Breaking News
Home / ਪੰਜਾਬ / ਗੌਤਮ ਚੀਮਾ ਨੂੰ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਲਾਉਣ ਦੀ ਤਿਆਰੀ

ਗੌਤਮ ਚੀਮਾ ਨੂੰ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਲਾਉਣ ਦੀ ਤਿਆਰੀ

ਨਸ਼ਿਆਂ ਦੇ ਮਾਮਲੇ ‘ਤੇ ਕਾਰਵਾਈ ਕਰਨੀ ਨਹੀਂ ਹੋਵੇਗੀ ਸੁਖਾਲੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ 1995 ਬੈਚ ਦੇ ਪੁਲਿਸ ਅਧਿਕਾਰੀ ਗੌਤਮ ਚੀਮਾ ਨੂੰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਦੇ ਅਹੁਦੇ ‘ਤੇ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਪੁਲਿਸ ਅਧਿਕਾਰੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਨਵੀਂ ਜ਼ਿੰਮੇਵਾਰੀ ਤੇ ਨਸ਼ਿਆਂ ਦੇ ਮਾਮਲੇ ‘ਤੇ ਤੁਰੰਤ ਕਾਰਵਾਈ ਅਮਲ ‘ਚ ਲਿਆਉਣ ਸਬੰਧੀ ਜਾਣੂ ਕਰਵਾ ਦਿੱਤਾ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਚੀਮਾ ਦੀ ਇਸ ਅਹੁਦੇ ‘ਤੇ ਤਾਇਨਾਤੀ ਸਬੰਧੀ ਗ੍ਰਹਿ ਵਿਭਾਗ ਵੱਲੋਂ ਅਧਿਕਾਰਤ ਹੁਕਮ ਕਿਸੇ ਵੀ ਸਮੇਂ ਜਾਰੀ ਕੀਤੇ ਜਾ ਸਕਦੇ ਹਨ। ਰੋਚਕ ਤੱਥ ਇਹ ਹੈ ਕਿ ਗੌਤਮ ਚੀਮਾ ਇਸ ਸਮੇਂ ਬਿਊਰੋ ਆਫ਼ ਇਨਵੈਸਟੀਗੇਸ਼ਨ ਵਿੱਚ ਹੀ ਆਈਜੀ ਦੇ ਅਹੁਦੇ ‘ਤੇ ਤਾਇਨਾਤ ਹਨ। ਇਸ ਪੁਲਿਸ ਅਧਿਕਾਰੀ ਦੇ ਬੈਚ ਨਾਲ ਸਬੰਧਿਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਪਦਉੱਨਤ ਕਰ ਕੇ ਵਧੀਕ ਡੀਜੀਪੀ ਦਾ ਰੈਂਕ ਦਿੱਤਾ ਜਾ ਚੁੱਕਾ ਹੈ। ਚੀਮਾ ਖਿਲਾਫ ਕੁਝ ਮਾਮਲੇ ਹੋਣ ਕਾਰਨ ਪਦਉੱਨਤੀ ਦਾ ਮਾਮਲਾ ਸੀਲਬੰਦ ਲਿਫ਼ਾਫ਼ੇ ਵਿੱਚ ਰੱਖਿਆ ਗਿਆ ਸੀ। ਇਸ ਪੁਲਿਸ ਅਧਿਕਾਰੀ ਨੂੰ ਬੀਓਆਈ ਦਾ ਮੁਖੀ ਲਾਉਣ ਅਤੇ ਨਸ਼ਿਆਂ ਦੇ ਮਾਮਲੇ ‘ਚ ਕਾਰਵਾਈ ਕਰਨ ਲਈ ਆਈਜੀ ਤੋਂ ਪਦਉੱਨਤ ਕਰਕੇ ਵਧੀਕ ਡੀਜੀਪੀ ਲਾਉਣ ਸਬੰਧੀ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੀ ਪ੍ਰਧਾਨਗੀ ਹੇਠ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਮਾਲ) ਵੀ ਕੇ ਜੰਜੂਆ ਅਤੇ ਪ੍ਰਮੁੱਖ ਸਕੱਤਰ (ਗ੍ਰਹਿ) ਅਨੁਰਾਗ ਵਰਮਾ ਮੌਜੂਦ ਸਨ।
ਡਾਇਰੈਕਟਰ ਬੀਓਆਈ ਐੱਸ ਕੇ ਅਸਥਾਨਾ ਦੀ ਸਿਹਤ ਨਾਸਾਜ਼ ਹੋਣ ਕਾਰਨ ਉਹ ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਹਨ। ਪੰਜਾਬ ਸਰਕਾਰ ਵੱਲੋਂ ਅਸਥਾਨਾ ਨੂੰ ਨਸ਼ਿਆਂ ਦੇ ਮਾਮਲੇ ‘ਤੇ ਅਕਾਲੀ ਦਲ ਦੇ ਨੇਤਾ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਡੀਜੀਪੀ ਨੂੰ ਚਾਰ ਸਫਿਆਂ ਦਾ ਇੱਕ ਨੋਟ ਲਿਖ ਕੇ ਸਰਕਾਰ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਇਸ ਚਾਰ ਸਫਿਆਂ ਦੇ ਨੋਟ ਵਿੱਚ ਚੁੱਕੇ ਸਵਾਲਾਂ ਕਾਰਨ ਪੁਲਿਸ ਅਧਿਕਾਰੀਆਂ ਲਈ ਵੀ ਨਸ਼ਿਆਂ ਦੇ ਮਾਮਲੇ ‘ਤੇ ਕਾਰਵਾਈ ਕਰਨੀ ਸੁਖਾਲੀ ਨਹੀਂ ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਥਾਨਾ ਦੇ ਨੋਟ ਤੋਂ ਬਾਅਦ ਕਾਰਵਾਈ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਵੀ ਭਵਿੱਖ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੀਮਾ ਨੇ ਵੀ ਹੱਥ ਕੀਤੇ ਖੜ੍ਹੇ
ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮਾਮਲੇ ‘ਤੇ ਵੱਡਾ ਝਟਕਾ ਲੱਗਾ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਆਈਜੀ ਰੈਂਕ ਦੇ ਪੁਲਿਸ ਅਧਿਕਾਰੀ ਗੌਤਮ ਚੀਮਾ ਨੇ ਵੀ ਚਰਚਿਤ ਅਕਾਲੀ ਨੇਤਾ ਖਿਲਾਫ ਕਾਰਵਾਈ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਅਧਿਕਾਰੀ ਦੀ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀਓਆਈ) ਅਹੁਦੇ ‘ਤੇ ਨਿਯੁਕਤੀ ਤੋਂ ਪਹਿਲਾਂ ਹੀ ਖੜ੍ਹੇ ਹੋਏ ਇਸ ਸੰਕਟ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਇਸ ਦੌਰਾਨ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੀ ਵੀ ਰਾਏ ਜਾਣੀ ਗਈ। ਸੂਤਰਾਂ ਨੇ ਕਿਹਾ ਕਿ ਮੀਟਿੰਗਾਂ ਦੌਰਾਨ ਨਸ਼ਿਆਂ ਦੇ ਮਾਮਲੇ ‘ਤੇ ਸਰਕਾਰ ਦੀ ਲਗਾਤਾਰ ਹੋ ਰਹੀ ਪਤਲੀ ਹਾਲਤ ਅਤੇ ਪੁਲਿਸ ਅਧਿਕਾਰੀਆਂ ਦੇ ਰਵੱਈਏ ਬਾਰੇ ਵੀ ਚਰਚਾ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਰਚਿਤ ਅਕਾਲੀ ਨੇਤਾ ਖਿਲਾਫ ਪੁਲਿਸ ਅਫ਼ਸਰ ਤਾਂ ਪਹਿਲਾਂ ਹੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਸਨ ਪਰ ਹੁਣ ਵਧੀਕ ਡੀਜੀਪੀ ਐੱਸ ਕੇ ਅਸਥਾਨਾ ਵੱਲੋਂ ਲਿਖੀ ਲੰਮੀ ਨੋਟਿੰਗ ਨੇ ਮਾਮਲਾ ਪੇਚੀਦਾ ਬਣਾ ਦਿੱਤਾ ਹੈ।

 

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …