ਕੌਮਾਂਤਰੀ ਹਵਾਈ ਅੱਡਾ ਬਣਾਉਣ ਦਾ ਵੀ ਕੀਤਾ ਐਲਾਨ
ਜਲੰਧਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿਚ ਤਿਰੰਗਾ ਯਾਤਰਾ ਕੱਢੀ। ਇਸ ਤਿਰੰਗਾ ਯਾਤਰਾ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਾਰਟੀ ਵਰਕਰ ਆਏ ਹੋਏ ਸਨ। ਇਹ ਯਾਤਰਾ ਸਥਾਨਕ ਭਗਵਾਨ ਵਾਲਮੀਕਿ ਚੌਕ ਤੋਂ ਸ਼ੁਰੂ ਹੋ ਕੇ ਡਾ. ਬੀਆਰ ਅੰਬੇਡਕਰ ਚੌਕ ਪੁੱਜ ਕੇ ਸਮਾਪਤ ਹੋਈ। ਯਾਤਰਾ ਦੀ ਸਮਾਪਤੀ ਮੌਕੇ ਕੇਜਰੀਵਾਲ ਨੇ ਦੋਆਬੇ ਦੇ ਲੋਕਾਂ ਨੂੰ ਦੋ ਵੱਡੇ ਤੋਹਫਿਆਂ ਦੀ ਗਾਰੰਟੀ ਦਿੰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਜਲੰਧਰ ਵਿਚ ਕੌਮਾਂਤਰੀ ਪੱਧਰ ਦਾ ਹਵਾਈ ਅੱਡਾ ਬਣਾਇਆ ਜਾਵੇਗਾ ਤੇ ਸਪੋਰਟਸ ਯੂਨੀਵਰਸਿਟੀ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਇਸ ਨੇ ਕਾਲਾ ਦੌਰ ਦੇਖਿਆ ਹੈ। ਇਥੇ ਆਪਸੀ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਸਾਨ ਅੰਦੋਲਨ ‘ਚ ਨਿਭਾਈ ਗਈ ਪੰਜਾਬ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਦਿੱਲੀ ਦੀਆਂ ਹੱਦਾਂ ‘ਤੇ ਸਾਲ ਭਰ ਬੈਠ ਕੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾਏ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਹਾਲਤ ਦਿਨੋਂ-ਦਿਨ ਬਦਤਰ ਹੋ ਰਹੀ ਹੈ ਪਰ ਲੀਡਰਾਂ ਦੇ ਹੋਟਲ ਅਤੇ ਮਹਿਲ ਬਣਦੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ‘ਚ ਹੋਈ ਰੈਲੀ ‘ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ 94 ਸਾਲਾਂ ਦੇ ਹੋ ਗਏ ਹਨ ਤੇ ਫਿਰ ਵੀ ਕਹਿੰਦੇ ਹਨ ਕਿ ਇਕ ਮੌਕਾ ਉਨ੍ਹਾਂ ਨੂੰ ਫਿਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲ ਤੇ ਚਰਨਜੀਤ ਸਿੰਘ ਚੰਨੀ ਦੇ 90 ਦਿਨਾਂ ਦੀ ਕਾਰਗੁਜ਼ਾਰੀ ਪੰਜਾਬ ਕਾਂਗਰਸ ਦੀ ਸਮੁੱਚੀ ਕਾਰਗੁਜ਼ਾਰੀ ਮੰਨੀ ਜਾਵੇਗੀ। ਇਸ ਦੌਰਾਨ ਕੇਜਰੀਵਾਲ ਨੇ ਜਲੰਧਰ ਵਿੱਚ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ। ਇਸ ਮੌਕੇ ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਥਾਨਕ ਆਗੂਆਂ ਵਿਚ ਸੁਰਿੰਦਰ ਸਿੰਘ ਸੋਢੀ ਤੇ ਹੋਰ ਆਗੂ ਹਾਜ਼ਰ ਸਨ।
ਕਾਂਗਰਸ ਦਾ ਹਰ ਮੰਤਰੀ, ਹਰ ਵਿਧਾਇਕ ਕਰ ਰਿਹਾ ਹੈ ਚੋਰੀ : ਕੇਜਰੀਵਾਲ
ਲੰਬੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾ ਦੌਰੇ ਦੌਰਾਨ ਲੰਬੀ ਪਹੁੰਚੇ, ਜਿੱਥੇ ਉਨ੍ਹਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਡਰਾਮੇਬਾਜ਼ ਅਤੇ ਨੌਟੰਕੀਬਾਜ਼ਾਂ ਦੀ ਸਰਕਾਰ ਦੱਸਿਆ। ਕੇਜਰੀਵਾਲ ਨੇ ਕਿਹਾ ਪੰਜਾਬ ਦਾ ਹਰ ਮੰਤਰੀ ਅਤੇ ਹਰ ਵਿਧਾਇਕ ਚੋਰੀ ਕਰਨ ਵਿਚ ਲੱਗਿਆ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ 18 ਸਾਲ ਤੋਂ ਉਪਰ ਉਮਰ ਦੀਆਂ ਮਹਿਲਾਵਾਂ ਦੇ ਖਾਤੇ ਵਿਚ ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾਇਆ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਜਟ ਵਿਚ 34 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਲੀਡਰਾਂ ਦੀ ਜੇਬ ਵਿਚ ਚਲਾ ਜਾਂਦਾ ਹੈ ਪ੍ਰੰਤੂ ਇਨ੍ਹਾਂ ਸਹੂਲਤਾਂ ‘ਤੇ ਤਾਂ ਸਿਰਫ਼ 12000 ਹਜ਼ਾਰ ਕਰੋੜ ਰੁਪਏ ਦਾ ਖ਼ਰਚਾ ਆਵੇਗਾ, ਜਿਸ ਦਾ ਮੈਂ ਸਾਰਾ ਹਿਸਾਬ ਲਗਾ ਕੇ ਆਇਆ ਹਾਂ। ਉਨ੍ਹਾਂ ਇਸ ਮੌਕੇ ਲੰਬੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਲੰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਇਕ ਮੌਕਾ ਜ਼ਰੂਰ ਦਿਓ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਉਹ ਸਿਰਫ਼ ਵਾਅਦੇ ਹੀ ਨਾ ਬਲਕਿ ਕੋਈ ਕੰਮ ਵੀ ਕਰੇ।
ਸਰਕਾਰੀ ਜ਼ਮੀਨ ਦੱਬਣ ਵਾਲੇ ਸਾਬਕਾ ਮੁੱਖ ਮੰਤਰੀਆਂ ‘ਤੇ ਕੇਸ ਦਰਜ ਹੋਣ : ਭਗਵੰਤ ਮਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਨਵਜੋਤ ਸਿੱਧੂ ਵੱਲੋਂ ਮੁਹਾਲੀ ਦੇ ਇਲਾਕੇ ‘ਚ 900 ਏਕੜ ਸਰਕਾਰੀ ਤੇ ਸ਼ਾਮਲਾਤ ਜ਼ਮੀਨਾਂ ‘ਤੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਨਾਜਾਇਜ਼ ਕਬਜ਼ੇ ਹੋਣ ਸਬੰਧੀ ਕੀਤੇ ਗਏ ਖ਼ੁਲਾਸੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਚੰਨੀ ਸਰਕਾਰ ਤੋਂ ਇਹ ਸਰਕਾਰੀ ਜ਼ਮੀਨ ਦੱਬਣ ਵਾਲੇ ਸਾਬਕਾ ਮੁੱਖ ਮੰਤਰੀਆਂ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਮਾਨ ਨੇ ਕਿਹਾ ਕਿ ਸਿੱਧੂ ਨੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਜਿਸ ਰਿਪੋਰਟ ਦੇ ਆਧਾਰ ‘ਤੇ ਦੱਸਿਆ ਹੈ ਕਿ ਡੇਢ ਲੱਖ ਕਰੋੜ ਰੁਪਏ ਦੀ ਕੀਮਤ ਵਾਲੀ 900 ਏਕੜ ਜ਼ਮੀਨ ਸਿਰਫ਼ ਦੋ ਸਾਬਕਾ ਮੁੱਖ ਮੰਤਰੀਆਂ ਦੇ ਪਰਿਵਾਰਾਂ ਨੇ ਦੱਬੀ ਹੋਈ ਹੈ, ਉਸ ਰਿਪੋਰਟ ‘ਚ ਉਨ੍ਹਾਂ ਦੋਵਾਂ ਸਾਬਕਾ ਮੁੱਖ ਮੰਤਰੀਆਂ ਦੇ ਨਾਂ ਵੀ ਜ਼ਰੂਰ ਲਿਖੇ ਹੋਣਗੇ, ਫਿਰ ਇਹ ਨਾਂ ਜਨਤਕ ਕਰਨ ਤੋਂ ਕਾਂਗਰਸ ਪਾਸਾ ਕਿਉਂ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ‘ਚ ਹਿੰਮਤ ਹੋਵੇ ਤਾਂ ਉਪਰੋਕਤ ਸਾਬਕਾ ਮੁੱਖ ਮੰਤਰੀਆਂ ਦੇ ਨਾਜਾਇਜ਼ ਕਬਜ਼ੇ ਹਟਾ ਕੇ ਪੰਜਾਬ ਦੇ ਸਾਰੇ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਦੀ ਮੁਕੰਮਲ ਮੁਆਫ਼ੀ ਹੋ ਸਕਦੀ ਹੈ, ਜੋ ਲਗਭਗ ਡੇਢ ਲੱਖ ਕਰੋੜ ਰੁਪਏ ਬਣਦੀ ਹੈ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …