Breaking News
Home / ਪੰਜਾਬ / ਕੈਪਟਨ ਸਰਕਾਰ ਦੇ 11 ਕੈਬਨਿਟ ਮੰਤਰੀਆਂ ਨੇ ਚੁੱਕੀ ਸਹੁੰ

ਕੈਪਟਨ ਸਰਕਾਰ ਦੇ 11 ਕੈਬਨਿਟ ਮੰਤਰੀਆਂ ਨੇ ਚੁੱਕੀ ਸਹੁੰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਮੰਤਰੀਆਂ ਦੀ ਗਿਣਤੀ 18 ਹੋਈ
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਕੈਪਟਨ ਵਜ਼ਾਰਤ ਦੇ ਨੌਂ ਨਵੇਂ ਮੰਤਰੀਆਂ ਰਾਜ ਭਵਨ ਵਿੱਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ। ਇਨ੍ਹਾਂ ਤੋਂ ਇਲਾਵਾ ਸ੍ਰੀਮਤੀ ਅਰੁਣਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਨੂੰ ਵੀ ਤਰੱਕੀ ਦੇ ਕੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਮੁੱਖ ਮੰਤਰੀ ਨੂੰ ਮਿਲਾ ਕੇ ਹੁਣ ਮੰਤਰੀ ਮੰਡਲ ਵਿਚ ਮੰਤਰੀਆਂ ਦੀ ਗਿਣਤੀ 18 ਹੋ ਗਈ ਹੈ। ਜਿਹੜੇ ਨਵੇਂ ਮੰਤਰੀ ਬਣਾਏ ਗਏ ਉਨ੍ਹਾਂ ਵਿਚ ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਂਗੜ, ਓ.ਪੀ. ਸੋਨੀ, ਭਾਰਤ ਭੂਸ਼ਣ ਆਸ਼ੂ, ਰਾਣਾ ਸੋਢੀ, ਸੁਖਜਿੰਦਰ ਸਿੰਘ ਰੰਧਾਵਾ, ਸੁੰਦਰ ਸ਼ਿਆਮ ਅਰੋੜਾ ਅਤੇ ਵਿਜੇਇੰਦਰ ਸਿੰਗਲਾ ਦਾ ਨਾਂ ਸ਼ਾਮਲ ਹੈ।
ਮੁੱਖ ਮੰਤਰੀ ਨੇ ਵਜ਼ਾਰਤ ਵਿਚ ਵਾਧਾ ਕਰਕੇ ਵਿਧਾਇਕਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ ਪਰ ਦਲਿਤਾਂ ਅਤੇ ਪੱਛੜੀਆਂ ਜਾਤੀਆਂ ਵਿਚ ਵਜ਼ਾਰਤ ਵਿਚ ਵਾਧੇ ਸਮੇਂ ਪ੍ਰਤੀਨਿਧਤਾ ਨਾ ਮਿਲਣ ਕਰ ਕੇ ਨਾਰਾਜ਼ਗੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ। ਇਸ ਮੁਤਾਬਕ ਮੁੱਖ ਮੰਤਰੀ ਨੇ ਆਪਣੇ ਕੋਲ 19 ਵਿਭਾਗ ਰੱਖੇ ਹਨ। ਦੋ-ਤਿੰਨ ਮੰਤਰੀਆਂ ਦੇ ਵਿਭਾਗਾਂ ਵਿਚ ਫੇਰ ਬਦਲ ਕੀਤਾ ਗਿਆ ਹੈ। ਦੋਵਾਂ ਮਹਿਲਾ ਮੰਤਰੀਆਂ ਦੇ ਵਿਭਾਗ ਬਦਲ ਦਿਤੇ ਗਏ ਹਨ। ਸਿੱਖਿਆ ਵਿਭਾਗ ਦੋ ਮੰਤਰੀਆਂ ਨੂੰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਨਵੇਂ ਮੰਤਰੀ ਓ.ਪੀ. ਸੋਨੀ ਅਤੇ ਉਚੇਰੀ ਸਿੱਖਿਆ ਰਜ਼ੀਆ ਸੁਲਤਾਨਾ ਨੂੰ ਦਿੱਤੀ ਗਈ ਹੈ। ਨਵਜੋਤ ਸਿੱਧੂ, ਮਨਪ੍ਰੀਤ ਬਾਦਲ, ਸਾਧੂ ਸਿੰਘ ਧਰਮਸੋਤ, ਚਰਨਜੀਤ ਸਿੰਘ ਚੰਨੀ ਕੋਲ ਪਹਿਲਾਂ ਵਾਲੇ ਹੀ ਵਿਭਾਗ ਰਹਿਣਗੇ। ਪਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੰਚਾਇਤਾਂ ਤੇ ਪੇਂਡੂ ਵਿਕਾਸ ਦੇ ਨਾਲ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਬ੍ਰਹਮ ਮਹਿੰਦਰਾ ਨੂੰ ਪਹਿਲੇ ਵਿਭਾਗਾਂ ਦੇ ਨਾਲ ਨਵਾਂ ਸ਼ਿਕਾਇਤ ਨਿਵਾਰਨ ਵਿਭਾਗ ਦਿਤਾ ਗਿਆ ਹੈ। ਸੋਨੀ ਨੂੰ ਸਕੂਲ ਸਿੱਖਿਆ ਦੇ ਨਾਲ ਸੁਤੰਤਰਤਾ ਸੈਨਾਨੀ ਵਿਭਾਗ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਅਤੇ ਅਰੁਣਾ ਚੌਧਰੀ ਨੂੰ ਸਮਾਜਿਕ ਸੁਰੱਖਿਆ, ਔਰਤਾਂ ਤੇ ਬਾਲ ਵਿਕਾਸ ਵਿਭਾਗ ਦੇ ਨਾਲ ਟਰਾਂਸਪੋਰਟ ਵਿਭਾਗ ਦਿੱਤਾ ਹੈ। ਰਜ਼ੀਆ ਸੁਲਤਾਨਾ ਨੂੰ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਦਿੱਤਾ ਗਿਆ ਹੈ। ਸੁੱਖ ਸਰਕਾਰੀਆ ਨੂੰ ਮਾਲ, ਮੁੜ ਵਸੇਬਾ, ਪਾਣੀ ਸੋਮੇ ਅਤੇ ਖਣਨ ਵਿਭਾਗ, ਗੁਰਪ੍ਰੀਤ ਸਿੰਘ ਕਾਂਗੜ ਨੂੰ ਬਿਜਲੀ, ਨਵਿਆਉਣਯੋਗ ਊਰਜਾ, ਬਲਬੀਰ ਸਿੰਘ ਸਿੱਧੂ ਨੂੰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ, ਵਿਜੇਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ, ਸੁੰਦਰ ਸ਼ਿਆਮ ਅਰੋੜਾ ਨੂੰ ਸਨਅਤ ਅਤੇ ਵਣਜ ਵਿਭਾਗ ਦਿਤਾ ਹੈ। ਭਾਰਤ ਭੁਸਣ ਆਸ਼ੂ ਨੂੰ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਿੱਤਾ ਗਿਆ ਹੈ। ਪਹਿਲਾਂ ਰਾਜ ਭਵਨ ਵਿੱਚ ਹੋਏ ਹਲਫ਼ਦਾਰੀ ਸਮਾਗਮ ਵਿੱਚ ਰਾਜਪਾਲ ਨੇ ਸਭ ਤੋਂ ਪਹਿਲਾਂ ਸੀਨੀਅਰ ਵਿਧਾਇਕ ਓ.ਪੀ. ਸੋਨੀ ਨੂੰ ਸਹੁੰ ਚੁਕਾਈ। ਉਨ੍ਹਾਂ ਤੋਂ ਬਾਅਦ ਰਾਣਾ ਗੁਰਮੀਤ ਸਿੰਘ ਸੋਢੀ ਤੇ ਫਿਰ ਤੀਜੇ ਤੇ ਚੌਥੇ ਸਥਾਨ ‘ਤੇ ਮਹਿਲਾ ਮੰਤਰੀਆਂ ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਨੂੰ ਰਾਜ ਮੰਤਰੀਆਂ ਤੋਂ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ।
ਪੰਜਵੇਂ ਨੰਬਰ ‘ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਹੁੰ ਚੁਕਾਈ ਗਈ। ਛੇਵੇਂ ਨੰਬਰ ‘ਤੇ ਮਾਝੇ ਤੋਂ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਸੁੱਖ ਸਰਕਾਰੀਆ ਨੂੰ ਸਹੁੰ ਚੁਕਾਈ ਜਾਣੀ ਸੀ ਪਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਸਹੁੰ ਚੁਕਾ ਦਿੱਤੀ ਗਈ ਪਰ ਇਸ ਗਲਤੀ ਨੂੰ ਮੁੱਖ ਸਕੱਤਰ ਨੇ ਉਸੇ ਸਮੇਂ ਹੀ ਸੁਧਾਰ ਲਿਆ ਗਿਆ।
ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਅੱਠਵੇਂ, ਸੰਗਰੂਰ ਤੋਂ ਨੌਜਵਾਨ ਆਗੂ ਵਿਜੇਇੰਦਰ ਸਿੰਗਲਾ ਨੂੰ ਨੌਵੇਂ, ਫਿਰ ਸੁੰਦਰ ਸ਼ਿਆਮ ਅਰੋੜਾ ਅਤੇ ਅਖੀਰ ਲੁਧਿਆਣਾ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਸਹੁੰ ਚੁਕਾਉਣ ਨਾਲ ਸਮਾਗਮ ਖਤਮ ਹੋ ਗਿਆ।
ਸਮਾਗਮ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਸਾਬਕਾ ਮੰਤਰੀ ਲਾਲ ਸਿੰਘ, ਅਮਰਜੀਤ ਸਿੰਘ ਸਮਰਾ, ਕੈਪਟਨ ਵਜ਼ਾਰਤ ਦੇ ਸਾਰੇ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਮੰਤਰੀ ਨਾ ਬਣਾਏ ਜਾਣ ਕਾਰਨ ਨਾਰਾਜ਼ ਵਿਧਾਇਕਾਂ ਵਿੱਚੋਂ ਕੁਲਜੀਤ ਸਿੰਘ ਨਾਗਰਾ ਨੂੰ ਛੱਡ ਕੇ ਬਾਕੀ ਹਾਜ਼ਰ ਨਹੀਂ ਹੋਏ। ਨਾਰਾਜ਼ ਵਿਧਾਇਕਾਂ ਵਿਚ ਰਾਜ ਕੁਮਾਰ ਵੇਰਕਾ, ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ, ਨਵਤੇਜ ਸਿੰਘ ਚੀਮਾ, ਸੰਗਤ ਸਿੰਘ ਗਿਲਜੀਆਂ, ਕਾਕਾ ਰਣਦੀਪ ਸਿੰਘ, ਰਾਕੇਸ਼ ਪਾਂਡੇ ਆਦਿ ਸ਼ਾਮਲ ਹਨ। ਮੁੱਖ ਸਕੱਤਰ ਨੇ ਸਾਰਾ ਸਮਾਗਮ ਅੰਗਰੇਜ਼ੀ ਵਿੱਚ ਚਲਾਇਆ ਪਰ ਸਮਾਗਮ ਖਤਮ ਕਰਨ ‘ਤੇ ਚਾਹ ਪੀਣ ਦਾ ਸੱਦਾ ਪੰਜਾਬੀ ਵਿੱਚ ਦਿੱਤਾ।
ਪਾਰਟੀ ‘ਚ ਕੋਈ ਵਿਧਾਇਕ ਨਾਰਾਜ਼ ਨਹੀਂ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਮੰਤਰੀਆਂ ਦੀ ਚੋਣ ਵਿਚ ਪੱਖਪਾਤ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਰੇ ਵਰਗਾਂ ਅਤੇ ਖੇਤਰਾਂ ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਵਿਚ ਕੋਈ ਵੀ ਨਾਰਾਜ਼ ਨਹੀਂ ਹੈ। ਕੁਝ ਕਾਂਗਰਸੀ ਵਿਧਾਇਕਾਂ ਵਿਚ ਅਸੰਤੁਸ਼ਟੀ ਸਬੰਧੀ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਖੇਤਰੀ ਅਤੇ ਜਾਤੀ ਸੰਤੁਲਨ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਕੁਝ ਵਿਧਾਇਕਾਂ ਵੱਲੋਂ ਪਾਰਟੀ ਅਹੁਦਿਆਂ ਨੂੰ ਛੱਡੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਮੁੱਦਿਆਂ ਨੂੰ ਆਪਸੀ ਗੱਲਬਾਤ ਨਾਲ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਵਿਚ ਪਹਿਲਾਂ ਹੀ ਚਾਰ ਦਲਿਤ ਮੰਤਰੀ ਹਨ ਜਿਸ ਕਰ ਕੇ ਇਸ ਭਾਈਚਾਰੇ ਵਿਚੋਂ ਹੋਰ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਵਜ਼ਾਰਤ ਵਿਚ ਤਕਰੀਬਨ 25 ਫੀਸਦੀ ਦਲਿਤਾਂ ਦੀ ਨੁਮਾਇੰਦਗੀ ਹੈ। ਸਥਾਨ ਨਾ ਪ੍ਰਾਪਤ ਕਰ ਸਕਣ ਵਾਲੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀਆਂ ਤੋਂ ਲੈ ਕੇ ਯੋਜਨਾ ਬੋਰਡਾਂ ਤੱਕ 7000 ਅਹੁਦੇ ਹਨ ਜੋ ਪਾਰਟੀ ਵਰਕਰਾਂ ਨੂੰ ਦਿੱਤੇ ਜਾ ਸਕਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇਗੀ।
ਗਿਲਜੀਆਂ, ਨੱਥੂ ਰਾਮ ਤੇ ਧੀਮਾਨ ਨੇ ਕਾਂਗਰਸ ਪਾਰਟੀ ਦੇ ਅਹੁਦੇ ਛੱਡੇ
ਮਲੋਟ : ਸੂਬੇ ਦੀ ਕਾਂਗਰਸ ਵਜ਼ਾਰਤ ਦੇ ਵਾਧੇ ਦੌਰਾਨ ਅਨੂਸੂਚਿਤ ਜਾਤਾਂ ਤੇ ਪਛੜੇ ਵਰਗਾਂ ਨੂੰ ‘ਹਾਸ਼ੀਏ’ ਉਤੇ ਰੱਖੇ ਜਾਣ ਖ਼ਿਲਾਫ਼ ਬਾਗ਼ੀ ਸੁਰਾਂ ਤੇਜ਼ ਹੋ ਗਈਆਂ ਹਨ। ਪਿਛਲੇ ਦਿਨੀਂ ਇਸ ਮਾਮਲੇ ਵਿਚ ਪਛੜੇ ਵਰਗਾਂ ਨਾਲ ਸਬੰਧਤ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਵੱਲੋਂ ਕਾਂਗਰਸ ਪਾਰਟੀ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਜਾਣ ਤੋਂ ਬਾਅਦ ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਐਸਸੀ ਵਿੰਗ ਦੀ ਨੁਮਾਇੰਦਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਮਰਗੜ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵੀ ਆਪਣੇ ਕਾਂਗਰਸੀ ਅਹੁਦੇ ਤਿਆਗ ਦਿੱਤੇ ਹਨ। ਨੱਥੂ ਰਾਮ ਦੇ ਤਰਜਮਾਨ ਵਿਨੋਦ ਕੁਮਾਰ ਨੇ ਦੱਸਿਆ ਕੈਪਟਨ ਸਰਕਾਰ ਵਿੱਚ ਪਹਿਲਾਂ ਵੀ ਐੱਸਸੀ ਅਤੇ ਬੀਸੀ ਵਰਗ ਦੇ ਵਿਧਾਇਕਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਮਿਲੀ ਸੀ। ਬੀਸੀ ਵਰਗ ਨੂੰ ਪਹਿਲਾਂ ਵੀ ਅੱਖੋਂ ਪਰੋਖੇ ਕੀਤਾ ਗਿਆ ਜਦਕਿ ਰਾਜ ਕੁਮਾਰ ਵੇਰਕਾ, ਨਿਰਮਲ ਸਿੰਘ ਵਰਗੇ ਸੀਨੀਅਰ ਆਗੂਆਂ ਨੂੰ ਵੀ ਅਹੁਦੇਦਾਰੀ ਤੋਂ ਵਾਂਝੇ ਰੱਖਿਆ ਗਿਆ।
ਮੰਤਰੀ ਮੰਡਲ ‘ਚ ਵਾਧੇ ਖਿਲਾਫ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ
ਚੰਡੀਗੜ੍ਹ : ਮੰਤਰੀ ਮੰਡਲ ‘ਚ ਨਵੇਂ ਸ਼ਾਮਲ ਹੋਏ ਨੌ ਮੰਤਰੀਆਂ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਕੈਬਨਿਟ ‘ਚ ਵਾਧੇ ‘ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇਕ ਪਟੀਸ਼ਨ ਦਾਖਲ ਹੋਈ ਸੀ। ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 9 ਮਈ ਤੱਕ ਜਵਾਬ ਮੰਗ ਲਿਆ ਹੈ। ਪਟੀਸ਼ਨਕਰਤਾ ਨੇ ਪਟੀਸ਼ਨ ‘ਚ ਦੋਸ਼ ਲਗਾਇਆ ਹੈ ਕਿ ਇਹ ਨਿਯੁਕਤੀਆਂ ਕਾਨੂੰਨ ਦੇ ਉਲਟ ਹਨ। ਨੌਂ ਨਵੇਂ ਮੰਤਰੀ ਸ਼ਾਮਲ ਕਰਨ ਨਾਲ ਸਰਕਾਰ ‘ਚ ਕੈਬੀਨਿਟ ਦਰਜਾ ਹਾਸਲ ਕਰਨ ਵਾਲੇ ਵਿਅਕਤੀਆਂ ਤੇ ਵਿਧਾਇਕਾਂ ਦੀ ਗਿਣਤੀ ਤੈਅ 15 ਫੀਸਦੀ ਤੋਂ ਵੱਧ ਹੋ ਜਾਵੇਗੀ ਤੇ ਮੰਤਰੀ ਮੰਡਲ ‘ਚ 15 ਫੀਸਦੀ ਤੋਂ ਵੱਧ ਮੰਤਰੀ ਸ਼ਾਮਲ ਕਰਨਾ ਗੈਰ ਕਾਨੂੰਨੀ ਹੈ।
ਨਵਜੋਤ ਸਿੱਧੂ ਅਤੇ ਮਨਪ੍ਰੀਤ ਵੀ ਖਫਾ
ਜਲੰਧਰ : ਪੰਜਾਬ ਵਿਚ ਮੰਤਰੀ ਮੰਡਲ ਵਿਸਤਾਰ ਕੀ ਹੋਇਆ ਸਮਝੋ ਕਾਂਗਰਸ ਵਿਚ ਬਵਾਲ ਹੀ ਖੜ੍ਹਾ ਹੋ ਗਿਆ ਹੈ। ਇਸੇ ਕੜੀ ਵਿਚ ਸੀਨੀਆਰਟੀ ਸੂਚੀ ਵਿਚ ਸ਼ਾਮਲ ਕਈ ਅਜਿਹੇ ਵਿਧਾਇਕ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅੰਦਰਖਾਤੇ ਲਾਬਿੰਗ ਕਰਨ ਲਈ ਸਰਗਰਮ ਹੋ ਗਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਸੀਨੀਆਰਟੀ ਦੇ ਬਾਵਜੂਦ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਪਰ ਪਹਿਲਾਂ ਤੋਂ ਬਣੇ ਦੋ ਕੈਬਨਿਟ ਮੰਤਰੀਆਂ ਦੀ ਨਾਰਾਜ਼ਗੀ ਵੀ ਸਾਹਮਣੇ ਆਉਣ ਲੱਗੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਗਲੇ ਦੀ ਹੱਡੀ ਸਾਬਤ ਹੋ ਸਕਦੀ ਹੈ। ਇਸੇ ਕੜੀ ਵਿਚ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਵੀ ਰੋਸ ਉਸ ਸਮੇਂ ਸਾਹਮਣੇ ਆਇਆ ਜਦੋਂ ਦੋਵੇਂ ਨੇਤਾ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਰੋਹ ਵਿਚ ਰਾਜ ਭਵਨ ਤਾਂ ਪਹੁੰਚੇ ਪਰ ਪ੍ਰੋਗਰਾਮ ਦੇ ਅਖੀਰ ਵਿਚ ਬਿਨਾਂ ਕੁਝ ਖਾਧੇ-ਪੀਤੇ ਹੀ ਉਥੋਂ ਵਾਪਸ ਪਰਤ ਗਏ।
ਕੈਪਟਨ ਅਮਰਿੰਦਰ ਦੀ ਮੌਜੂਦਗੀ ‘ਚ ਨਵੇਂ ਮੰਤਰੀਆਂ ਨੇ ਸੰਭਾਲੇ ਅਹੁਦੇ
ਚੰਡੀਗੜ੍ਹ : ਸੂਬਾ ਸਰਕਾਰ ਵਿਚ ਜੋਸ਼ ਦੀ ਨਵੀਂ ਲਹਿਰ ਭਰਦਿਆਂ ਪੰਜਾਬ ਵਜ਼ਾਰਤ ਦੇ ਨਵੇਂ ਮੰਤਰੀਆਂ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਵਿਭਾਗਾਂ ਦੇ ਅਹੁਦੇ ਸੰਭਾਲ ਲਏ। ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਲੋਕ ਸੇਵਾ ਲਈ ‘ਬਿਹਤਰੀਨ’ ਵਿਅਕਤੀ ਚੁਣੇ ਗਏ ਹਨ ਅਤੇ ਉਹ ਵਧੀਆ ਕਾਰਗੁਜ਼ਾਰੀ ਦਿਖਾਉਣਗੇ।
ਕੈਪਟਨ ਅਮਰਿੰਦਰ ਸਿੰਘ ਹੋਰ ਸੀਨੀਅਰ ਪਾਰਟੀ ਸਾਥੀਆਂ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅਹੁਦਾ ਸੰਭਾਲਣ ਲਈ ਛੇਵੀਂ ਮੰਜ਼ਿਲ ‘ਤੇ ਗਏ। ਇਸ ਉਪਰੰਤ ਮੁੱਖ ਮੰਤਰੀ ਪੰਜਵੀਂ ਮੰਜ਼ਿਲ ‘ਤੇ ਗਏ, ਜਿੱਥੇ ਉਨ੍ਹਾਂ ਦੀ ਹਾਜ਼ਰੀ ਵਿਚ ਲੋਕ ਨਿਰਮਾਣ ਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੇ ਇੰਦਰ ਸਿੰਗਲਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪੋ-ਆਪਣੇ ਦਫ਼ਤਰਾਂ ਵਿਚ ਅਹੁਦਾ ਸੰਭਾਲਿਆ। ਅਖੀਰ ਵਿਚ ਸਿੱਖਿਆ ਤੇ ਵਾਤਾਵਰਣ ਮੰਤਰੀ ਓ. ਪੀ. ਸੋਨੀ ਅਤੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਅਹੁਦਾ ਸੰਭਾਲਿਆ। ઠਮੁੱਖ ਮੰਤਰੀ ਉਚੇਰੀ ਸਿੱਖਿਆ ਬਾਰੇ ਮੰਤਰੀ ਰਜ਼ੀਆ ਸੁਲਤਾਨਾ ਦੇ ਵੀ ਦਫ਼ਤਰ ਗਏ, ਜਿਨ੍ਹਾਂ ਨੂੰ ਹਾਲ ਹੀ ਵਿਚ ਹੋਏ ਕੈਬਨਿਟ ਦੇ ਵਿਸਥਾਰ ਵਿਚ ਰਾਜ ਮੰਤਰੀ ਤੋਂ ਤਰੱਕੀ ਦੇ ਕੇ ਕੈਬਨਿਟ ਰੈਂਕ ਦਿੱਤਾ ਗਿਆ ਹੈ।
ਬਾਅਦ ਵਿਚ ਮੀਡੀਆ ਵੱਲੋਂ ਪੁੱਛੇ ਸਵਾਲ ਉਤੇ ਮੁੱਖ ਮੰਤਰੀ ਨੇ ਦਲਿਤ/ਓ. ਬੀ. ਸੀ. ਭਾਈਚਾਰੇ ਨੂੰ ਵਜ਼ਾਰਤ ਵਿਚ ਢੁੱਕਵੀਂ ਨੁਮਾਇੰਦਗੀ ਦੇਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ 77 ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਸਕਦਾ ਪਰ ਜਿਹੜੇ ਰਹਿ ਗਏ ਹਨ, ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ, ਜਿਸ ਬਾਰੇ ਉਨ੍ਹਾਂ ਵੱਲੋਂ ਪਹਿਲਾਂ ਹੀ ਵਾਅਦਾ ਕੀਤਾ ਗਿਆ ਹੈ। ਕੁਝ ਮੰਤਰੀਆਂ ਕੋਲ ਆਪਣੇ ਵਿਭਾਗਾਂ ਦੀ ਅਗਵਾਈ ਕਰਨ ਲਈ ਢੁੱਕਵੀਂ ਵਿੱਦਿਅਕ ਯੋਗਤਾ ਨਾ ਹੋਣ ਬਾਰੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਕੋਲ ਕੰਮ-ਕਾਜ ਵਿਚ ਮਦਦ ਲਈ ਯੋਗ ਅਤੇ ਤਜਰਬੇਕਾਰ ਸਟਾਫ ਹੈ। ਇਸ ਮੌਕੇ ਉਨ੍ਹਾਂ ਵਿਅੰਗ ਕੀਤਾ ਕਿ ਰੱਖਿਆ ਮੰਤਰੀ ਫ਼ੌਜ ਦਾ ਜਰਨੈਲ ਨਹੀਂ ਹੁੰਦਾ। ਕੈਪਟਨ ਨੇ ਕਿਹਾ ਕਿ ਵਜ਼ਾਰਤ ਵਿਚ ਵਾਧੇ ਨਾਲ ਕੰਮ ਦਾ ਮਿਆਰ ਵਧੇਗਾ ਜਦੋਂਕਿ ਸੂਬੇ ਦੀ ਸਥਿਤੀ ਵਿਚ ਸਮੁੱਚੇ ਤੌਰ ‘ਤੇ ਪਹਿਲਾਂ ਹੀ ਕਾਫ਼ੀ ਸੁਧਾਰ ਆਇਆ ਹੈ।
ਰੁੱਸੇ ਆਗੂਆਂ ਨੂੰ ਬੋਰਡਾਂ ਤੇ ਕਾਰਪਰੇਸ਼ਨਾਂ ‘ਚ ਕਰਾਂਗੇ ਅਡਜਸਟ : ਕੈਪਟਨ
ਚੰਡੀਗੜ੍ਹ : ਅਮਰਿੰਦਰ ਸਿੰਘ ਨੇ ਕਿਹਾ ਕਿ ਰੁੱਸੇ ਹੋਏ ਆਗੂਆਂ ਨੂੰ 7000 ਅਹੁਦਿਆਂ ‘ਤੇ ਐਡਜਸਟ ਕੀਤਾ ਜਾਵੇਗਾ ।ਇਹ ਅਹੁਦੇ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਹਨ। ਉਨ੍ਹਾਂ ਕਿਹਾ ਕਿ ਐਸਸੀ ਬੀਸੀ ਵਰਗ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਿਆ ਜਾਵੇਗਾ ਤੇ ਪਹਿਲਾਂ ਵੀ ਉਹ ਇਸ ਵਰਗ ਦਾ ਖਿਆਲ ਰੱਖਦੇ ਆਏ ਹਨ। ਇਸੇ ਦੌਰਾਨ ਪੰਜਾਬ ਵਜ਼ਾਰਤ ਦੇ ਨਵੇਂ ਮੰਤਰੀਆਂ ਨੇ ਕੈਪਟਨ ਦੀ ਮੌਜੂਦਗੀ ‘ਚ ਆਪਣੇ ਵਿਭਾਗਾਂ ਦਾ ਕਾਰਜਭਾਰ ਸੰਭਾਲ ਲਿਆ ਹੈ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਲੋਕ ਸੇਵਾ ਲਈ ‘ਬਿਹਤਰੀਨ’ ਵਿਅਕਤੀ ਚੁਣੇ ਗਏ ਹਨ। ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਚੀਨੀ ਭਾਸ਼ਾ ਪ੍ਰਾਈਵੇਟ ਸਕੂਲਾਂ ਵਿਚ ਤਾਂ ਪੜ੍ਹਾਈ ਜਾਣ ਲੱਗੀ ਹੈ, ਜਿੱਥੇ ਵੀ ਸਰਕਾਰੀ ਸਕੂਲਾਂ ਵਿੱਚ ਲੋੜ ਪਈ ਉੱਥੇ ਵੀ ਚੀਨੀ ਭਾਸ਼ਾ ਪੜ੍ਹਾਈ ਜਾਵੇਗੀ। ਉਨ੍ਹਾਂ ਕਿਹਾ ਕਿ ਚੀਨੀ ਭਾਸ਼ਾ ਪੜ੍ਹਾਉਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਚੀਨ ਪੰਜਾਬ ‘ਚ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਹੈ । ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਚੀਨ ਤੋਂ ਇਕ ਵਫ਼ਦ ਵੀ ਮੁੱਖ ਮੰਤਰੀ ਨਾਲ ਦੋ ਵਾਰ ਮੁਲਾਕਾਤ ਕਰਨ ਆ ਚੁੱਕਾ ਹੈ ਤੇ ਸਕੂਲਾਂ ਵਿਚ ਚੀਨੀ ਭਾਸ਼ਾ ਪੜ੍ਹਾਉਣ ਦਾ ਫ਼ੈਸਲਾ ਉਸ ਦੌਰਾਨ ਹੋਈ ਵਿਚਾਰ ਚਰਚਾ ਦਾ ਹਿੱਸਾ ਵੀ ਹੋ ਸਕਦਾ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …