ਕਪੂਰਥਲਾ/ਬਿਊਰੋ ਨਿਊਜ਼
ਕਪੂਰਥਲਾ ਜ਼ਿਲ੍ਹੇ ਦੇ ਕਸਬਾ ਫਗਵਾੜਾ ਵਿਚ ਪੀ.ਆਰ.ਟੀ.ਸੀ. ਦੀ ਸਰਕਾਰੀ ਬੱਸ ਵਿਚੋਂ ਵੱਡੀ ਮਾਤਰਾ ਵਿਚ ਚੂਰਾ-ਪੋਸਤ ਬਰਾਮਦ ਹੋਇਆ ਹੈ। ਪੁਲਿਸ ਨੇ ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਖਿਲਾਫ ਐਨ.ਡੀ.ਪੀ.ਐਸ. ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਇਹ ਕਾਰਵਾਈ ਫਗਵਾੜਾ ਦੀ ਪੁਲਿਸ ਵਲੋਂ ਕੀਤੀ ਗਈ ਹੈ। ਥਾਣਾ ਸਿਟੀ ਫਗਵਾੜਾ ਵਿਚ ਤੈਨਾਤ ਏ.ਐਸ.ਆਈ. ਜਿਤੇਂਦਰ ਪਾਲ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ। ਉਨ੍ਹਾਂ ਨੇ ਜਦੋਂ ਫਗਵਾੜਾ ਦੇ ਬੱਸ ਅੱਡੇ ’ਤੇ ਇਸ ਬੱਸ ਦੀ ਚੈਕਿੰਗ ਕੀਤੀ ਤਾਂ 53 ਕਿਲੋ 500 ਗਰਾਮ ਚੂਰਾ-ਪੋਸਤ ਬਰਾਮਦ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਰਕਾਰੀ ਬੱਸ ਦਿੱਲੀ-ਕਪੂਰਥਲਾ ਰੂਟ ’ਤੇ ਚੱਲਦੀ ਸੀ। ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਇਨ੍ਹਾਂ ਦੋਵਾਂ ਨੂੰ ਪੁੱਛਗਿੱਛ ਲਈ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।