ਕਿਹਾ – ਮੈਨੂੰ ਮੁਆਫ਼ ਕਰ ਦਿਓ ਜਥੇਦਾਰ ਸਾਹਿਬ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਵਿਵਾਦਤ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਪੰਥ ਵਿਚ ਵਾਪਸੀ ਲਈ ਤਰਲੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਲੰਗਾਹ ਨੇ ਆਪਣੀ ਗਲਤੀ ਨੂੰ ਮੰਨਦਿਆਂ ਅੱਜ ਮੁੜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਮੁਆਫ਼ੀ ਮੰਗੀ ਅਤੇ ਪੰਥ ਵਿੱਚ ਵਾਪਸੀ ਦੀ ਅਪੀਲ ਕੀਤੀ ਹੈ। ਧਿਆਨ ਰਹੇ ਕਿ ਲੰਗਾਹ ਪਿਛਲੇ 72 ਦਿਨਾਂ ਤੋਂ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਲਈ ਵੀ ਪਹੁੰਚ ਰਹੇ ਹਨ। ਅੰਮਿ੍ਰਤਸਰ ’ਚ ਮੀਡੀਆ ਨਾਲ ਗੱਲ ਕਰਦਿਆਂ ਲੰਗਾਹ ਨੇ ਕਿਹਾ ਕਿ ਉਹ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣਾ ਮੁਆਫੀ ਪੱਤਰ ਦੇ ਚੁੱਕੇ ਹਨ। ਦੱਸ ਦੇਈਏ ਕਿ ਲੰਗਾਹ ਦੇ ਮਾਪਿਆਂ ਵੱਲੋਂ ਵੀ ਇਸ ਸਬੰਧ ਵਿਚ ਅਪੀਲ ਕੀਤੀ ਜਾ ਚੁੱਕੀ ਹੈ। ਲੰਗਾਹ ਨੇ ਕਿਹਾ ਕਿ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹਨ ਅਤੇ ਇਸੇ ਲਈ ਹੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੀ ਹੈ। ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰਨ ਮਗਰੋਂ ਹੀ ਕੋਈ ਫੈਸਲਾ ਕੀਤਾ ਜਾ ਸਕਦਾ ਹੈ। ਧਿਆਨ ਰਹੇ ਕਿ ਸੁੱਚਾ ਸਿੰਘ ਲੰਗਾਹ ’ਤੇ ਇਕ ਮਹਿਲਾ ਨਾਲ ਇਤਰਾਜ਼ਯੋਗ ਸਬੰਧਾਂ ਦੇ ਆਰੋਪ ਲੱਗੇ ਸਨ ਅਤੇ ਫਿਰ ਉਸ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ।