ਸਾਬਕਾ ਸੰਸਦ ਮੈਂਬਰ, ਚਾਰ ਸਾਬਕਾ ਵਿਧਾਇਕ ਪੰਜਾਬ ਲੋਕ ਕਾਂਗਰਸ ‘ਚ ਹੋਏ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਦੇ ਇਕ ਸਾਬਕਾ ਸੰਸਦ ਮੈਂਬਰ ਅਤੇ ਚਾਰ ਸਾਬਕਾ ਵਿਧਾਇਕ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿਘ ਦੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਵਿੱਚ ਸ਼ਾਮਲ ਹੋ ਗਏ। ਚਾਰ ਸਾਬਕਾ ਵਿਧਾਇਕਾਂ ਵਿਚੋਂ ਤਿੰਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਪੰਜਾਬ ਲੋਕ ਕਾਂਗਰਸ ਨੇ ਇਕ ਬਿਆਨ ਵਿੱਚ ਕਿਹਾ ਕਿ ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਅਮਰੀਕ ਸਿੰਘ ਆਲੀਵਾਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਫਰਜਾਨਾ ਆਲਮ ਅਤੇ ਰਾਜਵਿੰਦਰ ਕੌਰ ਭਾਗੀਕੇ, ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਮੋਹਨ ਸ਼ਰਮਾ ਅਤੇ ਸਤਵੀਰ ਸਿੰਘ ਪੱਲੀਝਿੱਕੀ ਤੇ ਪੰਜਾਬ ਆੜ੍ਹਤੀਆ ਸੰਗਠਨ ਦੇ ਪ੍ਰਧਾਨ ਵਿਜੇ ਕਾਲਰਾ ਵੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਗਾਇਕ ਬੂਟਾ ਮੁਹੰਮਦ ਸਵੇਰੇ ਭਾਜਪਾ ਅਤੇ ਸ਼ਾਮ ਨੂੰ ਕੈਪਟਨ ਨਾਲ ਦਿਸੇ
ਭਾਜਪਾ ਦੇ ਇਕ ਸਮਾਗਮ ਦੌਰਾਨ ਗਾਇਕ ਬੂਟਾ ਮੁਹੰਮਦ ਸਵੇਰੇ ਭਾਜਪਾ ਵਿਚ ਸ਼ਾਮਲ ਹੋਇਆ ਅਤੇ ਉਸ ਨੂੰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਿਰੋਪਾ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਤੋਂ ਬਾਅਦ ਸ਼ਾਮ ਦੇ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਫੋਟੋ ਜਾਰੀ ਕੀਤੀ ਗਈ, ਜਿਸ ਵਿਚ ਦਿਖਾਇਆ ਗਿਆ ਕਿ ਬੂਟਾ ਮੁਹੰਮਦ ਨੇ ਕੈਪਟਨ ਦੀ ‘ਪੰਜਾਬ ਲੋਕ ਕਾਂਗਰਸ’ ਜੁਆਇਨ ਕਰ ਲਈ ਹੈ। ਇਸ ਤੋਂ ਬਾਅਦ ਬੂਟਾ ਮੁਹੰਮਦ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਹ ਭਾਜਪਾ ਵਿਚ ਹੀ ਸ਼ਾਮਲ ਹੋਏ ਹਨ, ਜਦਕਿ ਆਪਣੇ ਨਜ਼ਦੀਕੀ ਗਾਇਕ ਨੂੰ ਕੈਪਟਨ ਦੀ ਪਾਰਟੀ ‘ਚ ਸ਼ਾਮਲ ਕਰਵਾਉਣ ਗਏ ਸਨ। ਜਦਕਿ ਬੂਟਾ ਮੁਹੰਮਦ ਨੂੰ ਕੈਪਟਨ ਨੇ ਆਪਣੀ ਪਾਰਟੀ ਦਾ ਸਿਰੋਪਾ ਦਿੱਤਾ ਗਿਆ ਸੀ।