਾ ਬਜਟ 126493 ਕਰੋੜ ਰੁਪਏ ਦਾ ਰਹਿ ਗਿਆ ਹੈ। ਵਿੱਤ ਮੰਤਰੀ ਨੇ 11,687 ਕਰੋੜ ਰੁਪਏ ਦੇ ਘਾਟੇ ਦਾ ਬਜਟ ਪੇਸ਼ ਕੀਤਾ ਹੈ ਪਰ 2323 ਕਰੋੜ ਰੁਪਏ ਦੇ ਘਾਟੇ ਨੂੰ ਪੂਰਾ ਕਰਨ ਦਾ ਕੋਈ ਢੰਗ ਤਰੀਕਾ ਨਹੀਂ ਸੁਝਾਇਆ ਗਿਆ ਹੈ।
ਉਨ੍ਹਾਂ ਬਜਟ ਘਾਟਾ ਘਟਾਉਣ ਅਤੇ ਕਰਜ਼ੇ ਨੂੰ ਕਾਬੂ ਹੇਠ ਰੱਖਣ ਲਈ ਕਾਫੀ ਯਤਨ ਕੀਤੇ ਹਨ ਪਰ ਫਿਰ ਵੀ ਕਰਜ਼ਾ ਵੱਧ ਕੇ 229612 ਕਰੋੜ ਰੁਪਏ ਹੋ ਜਾਵੇਗਾ ਜੋ 2018-19 ਵਿੱਚ 212276 ਕਰੋੜ ਰੁਪਏ ਸੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਸੀ ਅਤੇ ਉਨ੍ਹਾਂ ਸੜਕਾਂ ਤੇ ਹੋਰ 7,000 ਕਰੋੜ ਦੇ ਕਰਵਾਏ ਗਏ ਕੰਮਕਾਜ ਦੇ ਬਿੱਲ ਵੀ ਕੈਪਟਨ ਸਰਕਾਰ ਨੂੰ ਦੇਣੇ ਪਏ ਹਨ। ਰਹਿੰਦੀ ਕਸਰ ਅਨਾਜ ਦੇ ਕਰਜ਼ੇ ਨੇ ਕੱਢ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਕਰਜ਼ੇ ਦਾ ਮਸਲਾ ਹੱਲ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ।
ਉਨ੍ਹਾਂ ਮੰਨਿਆ ਕਿ ਜੀਐਸਟੀ ਤੋਂ ਜਿੰਨਾ ਪੈਸਾ ਮਿਲਣਾ ਸੀ, ਉਹ ਅਨੁਮਾਨਾਂ ਤੋਂ ਕਾਫੀ ਘੱਟ ਮਿਲਿਆ ਹੈ ਜਿਸ ਕਰਕੇ ਸੂਬੇ ਦੀ ਆਰਥਿਕਤਾ ਨੂੰ ਸਹੀ ਰਸਤੇ ‘ਤੇ ਪਾਉਣ ਵਿਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਵਾਰ ਵਾਰ ‘ਰੱਬ’ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਉਪਰ ਵਾਲੇ’ ਦੀ ਮਿਹਰ ਨਾਲ ਸਾਰਾ ਕੁਝ ਠੀਕ ਹੋ ਜਾਵੇਗਾ। ਰਾਜ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 8969 ਕਰੋੜ ਰੁਪਏ ਦੀ ਸਬਸਿਡੀ ਅਤੇ ਕਿਸਾਨਾਂ ਦੀ ਕਰਜ਼ਾ ਰਾਹਤ ਸਕੀਮ ਲਈ 3,000 ਕਰੋੜ ਰੁਪਏ ਰੱਖੇ ਹਨ ਜਿਸ ਤਹਿਤ ਕਿਸਾਨਾਂ ਦੇ ਦੋ ਲੱਖ ਰੁਪਏ ਤਕ ਦੇ ਕਰਜ਼ੇ ਮੁਆਫ਼ ਕੀਤੇ ਜਾਣੇ ਹਨ। ਗੰਨਾ ਉਤਪਾਦਕਾਂ ਨੂੰ ਬਕਾਇਆ ਦੇਣ ਲਈ 355 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਦੀ ਮਦਦ ਵਾਸਤੇ 375 ਕਰੋੜ ਰੁਪਏ ਰੱਖੇ ਗਏ ਹਨ। ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਖੁਦਕੁਸ਼ੀਆਂ ਤੋਂ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ 500 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ। ਵਿੱਤ ਮੰਤਰੀ ਨੇ ਸਨਅਤਕਾਰਾਂ ਨੂੰ ਸਸਤੀ ਬਿਜਲੀ ਦੇਣ ਲਈ 1513 ਕਰੋੜ ਰੁਪਏ ਦੀ ਸਬਸਿਡੀ ਦੇਣ ਦੀ ਵਿਵਸਥਾ ਕੀਤੀ ਹੈ ਤੇ ਗਰੀਬ ਬਿਜਲੀ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਣ ਲਈ 1916 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਸਰਕਾਰ ਨੇ ਕਿਸਾਨਾਂ ਅਤੇ ਸਨਅਤ ਦੀ ਮਦਦ ਵਾਸਤੇ ਦੋਆਬੇ ਵਿੱਚ ਲੱਕੜ ਮੰਡੀ ਵਿਕਸਤ ਕਰਨ ਵਾਸਤੇ 1513 ਕਰੋੜ ਰੁਪਏ ਰੱਖੇ ਹਨ। ਸੇਮ ਅਤੇ ਹੜ੍ਹਾਂ ਨਾਲ ਨਿਪਟਣ ਵਾਸਤੇ 100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਸੂਬਾ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਲਈ ਕੇਂਦਰ ਸਰਕਾਰ ਕੋਲੋਂ ਵੱਖ ਵੱਖ ਪ੍ਰਾਜੈਕਟਾਂ ਲਈ ਪੈਸਾ ਮਿਲਣ ਦੀ ਆਸ ਸੀ ਪਰ ਇਹ ਪੈਸਾ ਅਜੇ ਨਹੀਂ ਮਿਲਿਆ ਹੈ। ਰਾਜ ਸਰਕਾਰ ਨੇ ਗੁਰਪੁਰਬ ਮਨਾਉਣ, ਪਿੰਡ ਬਾਬੇ ਨਾਨਕ ਦਾ ਵਿਰਾਸਤੀ ਅਜਾਇਬ ਘਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਕੌਮੀ ਇੰਸਟੀਚਿਊਟ ਦੀ ਸਥਾਪਨਾ ਲਈ ਬਜਟ ਵਿੱਚ 300 ਕਰੋੜ ਦਾ ਪ੍ਰਬੰਧ ਕੀਤਾ ਹੈ। ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦੀ ਸਥਾਪਨਾ ਵਾਸਤੇ 25 ਕਰੋੜ ਰੁਪਏ ਰੱਖੇ ਗਏ ਹਨ। ਜਲ੍ਹਿਆਂਵਾਲਾ ਬਾਗ਼ ਸਾਕੇ ਦੀ 13 ਅਪਰੈਲ ਨੂੰ ਆ ਰਹੀ ਸ਼ਤਾਬਦੀ ਮਨਾਉਣ ਲਈ ਪੰਜ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਬਜਟ ਵਿਚ ‘ਮੇਰਾ ਕਾਮ, ਮੇਰਾ ਨਾਮ’ ਯੋਜਨਾ ਤਹਿਤ 18 ਤੋਂ 35 ਸਾਲ ਉਮਰ ਦੇ ਨੌਜਵਾਨਾਂ ਵਾਸਤੇ 90 ਕਰੋੜ ਰੁਪਏ ਰੱਖੇ ਗਏ ਹਨ। ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਦੀ ਭਲਾਈ ਸਕੀਮਾਂ ਵਾਸਤੇ 1228 ਕਰੋੜ ਰੁਪਏ ਤੇ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ 938.71 ਕਰੋੜ ਰੁਪਏ ਰੱਖੇ ਹਨ। ਵਿਧਵਾਵਾਂ, ਤਲਾਕਸ਼ੁਦਾ ਔਰਤਾਂ ਦੀਆਂ ਲੜਕੀਆਂ ਦੇ ਵਿਆਹ ਵਾਸਤੇ 100 ਕਰੋੜ ਰੁਪਏ ਦੀ ਗਰਾਂਟ ਦਾ ਪ੍ਰਬੰਧ ਕੀਤਾ ਹੈ। ਸਮਾਜਿਕ ਸੁਰੱਖਿਆ, ਇਸਤਰੀਆਂ ਅਤੇ ਬਾਲ ਵਿਕਾਸ ਵਾਸਤੇ 2835.82 ਕਰੋੜ ਰੁਪਏ ਰੱਖੇ ਹਨ। ਬਿਰਧ ਆਸ਼ਰਮ ਬਣਾਉਣ ਲਈ 31.14 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਮਨਰੇਗਾ ਸਕੀਮ ਤਹਿਤ ਰੁਜ਼ਗਾਰ ਦੇਣ ਲਈ ਰਾਸ਼ੀ ਦੁਗਣੀ ਕਰਕੇ 500 ਕਰੋੜ ਰੁਪਏ ਕਰ ਦਿੱਤੀ ਗਈ ਹੈ। ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ ਬਜਟ ਵਿੱਚ 4109.17 ਕਰੋੜ ਦੀ ਵਿਵਸਥਾ ਕੀਤੀ ਗਈ ਹੈ ਜਿਹੜੀ 36.08 ਫ਼ੀਸਦੀ ਵੱਧ ਬਣਦੀ ਹੈ। ਪਿੰਡ ਸਮਾਰਟ ਸਕੀਮ ਤਹਿਤ 2600 ਕਰੋੜ ਰੁਪਏ ਰੱਖੇ ਗਏ ਹਨ।
ਸਿੱਖਿਆ ਵਾਸਤੇ ਸਮੱਗਰ ਸ਼ਿਕਸ਼ਾ ਅਭਿਆਨ ਐਲੀਮੈਂਟਰੀ ਅਤੇ ਸੈਕੰਡਰੀ ਲਈ 750 ਕਰੋੜ ਅਤੇ 323 ਕਰੋੜ ਰੁਪਏ ਰੱਖੇ ਗਏ ਹਨ। ਪਹਿਲੀ ਤੋਂ ਦਸਵੀਂ ਤਕ ਪੜ੍ਹਾਈ ਵਾਸਤੇ ਈ-ਕਨਟੈਂਟ ਤਿਆਰ ਕਰ ਲਿਆ ਗਿਆ ਹੈ। ਉਚੇਰੀ ਸਿੱਖਿਆ ਤਹਿਤ ਨਵੇਂ ਕਾਲਜ ਬਣਾਉਣ ਲਈ 50 ਕਰੋੜ ਰੁਪਏ, ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗਰਾਂਟ ਵਿੱਚ ਛੇ ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।
550ਵੇਂ ਪ੍ਰਕਾਸ਼ ਪੁਰਬ ਲਈ 300 ਕਰੋੜ ਰੁਪਏ
ਵਿੱਤ ਮੰਤਰੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਲਈ 25 ਕਰੋੜ ਰੁਪਏ ਬਜਟ ਵਿਚ ਰੱਖੇ ਗਏ, ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 300 ਕਰੋੜ ਰੁਪਏ ਆਉਂਦੇ ਵਿੱਤੀ ਸਾਲ ਲਈ ਰੱਖੇ ਗਏ ਹਨ। ਜੱਲ੍ਹਿਆਂਵਾਲਾ ਬਾਗ ਨੂੰ ਵੀ 5 ਕਰੋੜ ਦੀ ਵਿਸ਼ੇਸ਼ ਗਰਾਂਟ ਦੇਣ ਦਾ ਫੈਸਲਾ ਲਿਆ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬੀ ਖਾਣੇ ਨੂੰ ਪ੍ਰਫੁਲਿਤ ਕਰਨ ਲਈ ਅੰਮ੍ਰਿਤਸਰ ਤੋਂ ਬਾਅਦ ਪਟਿਆਲਾ, ਬਠਿੰਡਾ ਅਤੇ ਹੁਸ਼ਿਆਰਪੁਰ ਵਿਖੇ ਫੂਡ ਸਟਰੀਟਾਂ ਵਿਕਸਤ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਭਲਾਈ ਸਕੀਮਾਂ ਲਈ 1228 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …