ਬਾਬੇ ਨਾਨਕ ਨਾਲ ਸਬੰਧਤ ਥਾਵਾਂ ਦੀ ਵਿਰਾਸਤੀ ਦਿੱਖ ਬਰਕਰਾਰ ਰੱਖੀ ਜਾਵੇ
ਚੰਡੀਗੜ੍ਹ/ਬਿਊਰੋ ਨਿਊਜ਼ : ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਥਾਵਾਂ ਦੀ ਪੁਰਾਤਨ ਅਤੇ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੱਖ-ਵੱਖ ਪੱਤਰ ਲਿਖੇ ਹਨ। ਉਨ੍ਹਾਂ ਆਪਣੇ ਪੱਤਰਾਂ ਵਿਚ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਅਤੇ ਇਨ੍ਹਾਂ ਨੇੜਲੇ ਇਲਾਕੇ ਦੀ ਪਵਿੱਤਰਤਾ ਅਤੇ ਪੁਰਾਤਨ ਦਿੱਖ ਹੂਬਹੂ ਕਾਇਮ ਰੱਖੀ ਜਾਵੇ ਅਤੇ ਇਨ੍ਹਾਂ ਸਥਾਨਾਂ ਨੂੰ ‘ਵਿਰਾਸਤੀ ਪਿੰਡ’ ਦਾ ਦਰਜਾ ਦਿੱਤਾ ਜਾਵੇ। ਸਿੱਧੂ ਵਲੋਂ ਮੋਦੀ ਤੇ ਇਮਰਾਨ ਖ਼ਾਨ ਨੂੰ ਲਿਖੇ ਪੱਤਰਾਂ ਵਿੱਚ ਬੇਨਤੀ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਵਲੋਂ ਕਰਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਨਾਲ ਸਬੰਧਿਤ ਥਾਵਾਂ ਦਾ ਵਿਕਾਸ ਅਜਿਹੇ ਢੰਗ ਨਾਲ ਕੀਤਾ ਜਾਵੇ ਕਿ ਉਸ ਜਗ੍ਹਾ ਦੀ ਮਹੱਤਤਾ, ਪਵਿੱਤਰਤਾ ਅਤੇ ਪੁਰਾਤਨਤਾ ਭੰਗ ਨਾ ਹੋਵੇ, ਤਾਂ ਜੋ ਸੰਗਤ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਮੇਂ ਨੂੰ ਨੇੜਿਓਂ ઠਮਹਿਸੂਸ ਕਰ ਸਕੇ। ਉਨ੍ਹਾਂ ਕਿਹਾ ਕਿ ਸੰਗਤ ਜਾਂ ਸੈਲਾਨੀਆਂ ਦੀ ਸਹੂਲਤ ਦੇ ਨਾਂ ‘ਤੇ ਰੂਹਾਨੀਅਤ ਦੇ ਪ੍ਰਤੀਕ ਇਨ੍ਹਾਂ ਪਵਿੱਤਰ ਅਸਥਾਨਾਂ ਨੂੰ ਸੰਗਮਰਮਰ ਵਿਚ ਮੜ੍ਹ ਕੇ ਕੰਕਰੀਟ ਦਾ ਜੰਗਲ ਨਾ ਬਣਾਇਆ ਜਾਵੇ।ઠ ਸਿੱਧੂ ਨੇ ਲਿਖਿਆ ਹੈ ਕਿ ਜਿਸ ਧਰਤੀ ‘ਤੇ ਬਾਬੇ ਨਾਨਕ ਨੇ ਆਪਣੇ ਜੀਵਨ ਦੇ 18 ਵਰ੍ਹੇ ਬਿਤਾਏ ਅਤੇ ਜਿਸ ਧਰਤੀ ਨੂੰ ਬਾਬੇ ਨਾਨਕ ਨੇ ਆਪ ਵਾਹਿਆ ਤੇ ਸਿੰਜਿਆ, ਉਸ ਜ਼ਮੀਨ ਵਿੱਚ ਕੋਈ ਉਸਾਰੀ ਨਾ ਕੀਤੀ ਜਾਵੇ, ਬਲਕਿ ਇਸ ਜਰਖੇਜ਼ ਮਿੱਟੀ ਵਿਚ ਜੈਵਿਕ ਖੇਤੀ ਕੀਤੀ ਜਾਵੇ ਅਤੇ ਇਸ ‘ਚ ਉਗਾਈ ਫ਼ਸਲ ਦਾ ਲੰਗਰ ਤਿਆਰ ਕਰਕੇ ਸੰਗਤ ਨੂੰ ਛਕਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਅਸਥਾਨ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਵਾਹਨਾਂ ਦੀ ਬਿਲਕੁਲ ਵਰਤੋਂ ਨਾ ਕਰਨ ਦਿੱਤੀ ਜਾਵੇ। ਵਾਹਨਾਂ ਦੀ ਵਰਤੋਂ ਦੀ ਆਗਿਆ ਕੇਵਲ ਬਜ਼ੁਰਗਾਂ, ਅੰਗਹੀਣਾਂ ਜਾਂ ਬਿਮਾਰਾਂ ਨੂੰ ਕਰਨ ਦਿੱਤੀ ਜਾਵੇ। ਇੱਥੇ ਆਉਣ ਵਾਲੀ ਸੰਗਤ ਨੂੰ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣ ਅਤੇ ਇਨ੍ਹਾਂ ਅਸਥਾਨਾਂ ਨੇੜਲੇ ਬਾਜ਼ਾਰਾਂ ਵਿੱਚ ਪੁਰਾਤਨ ਤੇ ਵਿਰਾਸਤੀ ਵਸਤਾਂ ਲਿਆਂਦੇ ਜਾਣ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਵਿੱਤਰ ਸਥਾਨਾਂ ਨੇੜੇ ਸ਼ਾਪਿੰਗ ਕੰਪਲੈਕਸ ਨਾ ਖੁੱਲ੍ਹਣ ਦਿੱਤੇ ਜਾਣ, ਜਿਨ੍ਹਾਂ ਵਿੱਚ ਫਾਸਟ-ਫੂਡ ਪਲਾਸਟਿਕ ਦੇ ਭਾਂਡਿਆਂ ਵਿਚ ਪਰੋਸੇ ਜਾਂਦੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …