Breaking News
Home / ਪੰਜਾਬ / ਮਜੀਠੀਆ ਵੱਲੋਂ ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ

ਮਜੀਠੀਆ ਵੱਲੋਂ ਕੇਜਰੀਵਾਲ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ

12005CD-_MAJITHIA20516AMRITSAR-VISHAL3 copy copyਲੁਧਿਆਣਾ ਮਗਰੋਂ ਹੁਣ ਅੰਮ੍ਰਿਤਸਰ ਵਿੱਚ ਕੇਸ ਦਰਜ; ਸਖ਼ਤ ਸਜ਼ਾ ਦੀ ਮੰਗ
ਅੰਮ੍ਰਿਤਸਰ/ਬਿਊਰੋ ਨਿਊਜ਼
ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੈ ਸਿੰਘ ਅਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਉਪ ਚੇਅਰਮੈਨ ਆਸ਼ੀਸ਼ ਖੇਤਾਨ ਖ਼ਿਲਾਫ਼ ਮਾਣਹਾਨੀ ਦਾ ਫੌਜਦਾਰੀ ਕੇਸ ਇਥੇ ਸਥਾਨਕ ਅਦਾਲਤ ਵਿੱਚ ਦਾਇਰ ਕੀਤਾ। ਸਥਾਨਕ ਅਦਾਲਤ ਦੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਗੁਰਪ੍ਰਤਾਪ ਸਿੰਘ ਦੀ ਅਦਾਲਤ ਵਿੱਚ ਆਪਣੇ ਵਕੀਲ ਪੁਨੀਤ ਮੋਹਨ ਜ਼ਖਮੀ ਨਾਲ ਪੇਸ਼ ਹੋ ਕੇ ਉਨ੍ਹਾਂ ਮੀਡੀਆ ਵਿੱਚ ਕੀਤੀ ਗਈ ਬਿਆਨਬਾਜ਼ੀ ਦੇ ਆਧਾਰ ‘ਤੇ ਮਾਣਹਾਨੀ ਦਾ ਫੌਜਦਾਰੀ ਕੇਸ ਦਾਇਰ ਕੀਤਾ
। ਅਦਾਲਤ ਕੰਪਲੈਕਸ ਵਿੱਚ ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਆਖਿਆ ਹੈ ਕਿ ਝੂਠ ਅਤੇ ਬੇਬੁਨਿਆਦ ਬਿਆਨਾਂ ਰਾਹੀਂ ਕਿਸੇ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵਿਰੁੱਧ ਫੌਜਦਾਰੀ ਧਾਰਾਵਾਂ ਤਹਿਤ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਜਾ ਸਕਦਾ ਹੈ। ਇਸੇ ਨੂੰ ਆਧਾਰ ਬਣਾ ਕੇ ਕੇਜਰੀਵਾਲ ਤੇ ਉਸ ਦੇ ਸਾਥੀਆਂ ਵਿਰੁੱਧ ਅਪੀਲ ਦਾਇਰ ਕਰਕੇ ਸਖਤ ਸਜ਼ਾ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮਜੀਠੀਆ ਵੱਲੋਂ ਆਪ ਆਗੂਆਂ ਦੇ ਖ਼ਿਲਾਫ਼ ਇਹ ਦੂਜਾ ਅਦਾਲਤੀ ਕੇਸ ਹੈ। ਇਸ ਤੋਂ ਪਹਿਲਾਂ ਲੁਧਿਆਣਾ ਦੀ ਅਦਾਲਤ ਵਿੱਚ ਜਨਵਰੀ ਮਹੀਨੇ ਵਿੱਚ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ।
ਸੰਜੇ ਸਿੰਘ ਨੇ ਆਖਿਆ ਸੀ ਕਿ ਮਜੀਠੀਆ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਦੀ ਸਰਪ੍ਰਸਤੀ ਕਰ ਰਹੇ ਹਨ। ਜੇ 2017 ਵਿੱਚ ‘ਆਪ’ ਸਰਕਾਰ ਸੱਤਾ ਵਿੱਚ ਆਈ ਤਾਂ ਉਸ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਸੁੱਟਿਆ ਜਾਵੇਗਾ। ਇਸ ਕੇਸ ਵਿੱਚ ਸੰਜੈ ਸਿੰਘ ਨੂੰ ਜ਼ਮਾਨਤ ਮਿਲੀ ਹੋਈ ਹੈ। ਖੇਤਾਨ ਨੇ ਮਾਰਚ ਮਹੀਨੇ ਵਿੱਚ ਬਿਆਨ ਰਾਹੀਂ  ਮਜੀਠੀਆ ‘ਤੇ ਦੋਸ਼ ਲਾਇਆ ਸੀ ਕਿ ਉਹ ਨਸ਼ਿਆਂ ਦੇ ਤਸਕਰਾਂ ਨੂੰ ਆਪਣੀ ਰਿਹਾਇਸ਼, ਸਿਆਸੀ ਸਰਪ੍ਰਸਤੀ ਅਤੇ ਸਰਕਾਰੀ ਵਾਹਨ ਦੀ ਸੁਵਿਧਾ ਵੀ ਮੁਹੱਈਆ ਕਰਾ ਰਹੇ ਹਨ। ਮਜੀਠੀਆ ਨੇ ਆਖਿਆ ਕਿ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਬੇਬੁਨਿਆਦ ਝੂਠ, ਫਰੇਬ ਅਤੇ ਧੋਖੇ ‘ਤੇ ਆਧਾਰਿਤ ਰਾਜਨੀਤੀ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰ ઠਅਕਾਲੀ ਆਗੂ ਵੀ ਹਾਜ਼ਰ ਸਨ।

Check Also

ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਚਿਤਾਵਨੀ

ਕਿਹਾ : ਕਾਂਗਰਸ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਮਾਨ ਖਿਲਾਫ਼ ਮਾਮਲਾ ਹੋਵੇਗਾ ਦਰਜ ਸੰਗਰੂਰ/ਬਿਊਰੋ …