ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਿਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ 6 ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਕੇਸ ਦੇ ਮਾਸਟਰ ਮਾਈਂਡ ਜਗਦੀਸ਼ ਭੋਲਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭੋਲਾ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ। ਜਗਦੀਸ਼ ਭੋਲਾ ਦੀ ਪਟੀਸ਼ਨ ’ਤੇ ਹੋਈ ਸੁਣਵਾਈ ਤੋਂ ਬਾਅਦ ਦਸੰਬਰ 2021 ਨੂੰ ਕੋਰਟ ਨੇ ਫੈਸਲਾ ਪੈਂਡਿੰਗ ਰੱਖ ਲਿਆ ਸੀ, ਜਿਸ ’ਤੇ ਹਾਈਕੋਰਟ ਵੱਲੋਂ ਅੱਜ ਫੈਸਲਾ ਸੁਣਾਇਆ ਗਿਆ। ਭੋਲਾ ਖਿਲਾਫ਼ ਸਾਲ 2013 ’ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ਕੇਸ ਦੀ ਸੁਣਵਾਈ ਮੁਹਾਲੀ ਕੋਰਟ ’ਚ ਚੱਲ ਰਹੀ ਹੈ ਅਤੇ ਜ਼ਮਾਨਤ ਲਈ ਭੋਲਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਧਿਆਨ ਰਹੇ ਡਰੱਗ ਮਾਮਲੇ ’ਚ ਫਸੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਂ ਵੀ ਜਗਦੀਸ਼ ਭੋਲਾ ਨੇ ਹੀ ਲਿਆ ਸੀ। ਕੋਰਟ ’ਚ ਪੇਸ਼ੀ ਦੌਰਾਨ ਜਗਦੀਸ਼ ਭੋਲਾ ਨੇ ਇਹ ਕਹਿ ਕੇ ਤਹਿਲਕਾ ਮਚਾ ਦਿੱਤਾ ਸੀ ਡਰੱਗ ਤਸਕਰੀ ਲਈ ਮਜੀਠੀਆ ਉਸ ਨੂੰ ਸ਼ਹਿ ਦਿੰਦਾ ਸੀ। ਇਸ ਤੋਂ ਬਾਅਦ ਈਡੀ ਨੇ ਬਿਕਰਮ ਮਜੀਠੀਆ ਕੋਲੋਂ ਪੁੱਛਗਿੱਛ ਕੀਤੀ ਸੀ। ਜਿਸ ਤੋਂ ਬਾਅਦ ਚੰਨੀ ਸਰਕਾਰ ਨੇ ਮਜੀਠੀਆ ’ਤੇ ਕੇਸ ਦਰਜ ਕੀਤਾ ਸੀ ਅਤੇ ਡਰੱਗ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਹੁਣ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਬੰਦ ਹੈ।