Breaking News
Home / ਪੰਜਾਬ / ਕਾਂਗਰਸ ਦੇ ਮੌਜੂਦਾ ਹਾਲਾਤ ਲਈ ਦੋ ਸਾਬਕਾ ਮੁੱਖ ਮੰਤਰੀ ਤੇ ਜਾਖੜ ਜ਼ਿੰਮੇਵਾਰ : ਵੜਿੰਗ

ਕਾਂਗਰਸ ਦੇ ਮੌਜੂਦਾ ਹਾਲਾਤ ਲਈ ਦੋ ਸਾਬਕਾ ਮੁੱਖ ਮੰਤਰੀ ਤੇ ਜਾਖੜ ਜ਼ਿੰਮੇਵਾਰ : ਵੜਿੰਗ

ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਅਬੋਹਰ ਤੇ ਬੱਲੂਆਣਾ ਹਲਕਿਆਂ ਵਿੱਚ ਮੀਟਿੰਗਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਬੱਲੂਆਣਾ ਅਤੇ ਅਬੋਹਰ ਹਲਕਿਆਂ ਵਿੱਚ ਚਾਰ ਥਾਵਾਂ ‘ਤੇ ਮੀਟਿੰਗਾਂ ਦੌਰਾਨ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ‘ਤੇ ਜ਼ੋਰਦਾਰ ਸਿਆਸੀ ਸ਼ਬਦੀ ਹਮਲੇ ਕੀਤੇ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਾਖੜ ਪਰਿਵਾਰ ਨੂੰ ਵੱਡੇ ਰੁਤਬੇ ਦਿੱਤੇ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਚਾਰ ਵਾਰ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਬਣੇ। ਉਨ੍ਹਾਂ ਦੇ ਪਿਤਾ ਚੌਧਰੀ ਬਲਰਾਮ ਜਾਖੜ ਕੇਂਦਰ ਵਿੱਚ ਵਜ਼ੀਰ ਅਤੇ ਲੋਕ ਸਭਾ ਦੇ ਸਪੀਕਰ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਰਹੇ। ਉਨ੍ਹਾਂ ਦੇ ਵੱਡੇ ਭਰਾ ਚੌਧਰੀ ਸੱਜਣ ਜਾਖੜ ਨੂੰ ਦੋ ਵਾਰ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਨੇ ਹੀ ਭੇਜਿਆ ਅਤੇ ਵਜ਼ੀਰੀ ਨਾਲ ਨਿਵਾਜਿਆ। ਵੜਿੰਗ ਨੇ ਕਿਹਾ ਕਿ ਇਸ ਦੇ ਬਾਵਜੂਦ ਹੁਣ ਜਾਖੜ ਪਰਿਵਾਰ ਨੇ ਪਾਰਟੀ ਤੋਂ ਪਾਸਾ ਵੱਟ ਲਿਆ ਹੈ। ਉਨ੍ਹਾਂ ਪਾਰਟੀ ਦੇ ਮੌਜੂਦਾ ਹਾਲਾਤ ਲਈ ਕਾਂਗਰਸ ਦੇ ਵੱਡੇ ਆਗੂਆਂ ਨੂੰ ਹੀ ਆਰੋਪੀ ਠਹਿਰਾਇਆ। ਵੜਿੰਗ ਨੇ ਦੌਲਤਪੁਰਾ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀ ਅਤੇ ਸੁਨੀਲ ਜਾਖੜ ਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ਨੂੰ ਜ਼ਮੀਨ ‘ਤੇ ਲਿਆਉਣ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੇ ਸੁਖਜਿੰਦਰ ਸਿੰਘ ਰੰਧਾਵਾ, ਹੰਸਰਾਜ ਜੋਸਨ, ਪ੍ਰਕਾਸ਼ ਸਿੰਘ ਭੱਟੀ, ਨੱਥੂ ਰਾਮ ਅਤੇ ਸ਼ੇਰ ਸਿੰਘ ਘੁਬਾਇਆ ਦਾ ਸਿਆਸੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇੱਕ ਜ਼ਮਾਨੇ ਵਿੱਚ ਕਾਂਗਰਸ ਗ਼ਰੀਬਾਂ ਦੀ ਪਾਰਟੀ ਸੀ ਪਰ ਪੰਜਾਬ ਵਿੱਚ ਜਦੋਂ ਤੋਂ ਪਾਰਟੀ ਦੀ ਕਮਾਨ ਰਾਜੇ-ਮਹਾਰਾਜਿਆਂ ਦੇ ਹੱਥ ਵਿੱਚ ਆਈ ਤਾਂ ਗ਼ਰੀਬਾਂ ਦੀ ਸੁਣਵਾਈ ਬੰਦ ਹੋ ਗਈ।
ਵੜਿੰਗ ਨੇ ਕਿਹਾ ਕਿ ਉਹ ਮੁੜ ਤੋਂ ਕਾਂਗਰਸ ਨੂੰ ਗ਼ਰੀਬਾਂ ਦੀ ਪਾਰਟੀ ਬਣਾਉਣਗੇ। ਵੜਿੰਗ ਨੇ ਕਿਹਾ ਕਿ ਉਹ ਪੰਜਾਬ ਦੇ ਆਖ਼ਰੀ ਪਿੰਡ ਗੁੰਮਜਾਲ ਤੋਂ ਲੈ ਕੇ ਚੰਡੀਗੜ੍ਹ ਤਕ ਹਰ ਵਰਕਰ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਦਾ ਝੰਡਾ ਥੱਲੇ ਨਹੀਂ ਹੋਣ ਦਿੱਤਾ ਜਾਵੇਗਾ। ਪਿੰਡ ਦੌਲਤਪੁਰਾ ਦੀ ਫੇਰੀ ਦੌਰਾਨ ਵੜਿੰਗ ਨੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੂੰ ਬਲਾਕ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਐਲਾਨਿਆ।

 

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …