ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਵਿਖੇ ਹਾਈ ਕਮਾਂਡ ਨੂੰ ਮਿਲਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸਨ। ਦਿੱਲੀ ਵਿਖੇ ਕਾਂਗਰਸੀ ਆਗੂ ਅੰਬਿਕਾ ਸੋਨੀ ਨਾਲ ਮੁਲਾਕਾਤ ਇਨ੍ਹਾਂ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਚੰਨੀ ਦੀ ਵਰਚੂਅਲ ਮੀਟਿੰਗ ਹੋਣੀ ਹੈ। ਚਰਚਾ ਹੈ ਕਿ ਇਸ ਵਰਚੂਅਲ ਮੀਟਿੰਗ ਦੌਰਾਨ ਕੈਬਨਿਟ ਵਿਚ ਫੇਰਬਦਲ ਸਬੰਧੀ ਗੱਲਬਾਤ ਹੋ ਸਕਦੀ ਹੈ। ਦਿੱਲੀ ਜਾਣ ਲਈ ਇਨ੍ਹਾਂ ਆਗੂਆਂ ਵੱਲੋਂ ਪ੍ਰਾਈਵੇਟ ਜੈਟ ਦਾ ਇਸਤੇਮਾਲ ਕੀਤਾ ਗਿਆ, ਜਿਸ ’ਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਸਵਾਲ ਖੜ੍ਹੇ ਕੀਤੇ ਗਏ। ਸ਼ੋ੍ਰਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੇ ਮੁੱਖ ਮੰਤਰੀ ਨੇ ਦਿੱਲੀ ਜਾਣ ਲਈ ਪ੍ਰਾਈਵੇਟ ਜੈਟ ਦਾ ਕਿਉਂ ਇਸਤੇਮਾਲ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸੂਬੇ ਦੇ ਵਿੱਤ ਮੰਤਰੀ ਵੱਲੋਂ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਜਹਾਜ਼ਾਂ ਰਾਹੀਂ ਸਫ਼ਰ ਕਰਕੇ ਖਜ਼ਾਨੇ ’ਤੇ ਬੋਝਾ ਪਾਇਆ ਜਾ ਰਿਹਾ ਹੈ।