17 C
Toronto
Wednesday, September 17, 2025
spot_img
Homeਪੰਜਾਬਕਿਸਾਨ ਅੰਦੋਲਨ ਤੋਂ ਕਰੋਨਾ ਫੈਲਣ ਦੇ ਸਰਕਾਰ ਦੇ ਆਰੋਪਾਂ 'ਤੇ ਕਿਸਾਨ ਮੋਰਚੇ...

ਕਿਸਾਨ ਅੰਦੋਲਨ ਤੋਂ ਕਰੋਨਾ ਫੈਲਣ ਦੇ ਸਰਕਾਰ ਦੇ ਆਰੋਪਾਂ ‘ਤੇ ਕਿਸਾਨ ਮੋਰਚੇ ਨੇ ਕੀਤਾ ਐਲਾਨ

ਕਿਸਾਨ ਮੋਰਚਾ ਸਿੰਘੂ ਅਤੇ ਟਿਕਰੀ ਬਾਰਡਰ ਦੇ 40 ਪਿੰਡਾਂ ਨੂੰ ਲਏਗਾ ਗੋਦ
ਸਾਰੇ ਘਰਾਂ ‘ਚ ਹੋਵੇਗੀ ਟੈਸਟਿੰਗ,ਪਾਜੇਟਿਵ ਮਰੀਜ਼ਾਂ ਦਾ ਹੋਵੇਗਾ ਇਲਾਜ
ਚੰਡੀਗੜ੍ਹ : ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨਾਂ ਨਾਲ ਆਸ-ਪਾਸ ਦੇ ਪਿੰਡਾਂ ‘ਚ ਕਰੋਨਾ ਫੈਲਣ ਦੀਆਂ ਸੰਭਾਵਨਾਵਾਂ ਤੋਂ ਬਾਅਦ ਕੇਂਦਰ ਸਰਕਾਰ ਦੀ ਕਿਸਾਨਾਂ ਨੂੰ ਉਥੋਂ ਹਟਾਉਣ ਦੀ ਅਸ਼ੰਕਾ ਦੇ ਮੱਦੇਨਜ਼ਰ ਸੰਯੁਕਤ ਮੋਰਚੇ ਨੇ ਸਿੰਘੂ ਅਤੇ ਟਿਕਰੀ ਬਾਰਡਰ ਦੇ ਨਾਲ ਲਗਦੇ 40 ਪਿੰਡਾਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ।
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਪਿੰਡਾਂ ‘ਚ ਵਿਸ਼ੇਸ਼ ਹਸਪਤਾਲ ਅਤੇ ਡਾਕਟਰਾਂ ਦੀ ਸਹੂਲਤ ਮਹੱਈਆ ਕਰਵਾਈ ਜਾਵੇਗੀ।
ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀਆਂ ਟੀਮਾਂ ਪਿੰਡਾਂ ‘ਚ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਸਬੰਧੀ ਜਾਂਚ ਪੜਤਾਲ ਕਰਨਗੀਆਂ। ਜੋ ਵਿਅਕਤੀ ਕਰੋਨਾ ਵਾਇਰਸ ਤੋਂ ਪੀੜਤ ਪਾਏ ਜਾਣਗੇ ਉਨ੍ਹਾਂ ਦਾ ਉਚਿਤ ਇਲਾਜ਼ ਕੀਤਾ ਜਾਵੇਗਾ। ਜਿਨ੍ਹਾਂ ਵਿਅਕਤੀਆਂ ਨੂੰ ਹਸਪਤਾਲ ਜਾਣ ‘ਚ ਕੋਈ ਪ੍ਰੇਸ਼ਾਨੀ ਹੈ, ਉਨ੍ਹਾਂ ਨੂੰ ਹਸਪਤਾਲ ਵੀ ਪਹੁੰਚਾਇਆ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਿੰਘੂ ਅਤੇ ਟਿਕਰੀ ਬਾਰਡਰ ‘ਤੇ 10 ਬੈਡ ਦੇ ਹਸਪਤਾਲ ਨੂੰ ਅਪਗ੍ਰੇਡ ਕਰਕੇ 40 ਬੈਡ ਦਾ ਬਣਾਇਆ ਜਾਵੇਗਾ। ਜਿੱਥੇ ਕਿਸਾਨਾਂ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਵਸਨੀਕਾਂ ਦਾ ਇਲਾਜ ਹੋ ਸਕੇਗਾ। ਇਥੇ ਰਿਟਾਇਰ ਹੋ ਚੁੱਕੇ ਸਿਵਲ ਸਰਜਨ, ਹੈਲਥ ਅਫ਼ਸਰ ਸਮੇਤ ਪੈਰਾਮੈਡੀਕਲ ਸਟਾਫ਼ ਵਲੰਟੀਅਰ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦੇਣਗੇ।
ਪਿੰਡ ਵਾਸੀਆਂ ਦੇ ਘਰ ਨੇੜੇ ਉਪਲਬਧ ਹੋਵੇਗੀ ਟੈਸਟਿੰਗ ਸਹੂਲਤ
ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਗੋਦ ਲਏ ਪਿੰਡਾਂ ‘ਚ ਟੈਸਟਿੰਗ ਲੈਬ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ, ਜਿੱਥੇ ਲੋਕ ਕਰੋਨਾ ਦੇ ਨਾਲ-ਨਾਲ ਕਿਸੇ ਵੀ ਪ੍ਰਕਾਰ ਦਾ ਟੈਸਟ ਕਰਵਾ ਸਕਣਗੇ। ਕਿਸਾਨ ਮੋਰਚੇ ਵੱਲੋਂ ਕਰਵਾਏ ਜਾਣ ਵਾਲੇ ਇਨ੍ਹਾਂ ਟੈਸਟਾਂ ਦੌਰਾਨ ਮੈਡੀਕਲ ਟੀਮਾਂ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇਣਗੀਆਂ।
ਕਿਸਾਨ ਮਜ਼ਦੂਰ ਏਕਤਾ ਹਸਪਤਾਲ ਹੋਵੇਗਾ ਹਾਈਟੈਕ
ਹਸਪਤਾਲਾਂ ‘ਚ ਰੂਟੀਨ ਹੈਲਥ ਚੈਕਅਪ ਦੇ ਲਈ ਹਾਈਟੈਕ ਇੰਤਜ਼ਾਮ ਹੋਣਗੇ। ਹੁਣ ਕਿਸਾਨਾਂ ਦੇ ਨਾਲ-ਨਾਲ ਟਿਕਰੀ ਅਤੇ ਸਿੰਘੂ ਬਾਰਡਰ ਦੇ ਨਾਲ ਲਗਦੇ ਪਿੰਡਾਂ ਵਾਲਿਆਂ ਨੂੰ ਵੀ ਜੇਕਰ ਕਿਸੇ ਪ੍ਰਕਾਰ ਦੀ ਸਿਹਤ ਨਾਲ ਜੁੜੀ ਕੋਈ ਦਿੱਕਤ ਆਉਂਦੀ ਹੈ ਤਾਂ ਤੁਰੰਤ ਕਿਸਾਨ ਮਜ਼ਦੂਰ ਏਕਤਾ ਹਸਤਾਲ ‘ਚ ਇਲਾਜ਼ ਹੋਵੇਗਾ।
ਐਮ ਐਚ ਏ ਦੀਆਂ ਸੰਭਾਵਨਾਵਾਂ ਨੂੰ ਕੀਤਾ ਖਾਰਜ
ਕਿਸਾਨ ਜਥੇਬੰਦੀਆਂ ਨੇ ਐਮ ਐਚ ਏ ਦੀਆਂ ਉਨ੍ਹਾਂ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਦੇ ਚਲਦੇ ਆਸ-ਪਾਸ ਦੇ ਪਿੰਡਾਂ ‘ਚ ਕਰੋਨਾ ਫੈਲਣ ਦਾ ਖਤਰਾ ਵਧ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਕਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ।
ਕਿਸਾਨ ਅੰਦੋਲਨ ‘ਚ ਜਥਿਆਂ ਦਾ ਜਾਣਾ ਰਹੇਗਾ ਜਾਰੀ
ਕਿਸਾਨ ਅੰਦੋਲਨ ‘ਚ ਪੰਜਾਬ ਤੋਂ ਕਿਸਾਨਾਂ ਦੇ ਵੱਡੇ ਜਥਿਆਂ ਦਾ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਜਾਣਾ ਅੱਗੇ ਤੋਂ ਵੀ ਜਾਰੀ ਰਹੇਗਾ। ਹਾਲ ਹੀ ‘ਚ 15 ਹਜ਼ਾਰ ਕਿਸਾਨ ਪੰਜਾਬ ਤੋਂ ਬਾਰਡਰ ‘ਤੇ ਪਹੁੰਚੇ ਹਨ। ਕਰੋਨਾ ਦੇ ਚਲਦੇ ਕੇਂਦਰ ਸਰਕਾਰ ਆਏ ਦਿਨ ਝੂਠੀਆਂ ਅਫ਼ਵਾਹਾਂ ਦੇ ਨਾਲ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੀ ਹੈ ਪ੍ਰੰਤੂ ਸੰਯੁਕਤ ਕਿਸਾਨ ਮੋਰਚਾ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੱਕ ਆਪਣਾ ਅੰਦੋਲਨ ਪੂਰੇ ਦਮਖਮ ਨਾਲ ਜਾਰੀ ਰੱਖੇਗਾ।
-ਜੋਗਿੰਦਰ ਸਿੰਘ ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ ਆਗੂ

RELATED ARTICLES
POPULAR POSTS