ਜਬਰ ਜਨਾਹ ਮਾਮਲੇ ਵਿਚ ਦੂਜੇ ਆਰੋਪੀਆਂ ਤੋਂ ਵੀ ਪੁਲਿਸ ਕਰੇਗੀ ਪੁੱਛਗਿੱਛ
ਲੁਧਿਆਣਾ/ਬਿਊਰੋ ਨਿਊਜ਼ : ਜਬਰ ਜਨਾਹ ਦੇ ਮਾਮਲੇ ਵਿਚ ਆਰੋਪੀ ਲੁਧਿਆਣਾ ਦੇ ਆਤਮ ਨਗਰ ਤੋਂ ਸਾਬਕਾ ਵਿਧਾਇਕ ਰਹੇ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਮੁੜ ਦੋ ਦਿਨਾ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਰਿਮਾਂਡ ਦੌਰਾਨ ਪੁਲਿਸ ਜਬਰ ਜਨਾਹ ਮਾਮਲੇ ਵਿਚ ਸਬੂਤ ਇਕੱਠੇ ਕਰਨ ਲਈ ਬਾਕੀ ਆਰੋਪੀਆਂ ਸਮੇਤ ਬੈਂਸ ਕੋਲੋਂ ਵੀ ਪੁੱਛਗਿੱਛ ਕਰੇਗੀ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਤਾਂ ਪੁਲਿਸ ਨੇ ਬੈਂਸ ਕੋਲੋਂ ਮੋਬਾਇਲ ਫੋਨ ਬਰਾਮਦ ਕਰਨ ਤੋਂ ਇਲਾਵਾ ਹੋਰ ਵੀ ਜਾਣਕਾਰੀ ਹਾਸਲ ਕਰਨੀ ਹੈ। ਧਿਆਨ ਰਹੇ ਕਿ ਸਿਮਰਜੀਤ ਸਿੰਘ ਬੈਂਸ ਨੇ ਆਪਣੇ 4 ਸਾਥੀਆਂ ਸਮੇਤ 3 ਦਿਨ ਪਹਿਲਾਂ ਲੁਧਿਆਣਾ ਦੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਸੀ। ਅਦਾਲਤ ਤੋਂ ਬੈਂਸ ਅਤੇ 4 ਹੋਰ ਆਰੋਪੀਆਂ ਪਰਮਜੀਤ ਸਿੰਘ ਪੰਮਾ, ਪ੍ਰਦੀਪ ਸ਼ਰਮਾ ਗੋਗੀ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਉਰਫ਼ ਭਾਬੀ ਦਾ ਪੁਲਿਸ ਨੂੰ ਅੱਜ ਰਿਮਾਂਡ ਮਿਲ ਗਿਆ। ਬੈਂਸ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਪੱਤਰਕਾਰਾਂ ਨੂੰ ਪੁਲਿਸ ਨੇ ਕੋਰਟ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ। ਅਦਾਲਤ ਦੇ ਬਾਹਰ ਵੱਡੀ ਗਿਣਤੀ ’ਚ ਪੁਲਿਸ ਫੋਰਸ ਲਗਾਈ ਗਈ ਸੀ।