Breaking News
Home / ਪੰਜਾਬ / ਕਰਤਾਰਪੁਰ ਸਾਹਿਬ ਲਾਂਘਾ

ਕਰਤਾਰਪੁਰ ਸਾਹਿਬ ਲਾਂਘਾ

ਜ਼ਮੀਨ ਗ੍ਰਹਿਣ ਕਰਨ ਲਈ ਨੋਟੀਫਿਕੇਸ਼ਨ ਜਾਰੀ
ਪਾਕਿਸਤਾਨ ਨੇ ਵੀ ਲਾਂਘੇ ਸਬੰਧੀ ਸਮਝੌਤੇ ਦਾ ਖਰੜਾ ਭਾਰਤ ਨਾਲ ਕੀਤਾ ਸਾਂਝਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਜ਼ਮੀਨ ਗ੍ਰਹਿਣ ਕਰਨ ਬਾਰੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ 4.5 ਕਿਲੋਮੀਟਰ ਲੰਬੇ ਲਾਂਘੇ ਲਈ ਪਿੰਡਾਂ ਚੰਦੂ ਨੰਗਲ, ਜੋੜੀਆਂ ਖੁਰਦ, ਪੱਖੋਕੇ ਟਾਹਲੀ ਸਾਹਿਬ ਤੇ ਡੇਰਾ ਬਾਬਾ ਨਾਨਕ ਦੀ ਜ਼ਮੀਨ ਗ੍ਰਹਿਣ ਕੀਤੀ ਜਾਵੇਗੀ। ਇਸ ਦੌਰਾਨ ਪਾਕਿਸਤਾਨ ਨੇ ਭਾਰਤ ਨਾਲ ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ ਦਾ ਖਰੜਾ ਸਾਂਝਾ ਕੀਤਾ ਹੈ। ਖਰੜੇ ਵਿੱਚ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਨਰੋਵਾਲ ਸਥਿਤ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਦੀਆਂ ਤਜਵੀਜ਼ਾਂ ਨੂੰ ਸੂਚੀਬੱਧ ਕੀਤਾ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਡੇਰਾ ਬਾਬਾ ਨਾਨਕ ਦੇ ਐਸਡੀਐਮ ਨੂੰ ਜ਼ਮੀਨ ਗ੍ਰਹਿਣ ਕਰਨ ਦੇ ਅਮਲ ਲਈ ਅਧਿਕਾਰਤ ਕੀਤਾ ਗਿਆ ਹੈ। ਐਨਐਚਏਆਈ ਨੇ ਐਸਡੀਐਮ ਡੇਰਾ ਬਾਬਾ ਨਾਨਕ ਨੂੰ 18 ਜਨਵਰੀ ਨੂੰ ਇਸ ਸਬੰਧੀ ਫਾਈਲ ਦੇ ਦਿੱਤੀ ਸੀ। ਫਾਈਲ ਵਿੱਚ ਧਾਰਮਿਕ ਮਹੱਤਵ ਦੇ ਪ੍ਰਾਜੈਕਟ ਲਈ ਜ਼ਮੀਨ ਗ੍ਰਹਿਣ ਕਰਨ ਦੇ ਵੇਰਵੇ ਦੱਸੇ ਗਏ ਹਨ। ਅਧਿਕਾਰੀਆਂ ਮੁਤਾਬਕ ਜ਼ਮੀਨ ਗ੍ਰਹਿਣ ਕਰਨ ਦਾ ਕੰਮ ਅਜੇ ਸ਼ੁਰੂ ਹੋਣਾ ਹੈ ਤੇ ਜ਼ਮੀਨ ਮਾਲਕਾਂ ਤੋਂ ਇਤਰਾਜ਼ ਮੰਗਣ ਲਈ 21 ਦਿਨ ਲੱਗਣਗੇ। ਲਾਂਘਾ ਡੇਰਾ ਬਾਬਾ ਨਾਨਕ-ਕਲਾਨੌਰ ਸੜਕ ਦੇ ਨੇੜੇ ਪਿੰਡ ਮਾਨ ਤੋਂ ਸ਼ੁਰੂ ਹੋਵੇਗਾ ਤੇ ਫਿਰ ਮੌਜੂਦਾ ਡੇਰਾ ਬਾਬਾ ਨਾਨਕ ਸੜਕ ਵਿੱਚ ਮਿਲ ਕੇ ਕੌਮਾਂਤਰੀ ਸਰਹੱਦ ਵੱਲ ਜਾਵੇਗਾ, ਜਿੱਥੇ ਹੁਣ ਸ਼ਰਧਾਲੂ ਦੂਰਬੀਨ ਨਾਲ ਸਰਹੱਦ ਪਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨਾਲ ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ ਦਾ ਖਰੜਾ ਸਾਂਝਾ ਕੀਤਾ ਹੈ। ਇਸਲਾਮਾਬਾਦ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਰਾਹੀਂ ਭੇਜੇ ਇਸ ਖਰੜੇ ਵਿੱਚ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਨਰੋਵਾਲ ਸਥਿਤ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਦੀਆਂ ਤਜਵੀਜ਼ਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਇਹ ਗੁਰਦੁਆਰਾ ਭਾਰਤ ਦੇ ਪੰਜਾਬ ਰਾਜ ਵਿਚਲੇ ਗੁਰਦਾਸਪੁਰ ਜ਼ਿਲ੍ਹੇ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਦੇ 4 ਕਿਲੋਮੀਟਰ ਅੰਦਰ ਸਥਿਤ ਹੈ। ਪਿਛਲੇ ਸਾਲ 28 ਨਵੰਬਰ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਖਰੜੇ ਵਿੱਚ ਸਰਹੱਦ ਪਾਰ ਬਣ ਰਹੇ ਲਾਂਘੇ ਦੀਆਂ ਤਾਜ਼ਾ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਭਾਰਤ ਨੇ ਪਿੱਛੇ ਜਿਹੇ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ ਲਾਂਘੇ ਲਈ ਜ਼ਮੀਨ ਗ੍ਰਹਿਣ ਕਰਨ, ਬਾਇਓਮੀਟਰਿਕਸ ਤੇ ਆਨਲਾਈਨ ਪੰਜੀਕਰਨ ਦੀ ਪ੍ਰਕਿਰਿਆ ਸਮੇਤ ਹੋਰ ਮੁੱਦੇ ਵਿਚਾਰੇ ਸਨ। ਇਸ ਉੱਚ ਪੱਧਰੀ ਮੀਟਿੰਗ ਵਿੱਚ ਪੰਜਾਬ ਦੇ ਡੀਜੀ, ਡੀਜੀ(ਚੌਕਸੀ), ਬੀਐਸਐਫ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਲ-ਨਾਲ ਭਾਰਤੀ ਦੂਤ ਅਜੈ ਬਿਸਾੜੀਆ ਵੀ ਸ਼ਾਮਲ ਹੋਏ ਸਨ। ਸੂਤਰਾਂ ਮੁਤਾਬਕ ਭਾਰਤ ਛੇਤੀ ਹੀ ਦੋਵਾਂ ਮੁਲਕਾਂ ਦਰਮਿਆਨ ਗੱਲਬਾਤ ਲਈ ਤਰੀਕ ਤੈਅ ਕਰੇਗਾ। ਇਸ ਲਾਂਘੇ ਨੂੰ ਇਸ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ। ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਲਾਂਘਾ ਖੋਲ੍ਹਣ ਸਬੰਧੀ ਮਤੇ ‘ਤੇ ਅੱਗੇ ਵਧਣ ਦਾ ਫ਼ੈਸਲਾ ਇਸਲਾਮੀ ਸਿਧਾਂਤਾਂ ਮੁਤਾਬਕ ਕੀਤਾ ਹੈ, ਜੋ ਸਾਰੇ ਧਰਮਾਂ ਦਾ ਸਨਮਾਨ ਅਤੇ ਪਾਕਿਸਤਾਨ ਦੇ ਅੰਤਰ-ਵਿਸ਼ਵਾਸ ਤੇ ਧਾਰਮਿਕ ਸਹਿਣਸ਼ੀਲਤਾ ਨੂੰ ਹੁਲਾਰਾ ਦੇਣ ਦੀ ਨੀਤੀ ਦੀ ਵਕਾਲਤ ਕਰਦਾ ਹੈ। ਪਾਕਿਸਤਾਨ ਵੱਲੋਂ ਖਿੱਤੇ ਵਿੱਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੇ ਯਤਨ ਜਾਰੀ ਰੱਖੇ ਜਾਣਗੇ।

ਪਾਕਿਸਤਾਨ ਦਾ ਪੱਖ ਰੱਖਣ ਲਈ ਡਾ. ਮੁਹੰਮਦ ਫੈਜਲ ਦੀ ਨਿਯੁਕਤੀ
ਪਾਕਿਸਤਾਨ ਨੇ ਦੱਖਣੀ ਏਸ਼ੀਆ ਤੇ ਸਾਰਕ ਦੇ ਡਾਇਰੈਕਟਰ ਜਨਰਲ ਡਾ. ਮੁਹੰਮਦ ਫ਼ੈਸਲ ਨੂੰ ਪਾਕਿਸਤਾਨੀ ਪੱਖ ਪੇਸ਼ ਕਰਨ ਲਈ ਨਿਯੁਕਤ ਕੀਤਾ ਹੈ ਅਤੇ ਨਾਲ ਹੀ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਪੱਖ ਰੱਖਣ ਲਈ ਵਿਅਕਤੀ ਨਿਯੁਕਤ ਕਰੇ। ਇਸਲਾਮਾਬਾਦ ਤੋਂ ਜਾਰੀ ਬਿਆਨ ‘ਚ ਭਾਰਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਛੇਤੀ ਆਪਣਾ ਵਫ਼ਦ ਇਸਲਾਮਾਬਾਦ ਭੇਜਣ ਤਾਂ ਜੋ ਭਾਰਤ ਸਰਕਾਰ ਨਾਲ ਸਮਝੌਤੇ ਬਾਰੇ ਗੱਲਬਾਤ ਕੀਤੀ ਜਾ ਸਕੇ ਤੇ ਇਸ ਨੂੰ ਆਖ਼ਰੀ ਛੋਹਾਂ ਦਿੱਤੀਆਂ ਜਾ ਸਕਣ।
ਕੇਂਦਰੀ ਭੂਮੀ ਬੋਰਡ ਦੀ ਟੀਮ ਵੱਲੋਂ ਸਰਹੱਦ ਦਾ ਦੌਰਾ
ਬਟਾਲਾ : ਕੇਂਦਰੀ ਭੂਮੀ ਬੋਰਡ (ਸੈਂਟਰਲ ਲੈਂਡ ਬੋਰਡ) ਦੇ ਚੇਅਰਮੈਨ ਦੀ ਅਗਵਾਈ ਹੇਠਲੀ ਟੀਮ ਨੇ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ। ਟੀਮ ਨੇ ਜ਼ੀਰੋ ਲਾਈਨ ‘ਤੇ ਬਣੇ ਦਰਸ਼ਨ ਸਥਲ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਕੀਤੇ। ਇਸੇ ਦੌਰਾਨ ਡੀ ਸੀ ਵਿਪੁਲ ਉਜਵਲ ਅਤੇ ਡੇਰਾ ਬਾਬਾ ਨਾਨਕ ਦੇ ਐਸਡੀਐਮ ਅਸ਼ੋਕ ਸ਼ਰਮਾ ਸਮੇਤ ਬੀਐੱਸਐੱਫ ਦੇ ਅਧਿਕਾਰੀਆਂ ਨੇ ਟੀਮ ਨਾਲ ਮੀਟਿੰਗ ਵੀ ਕੀਤੀ। ਬੋਰਡ ਦੇ ਚੇਅਰਮੈਨ ਅਨਿਲ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਮੁਆਇਨਾ ਕਰਨ ਆਏ ਹਨ ਕਿ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਲਾਂਘੇ ਲਈ ਸੜਕ ਬਣਾਉਣ ਵਿਚ ਕਿੰਨਾ ਸਮਾਂ ਲੱਗੇਗਾ ਤੇ ਕਿੱਥੋਂ ਅਤੇ ਕਿੰਨੀ ਜ਼ਮੀਨ ਐਕੁਆਇਰ ਕਰਨੀ ਹੈ? 2ਲਾਂਘੇ ਲਈ ਜ਼ਮੀਨ ਐਕੁਆਇਰ ਕਰਨ ਬਾਰੇ ਜਾਰੀ ਹੋਏ ਨੋਟੀਫਿਕੇਸ਼ਨ ਤੋਂ ਬਾਅਦ ਨਿਸ਼ਾਨਦੇਹੀ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਬੋਰਡ ਚੇਅਰਮੈਨ ਨੇ ਛੇਤੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …