Breaking News
Home / ਪੰਜਾਬ / ਫਿਲਮ ਅਦਾਕਾਰ ਹੌਬੀ ਧਾਲੀਵਾਲ ਤੇ ਮਾਹੀ ਗਿੱਲ ਭਾਜਪਾ ‘ਚ ਸ਼ਾਮਲ

ਫਿਲਮ ਅਦਾਕਾਰ ਹੌਬੀ ਧਾਲੀਵਾਲ ਤੇ ਮਾਹੀ ਗਿੱਲ ਭਾਜਪਾ ‘ਚ ਸ਼ਾਮਲ

ਮਹਿਲਾ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਲਈ
ਚੰਡੀਗੜ੍ਹ : ਫਿਲਮ ਜਗਤ ਨਾਲ ਜੁੜੀਆਂ ਦੋ ਹਸਤੀਆਂ ਹੌਬੀ ਧਾਲੀਵਾਲ ਅਤੇ ਮਾਹੀ ਗਿੱਲ ਨੇ ਭਗਵਾਂ ਪਾਰਟੀ ‘ਚ ਸ਼ਮੂਲੀਅਤ ਕੀਤੀ। ਇਸੇ ਦੌਰਾਨ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਮਹਿਲਾ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸਤਵਿੰਦਰ ਬਿੰਦਰਾ ਤੇ ਅਮਰਜੀਤ ਟਿੱਕਾ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਕਾਂਗਰਸੀ ਆਗੂਆਂ ਨੇ ਜਿੱਥੇ ਕਾਂਗਰਸ ਪਾਰਟੀ ਨੂੰ ਭੰਡਦਿਆਂ ਭਾਜਪਾ ਦੀਆਂ ਤਾਰੀਫ਼ਾਂ ਕੀਤੀਆਂ ਉਥੇ ਫਿਲਮ ਅਦਾਕਾਰਾਂ ਨੇ ਸਿਆਸੀ ਪਾਰਟੀ ਨਾਲ ਸਾਂਝ ਪਾ ਕੇ ਸਮਾਜ ਸੇਵਾ ਦਾ ਅਧਿਆਏ ਸ਼ੁਰੂ ਕਰਨ ਦਾ ਦਾਅਵਾ ਕੀਤਾ। ਹੌਬੀ ਧਾਲੀਵਾਲ ਕਿਸਾਨੀ ਅੰਦੋਲਨ ਨਾਲ ਸਿੱਧੇ ਤੌਰ ‘ਤੇ ਜੁੜੇ ਰਹੇ ਸਨ, ਨੂੰ ਮੀਡੀਆ ਨੇ ਸਵਾਲ ਕੀਤਾ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਸੰਘਰਸ਼ ਦੀ ਹਮਾਇਤ ਕਰਦਿਆਂ ਮੋਦੀ ਸਰਕਾਰ ਦੀ ਭੰਡੀ ਕਰਨ ਮਗਰੋਂ ਹੁਣ ਉਸੇ ਪਾਰਟੀ ਵਿੱਚ ਸ਼ਮੂਲੀਅਤ ਕਿਉਂ ਕੀਤੀ ਜਾ ਰਹੀ ਹੈ। ਇਸ ਦੇ ਜਵਾਬ ਵਿੱਚ ਹੌਬੀ ਧਾਲੀਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਜੇਕਰ ਕਿਸਾਨੀ ਦਾ ਸੰਘਰਸ਼ ਸਹੀ ਤਾਂ ਉਸ ਨੇ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਤਿੰਨੋ ਖੇਤੀ ਕਾਨੂੰਨ ਵਾਪਸ ਹੀ ਲੈ ਲਏ ਹਨ ਤਾਂ ਹੁਣ ਵਿਵਾਦ ਖ਼ਤਮ ਹੋ ਗਿਆ ਸਮਝਿਆ ਜਾਣਾ ਚਾਹੀਦਾ ਹੈ। ਅਦਾਕਾਰਾ ਮਾਹੀ ਗਿੱਲ ਨੇ ਕਿਹਾ ਕਿ ਪੰਜਾਬੀ ਤੇ ਹਿੰਦੀ ਸਿਨੇਮਾ ਨਾਲ ਜੁੜ ਕੇ ਉਸ ਨੇ ਬਹੁਤ ਕੰਮ ਕੀਤਾ ਹੈ ਤੇ ਹੁਣ ਉਹ ਭਾਜਪਾ ਨਾਲ ਜੁੜ ਕੇ ਸਮਾਜ ਭਲਾਈ ਦਾ ਕੰਮ ਕਰਨ ਲਈ ਸਿਆਸਤ ਵਿੱਚ ਆਈ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਸੁਨਾਮ ਵਿਧਾਨ ਸਭਾ ਹਲਕੇ ਤੋਂ ਟਿਕਟ ਕੱਟੇ ਜਾਣ ਤੋਂ ਨਾਰਾਜ਼ ਮਹਿਲਾ ਆਗੂ ਦਮਨ ਥਿੰਦ ਬਾਜਵਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਮਿਹਨਤ ਵਾਲੇ ਆਗੂਆਂ ਦੀ ਬੇਕਦਰੀ ਹੋ ਰਹੀ ਹੈ। ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਇੱਕ ਹੋਰ ਆਗੂ ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਪੰਜਾਬ ਵਿੱਚ ਟਿਕਟਾਂ ਵੇਚ ਕੇ ਪੈਸਾ ਇਕੱਠਾ ਕੀਤਾ ਤਾਂ ਜੋ ਉਤਰ ਪ੍ਰਦੇਸ਼ ਦੀਆਂ ਚੋਣਾਂ ਲੜੀਆਂ ਜਾ ਸਕਣ।

 

 

Check Also

ਪੰਜਾਬ ਸਰਕਾਰ ਨੂੰ ਜਾਰੀ ਐੱਨਜੀਟੀ ਦੇ ਹੁਕਮਾਂ ’ਤੇ ਸੁਪਰੀਮ ਕੋਰਟ ਨੇ ਲਾਈ ਰੋਕ

  1 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਦੇ ਭੁਗਤਾਨ ਲਈ ਜਾਰੀ ਹੋਇਆ …