7.7 C
Toronto
Friday, November 14, 2025
spot_img
Homeਪੰਜਾਬਗੁੰਮ ਹੋਇਆ ਅਮਰਜੀਤ ਸਿੰਘ ਵਤਨ ਪਰਤਿਆ

ਗੁੰਮ ਹੋਇਆ ਅਮਰਜੀਤ ਸਿੰਘ ਵਤਨ ਪਰਤਿਆ

ਅਟਾਰੀ/ਬਿਊਰੋ ਨਿਊਜ਼ : ਭਾਰਤੀ ਸਿੱਖ ਜਥੇ ਵਿੱਚੋਂ ਨਨਕਾਣਾ ਸਾਹਿਬ ਵਿਖੇ ਅਚਾਨਕ ਗੁੰਮ ਹੋਣ ਵਾਲੇ ਭਾਰਤੀ ਨਾਗਰਿਕ ਅਮਰਜੀਤ ਸਿੰਘ (23) ਨੂੰ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ।
ਸੁਰੱਖਿਆ ਏਜੰਸੀਆਂ ਨੇ ਉਸ ਤੋਂ ਕਈ ਘੰਟੇ ਪੁੱਛ ਪੜਤਾਲ ਕਰਨ ਬਾਅਦ ਘਰਦਿਆਂ ਦੇ ਹਵਾਲੇ ਕਰ ਦਿੱਤਾ ਹੈ। ਅਮਰਜੀਤ ਸਿੰਘ ਨੂੰ ਔਕਾਫ਼ ਬੋਰਡ ਦੇ ਅਧਿਕਾਰੀ ਲੈ ਕੇ ਵਾਹਗਾ ਸਰਹੱਦ ਪੁੱਜੇ ਅਤੇ ਬਾਅਦ ਦੁਪਹਿਰ ਵਾਹਗਾ-ਅਟਾਰੀ ਸਰਹੱਦ ਵਿਖੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਭਾਰਤ ਦੇ ਸੀਮਾ ਸੁਰੱਖਿਆ ਬਲ ਅਤੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਹਵਾਲੇ ਕੀਤਾ ਗਿਆ।
ਅਟਾਰੀ ਸਰਹੱਦ ਉੱਤੇ ਸਥਿਤ ਪੋਸਟ ‘ਤੇ ਲੰਬਾ ਸਮਾਂ ਪੁੱਛਗਿੱਛ ਕਰਨ ਉਪਰੰਤ ਅਮਰਜੀਤ ਸਿੰਘ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਅਮਰਜੀਤ ਸਿੰਘ ਨੂੰ ਲੈਣ ਲਈ ਉਸਦਾ ਪਰਿਵਾਰ ਸਵੇਰ ਤੋਂ ਰੇਲਵੇ ਸਟੇਸ਼ਨ ਅਟਾਰੀ ਦੇ ਬਾਹਰ ਬੈਠਾ ਸੀ ਪਰ ਬਾਅਦ ਦੁਪਹਿਰ ਪਰਿਵਾਰ ਨੂੰ ਅਟਾਰੀ ਸਰਹੱਦ ਉੱਤੇ ਲਿਜਾਇਆ ਗਿਆ। ਅਟਾਰੀ ਸਰਹੱਦ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਨੇ ਦੱਸਿਆ ਕਿ ਗੁਰਧਾਮਾਂ ਦੀ ਯਾਤਰਾ ਦੌਰਾਨ ਉਸ ਕੋਲੋਂ ਗਲਤੀ ਹੋ ਗਈ।ਉਸ ਨੂੰ ਪਾਸਪੋਰਟ ਵੀਜ਼ਾ 15 ਦਿਨ ਦਾ ਹੋਣ ਦਾ ਭੁਲੇਖਾ ਲੱਗ ਗਿਆ ਤੇ ਉਹ ਸ਼ੇਖੂਪੁਰਾ ਵਿੱਚ ਰਹਿੰਦੇ ਫੇਸਬੁੱਕ ਫਰੈਂਡ ਆਮਿਦ ਰਿਆਜ਼ ਨੂੰ ਮਿਲਣ ਚਲਾ ਗਿਆ।
ਕਿਰਨ ਬਾਲਾ ਨੂੰ ਪਾਕਿ ਨੇ ਦਿੱਤਾ ਛੇ ਮਹੀਨੇ ਦਾ ਵੀਜ਼ਾ
ਅਟਾਰੀ ਸਰਹੱਦ : ਕਿਰਨ ਬਾਲਾ ਉਰਫ ਆਮਨਾ ਬੀਬੀ ਨੂੰ ਪਾਕਿਸਤਾਨ ਨੇ ਛੇ ਮਹੀਨਿਆਂ ਦਾ ਵੀਜ਼ਾ ਦੇ ਦਿੱਤਾ ਹੈ। ਕਿਰਨ ਵਲੋਂ ਪਾਕਿਸਤਾਨ ਵਿਚ ਪਨਾਹ ਲੈਣ ਲਈ ਲਾਹੌਰ ਹਾਈਕੋਰਟ ਨੂੰ ਦਿੱਤੀ ਗਈ ਅਰਜ਼ੀ ‘ਤੇ ਅਦਾਲਤ ਨੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੂੰ ਇਸ ‘ਤੇ ਇਕ ਮਹੀਨੇ ਵਿਚ ਫੈਸਲਾ ਦੇਣ ਦੇ ਹੁਕਮ ਜਾਰੀ ਕੀਤੇ ਪਰ ਹੁਣ ਪਾਕਿ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਕਿਰਨ ਨੂੰ 6 ਮਹੀਨੇ ਦਾ ਵੀਜ਼ਾ ਦੇ ਦਿੱਤਾ। ਭਾਰਤੀ ਜਥੇ ਦੇ ਵਾਪਸ ਪਰਤਣ ਸਮੇਂ ਤੱਕ ਕਿਰਨ ਬਾਲਾ ਤੇ ਉਸਦਾ ਪਤੀ ਮੁਹੰਮਦ ਆਜ਼ਮ ਇਸਲਾਮਾਬਾਦ ਵਿਖੇ ਹੀ ਬੈਠੇ ਸਨ। ਵੀਜ਼ਾ ਮਿਲਣ ਬਾਅਦ ਦੋਵੇਂ ਜਣੇ ਖੁਸ਼ੀ-ਖੁਸ਼ੀ ਇਸਲਾਮਾਬਾਦ ਤੋਂ ਲਾਹੌਰ ਚਲੇ ਗਏ। ਹੁਣ ਛੇ ਮਹੀਨੇ ਦੇ ਵੀਜ਼ੇ ਵਾਲੇ ਕਾਗਜ਼ਾਤ ਪਾਕਿ ਸਥਿਤ ਭਾਰਤੀ ਦੂਤਘਰ ਨੂੰ ਸੌਂਪੇ ਜਾਣਗੇ।

RELATED ARTICLES
POPULAR POSTS