Breaking News
Home / Uncategorized / ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ਹੀ ਹੰਕਾਰੀ ਹਕੂਮਤਾਂ ਦਾ ਤੋੜੇਗੀ ਘੁਮੰਡ

ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ਹੀ ਹੰਕਾਰੀ ਹਕੂਮਤਾਂ ਦਾ ਤੋੜੇਗੀ ਘੁਮੰਡ

5 ਜੂਨ ਨੂੰ ਭਾਜਪਾ ਆਗੂਆਂ ਦੇ ਦਫ਼ਤਰਾਂ ਅਤੇ ਘਰਾਂ ਸਾਹਮਣੇ ਫੂਕੀਆਂ ਜਾਣਗੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿੱਢਿਆ ਸੰਘਰਸ਼ ਅੱਠਵੇਂ ਮਹੀਨੇ ‘ਚ ਪ੍ਰਵੇਸ਼ ਕਰਨ ਦੇ ਨਾਲ ਹੀ ਜਥੇਬੰਦੀਆਂ ਨੇ ਮੁਲਕ ਭਰ ‘ਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਦਾ ਨਾਅਰਾ ਪ੍ਰਚੰਡ ਕਰਨ ਦਾ ਸੱਦਾ ਦੇ ਦਿੱਤਾ ਹੈ। ਸੂਬੇ ਵਿੱਚ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਹੀ ਹੰਕਾਰੀ ਹਕੂਮਤਾਂ ਦਾ ਘੁਮੰਡ ਤੋੜ ਸਕਦੀ ਹੈ। ਪੰਜਾਬ ਦੇ ਵੱਡੇ ਹਿੱਸੇ ‘ਚ ਆਏ ਝੱਖੜ ਅਤੇ ਮੀਂਹ ਨੇ ਕਿਸਾਨਾਂ ਦੇ ਧਰਨਿਆਂ ਵਾਲੀਆਂ ਥਾਵਾਂ ‘ਤੇ ਲੱਗੇ ਟੈਂਟ ਉਖਾੜ ਸੁੱਟੇ ਸਨ। ਦਿਨ ਚੜ੍ਹਦੇ ਹੀ ਟੈਂਟਾਂ, ਤੰਬੂਆਂ ਨੂੰ ਦੁਬਾਰਾ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਧਰਨੇ ਬਦਲਵੀਆਂ ਥਾਵਾਂ ‘ਤੇ ਆਪਣੇ ਰਵਾਇਤੀ ਅੰਦਾਜ਼ ਨਾਲ ਜਾਰੀ ਰਹੇ। ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਧਰਨਿਆਂ ਵਿੱਚ ਬੈਠਿਆਂ ਅਤਿ ਦੀ ਗਰਮੀ, ਸਰਦੀ, ਮੀਂਹ ਹਨੇਰੀ, ਝੱਖੜ, ਸਰਕਾਰੀ ਜ਼ੁਲਮ ਆਦਿ ਹਰ ਤਰ੍ਹਾਂ ਦੇ ਕੁਦਰਤੀ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਹੰਢਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਿਰੜ ਅਤੇ ਸਿਦਕ ਦੇ ਚੱਲਦਿਆਂ ਇਹ ਦੁਸ਼ਵਾਰੀਆਂ ਸੰਘਰਸ਼ੀਲ ਲੋਕਾਂ ਦੇ ਹੌਸਲੇ ਡੇਗ ਨਹੀਂ ਸਕਦੀਆਂ।
ਪੰਜਾਬ ਭਰ ਵਿੱਚ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 5 ਜੂਨ ਨੂੰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕਣ ਸਬੰਧੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਪਿੰਡਾਂ ਦੀਆਂ ਇਕਾਈਆਂ ਵੱਲੋਂ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੇ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਦ੍ਰਿਸ਼ ‘ਤੇ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਹਨ। ਇਸ ਤਬਦੀਲੀ ‘ਚੋਂ ਹੀ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਦਾ ਪ੍ਰਚਲਿਤ ਹੋਣਾ ਹੈ ਅਤੇ ਸਾਰੇ ਵਰਗਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਹਮਾਇਤ ਦੇਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚਿਆਂ ਵਿੱਚ ਖੜ੍ਹੀਆਂ ਟਰਾਲੀਆਂ ਅਤੇ ਟੈਂਟਾਂ ‘ਤੇ ਕਿਸਾਨ-ਮਜ਼ਦੂਰ ਏਕਤਾ ਦੇ ਬੈਨਰ ਲੱਗੇ ਆਮ ਹੀ ਨਜ਼ਰੀਂ ਪੈਂਦੇ ਹਨ। ਬੁਲਾਰਿਆਂ ਨੇ ਕਿਹਾ ਕਿ ਯੂਰਪ ਵਿੱਚ ਖੇਤੀ ‘ਚੋਂ ਬਾਹਰ ਨਿਕਲ ਕੇ ਕਿਸਾਨ ਸਨੱਅਤ ਵਿੱਚ ਚਲੇ ਗਏ ਅਤੇ ਮਜ਼ਦੂਰ ਬਣ ਗਏ ਸਨ ਪਰ ਸਾਡਾ ਦੇਸ਼ ਸਨਅਤ ਪੱਖੋਂ ਪੱਛੜਿਆ ਹੋਇਆ ਹੈ। ਪਿਛਲੇ ਸਾਲ ਸਨਅਤੀ ਖੇਤਰ ਵਿੱਚੋਂ 4 ਕਰੋੜ ਲੋਕਾਂ ਦਾ ਰੁਜ਼ਗਾਰ ਖੁੱਸਿਆ ਹੈ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …