Breaking News
Home / ਪੰਜਾਬ / ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਕਈ ਥਾਈਂ ਧਰਨੇ ਲਗਾਤਾਰ ਜਾਰੀ

ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਕਈ ਥਾਈਂ ਧਰਨੇ ਲਗਾਤਾਰ ਜਾਰੀ

ਕੋਈ ਵੀ ਹਕੂਮਤ ਲੋਕਾਂ ਦਾ ਰਾਹ ਨਹੀਂ ਡੱਕ ਸਕਦੀ : ਕਿਸਾਨ ਆਗੂ
ਚੰਡੀਗੜ੍ਹ : ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ‘ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਅੱਗੇ ਧਰਨੇ ਸਮੇਤ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀ ਖੇਤੀ ਕਾਨੂੰਨਾਂ ਵਿਰੁੱਧ ਵਿੱਢੀ ਲੜਾਈ ਹੁਣ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਤੇ ਖੇਤ ਬਚਾਉਣ ਦੇ ਨਾਅਰੇ ‘ਚ ਤਬਦੀਲ ਹੋ ਗਈ ਹੈ। ਆਗੂਆਂ ਨੇ ਕਿਹਾ ਕਿ ਜਦੋਂ ਲੋਕ ਆਪਣੇ ਭਵਿੱਖ ਦੀ ਰਾਖੀ ਲਈ ਮੈਦਾਨ ‘ਚ ਨਿੱਤਰਦੇ ਹਨ ਤਾਂ ਕੋਈ ਵੀ ਹਕੂਮਤ ਲੋਕਾਂ ਦਾ ਰਾਹ ਨਹੀਂ ਡੱਕ ਸਕਦੀ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਦਾ ਹੱਲਾ ਸਾਮਰਾਜ ਦਾ ਹੱਲਾ ਹੈ। ਜਦੋਂ ਮੁਲਕ ਵਿੱਚ ਖੇਤੀ ਕਾਨੂੰਨ ਲਿਆਂਦੇ ਗਏ ਹਨ, ਉਸੇ ਮੌਕੇ ਹੀ ਸਨਅਤੀ ਮਜ਼ਦੂਰਾਂ ਦਾ ਉਜਾੜਾ ਕਰਨ ਲਈ ਅਤੇ ਉਨ੍ਹਾਂ ਦੀ ਕਿਰਤ ਲੁਟਾਉਣ ਲਈ ਵੱਡੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਖ਼ਾਤਰ ਕਿਰਤ ਕਾਨੂੰਨਾਂ ਵਿੱਚ ਸੋਧ ਕੀਤੀ ਗਈ ਹੈ ਅਤੇ ਨਾਲ ਹੀ ਸਰਕਾਰੀ ਸਿੱਖਿਆ ਨੀਤੀ ਦਾ ਉਜਾੜਾ ਕਰਨ ਲਈ ਨਵੀਂ ਸਿੱਖਿਆ ਨੀਤੀ 2020 ਲਿਆਂਦੀ ਗਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਅਤੇ ਇਸ ਦੇ ਜੋਟੀਦਾਰਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਲੋਕਤੰਤਰ ਵਿੱਚ 5 ਸਾਲਾਂ ਬਾਅਦ ਤਖ਼ਤਾ ਪਲਟ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਅੱਜ ਇਹ ਲੜਾਈ ਤਿੰਨਾਂ ਕਾਨੂੰਨਾਂ ਤੋਂ ਵਧ ਕੇ ਫ਼ਸਲਾਂ ਦੀ ਰਾਖੀ ਤੇ ਸਾਡੀ ਹੋਂਦ ਦਾ ਮਸਲਾ ਬਣ ਗਈ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਕਿਸਾਨ ਇਹ ਸੰਘਰਸ਼ ਜਿੱਤ ਕੇ ਹੀ ਘਰ ਮੁੜਨਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਇਤਿਹਾਸਕ ਜਿੱਤ ਵਧ ਰਿਹਾ ਹੈ ਤੇ ਹਾਕਮਾਂ ਦੀ ਹਾਰ ਤੈਅ ਹੈ।

 

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …