ਸਿੱਧੂ ਨੂੰ ਹੁਣ ਕਾਂਗਰਸ ਪਾਰਟੀ ‘ਚ ਵੱਡਾ ਅਹੁਦਾ ਮਿਲਣਾ ਮੁਸ਼ਕਲ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਪਟਿਆਲੇ ਦੇ ਆਗੂਆਂ ਦਾ ਭਾਵੇਂ ਖਾਸ ਰੁਤਬਾ ਰਿਹਾ ਹੈ ਪਰ ਇਨ੍ਹਾਂ ਦੇ ਪੇਚੇ ਵੀ ਅਕਸਰ ਹੀ ਫਸਦੇ ਰਹੇ ਹਨ। ਅਜੋਕੇ ਦਿਨਾਂ ‘ਚ ਦੋ ਪਟਿਆਲੇ ਦੇ ਆਗੂਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਛੱਤੀ ਦਾ ਅੰਕੜਾ ਸਿਖਰ ‘ਤੇ ਅੱਪੜ ਗਿਆ ਹੈ। ਚਰਚਾ ਇਹ ਵੀ ਜ਼ੋਰਾਂ ‘ਤੇ ਹੈ ਕਿ ਦੋਵੇਂ ਆਗੂ ਸ਼ਾਇਦ ਹੀ ਹੁਣ ਇੱਕ ਪਾਰਟੀ ਦਾ ਹਿੱਸਾ ਬਣੇ ਰਹਿ ਸਕਣ। ਇਹ ਵੀ ਚਰਚਾ ਹੈ ਕਿ ਹੁਣ ਸਿੱਧੂ ਨੂੰ ਕਾਂਗਰਸ ਪਾਰਟੀ ਵਿਚ ਵੱਡਾ ਅਹੁਦਾ ਮਿਲਣਾ ਮੁਸ਼ਕਲ ਹੀ ਜਾਪਦਾ ਹੈ।
ਜ਼ਿਕਰਯੋਗ ਹੈ ਕਿ ਪਟਿਆਲਵੀ ਆਗੂਆਂ ‘ਚ ਕਦੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿਆਸਤ ਵੀ ਗਰਮਾਈ ਰਹੀ ਸੀ। ਅਕਾਲੀ ਸਫਾਂ ‘ਚ ਜਥੇਦਾਰ ਟੌਹੜਾ ਇੱਕ ਥੰਮ੍ਹ ਸਨ ਪਰ ਇੱਕ ਵਾਰ ਉਨ੍ਹਾਂ ਦਾ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਅਜਿਹਾ ਸਿਆਸੀ ਪੇਚ ਫਸਿਆ ਕਿ ਮਾਮਲਾ ਪੌੜੀ ਦੇ ਸਿਖਰਲੇ ਡੰਡੇ ‘ਤੇ ਜਾ ਖੜੋਤਾ। ਅਖੀਰ ਜਥੇਦਾਰ ਟੌਹੜਾ ਨੂੰ ਕੁਝ ਚਿਰ ਸ਼੍ਰੋਮਣੀ ਅਕਾਲੀ ਦਲ ‘ਚੋਂ ਲਾਂਭੇ ਰਹਿਣ ਲਈ ਮਜਬੂਰ ਹੋਣਾ ਪਿਆ।
ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਵੀ ਇੱਕ ਵਾਰ ਜਥੇਦਾਰ ਟੌਹੜਾ ਨਾਲ ਸਿਆਸੀ ਪੇਚ ਫਸ ਗਏ ਸਨ। ਲਿਹਾਜ਼ਾ ਕੈਪਟਨ ਨੂੰ ਉਸ ਵੇਲੇ ਦੀ ਨੁਮਾਇੰਦਾ ਅਕਾਲੀ ਧਿਰ ‘ਚੋਂ ਬਾਹਰ ਜਾਣ ਲਈ ਮਜਬੂਰ ਹੋਣ ਪਿਆ ਸੀ। ਅਜੋਕੇ ਦੌਰ ‘ਚ ਕੈਪਟਨ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕਰੀਬ ਆਹਮੋ-ਸਾਹਮਣੀ ਸਿਆਸੀ ਜੰਗ ਸਿਖਰ ‘ਤੇ ਹੈ। ਦੋਵੇਂ ਹੀ ਕਾਂਗਰਸ ਦੇ ਸਿਖਰਲੇ ਆਗੂ ਹਨ। ਵੇਖਣਾ ਹੋਵੇਗਾ ਕਿ ਦੋਹਾਂ ਦੀ ਸਿਆਸੀ ਅਣਬਣ ‘ਚੋਂ ਕਿਹੜਾ ਜਿੱਤਦਾ ਹੈ। ਜ਼ਿੰਦਗੀ ਦੇ ਲੰਮੇ ਪੰਧ ਦੇ ਕਈ ਉਤਰਾਅ-ਚੜ੍ਹਾਅ ਵੇਖਣ ਮਗਰੋਂ ਕੈਪਟਨ ਉਘੇ ਸਿਆਸੀ ਆਗੂ ਮੰਨੇ ਜਾਂਦੇ ਹਨ। ਸਿੱਧੂ ਦੀ ਪ੍ਰਸਿੱਧੀ ਵੀ ਸੱਤਵੇਂ ਅਸਮਾਨ ‘ਤੇ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇੱਕ ਮਿਆਨ ‘ਚ ਦੋ ਤਲਵਾਰਾਂ ਪੈ ਸਕਣਗੀਆਂ।
ਪਟਿਆਲਵੀ ਆਗੂਆਂ ਦੇ ਉਲਝੇ ਸਿਆਸੀ ਤਾਣੇ-ਬਾਣੇ ਦੌਰਾਨ ਇੱਕ ਵਾਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਵੀ ਆਪਣੀ ਪਾਰਟੀ ਦੇ ਸਿਖਰਲੇ ਆਗੂ ਪ੍ਰਕਾਸ਼ ਸਿੰਘ ਬਾਦਲ ਨਾਲ ਅਜਿਹਾ ਰਾਜਸੀ ਪੇਚਾ ਪਿਆ ਕਿ ਚੰਦੂਮਾਜਰਾ ਨੂੰ ਪਾਰਟੀ ‘ਚੋਂ ਵੱਖ ਹੋ ਕੇ ਸਿਆਸੀ ਸਰਗਰਮੀਆਂ ਛੇੜਣ ਲਈ ਮਜਬੂਰ ਹੋਣਾ ਪਿਆ ਸੀ। ਕੈਪਟਨ ਤੇ ਸਿੱਧੂ ਦੇ ਫਸੇ ਸਿਆਸੀ ਪੇਚੇ ਦੀ ਚਰਚਾ ਉਸ ਵੇਲੇ ਹੋਰ ਪ੍ਰਚੰਡ ਹੋ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ‘ਤੇ ਕਈ ਤਰ੍ਹਾਂ ਦੇ ਸਿਆਸੀ ਪਲਟਵਾਰ ਕਰ ਕੇ ਮਾਹੌਲ ਨੂੰ ਨਵੇਂ ਰੂਪ ਵੱਲ ਧੱਕ ਦਿੱਤਾ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …