ਰਜਿੰਦਰ ਭਦੌੜ, ਸੁਰਜੀਤ ਦੌਧਰ, ਰਾਮ ਕੁਮਾਰ ਅਤੇ ਕੇ ਨੰਦੇਸੁ ਸੈਨਾਪਤੀ ਦਾ ਸਨਮਾਨ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਲੰਘੇ ਐਤਵਾਰ ਵੇਰਸਾਏ ਕਨਵੈਂਸ਼ਨ ਸੈਂਟਰ ਵਿਚ ਆਯੋਜਿਤ ਕੀਤੇ ਵਿਸ਼ੇਸ਼ ਸੈਮੀਨਾਰ ਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਵਿਚ ਜਿਥੇ ਬੁਲਾਰਿਆਂ ਨੇ ਬੜੇ ਸੁਚੱਜੇ ਅਤੇ ਰੌਚਿਕ ਢੰਗ ਨਾਲ ਆਪੋ ਆਪਣੇ ਵਿਚਾਰ ਰੱਖੇ, ਸਰੋਤੇ ਵੀ ਨੀਜ਼ ਲਾ ਕੇ ਸਾਰੇ ਵਿਚਾਰ ਸੁਣਦੇ ਰਹੇ। ਵਿਚਾਰਾਂ ਦੇ ਆਦਾਨ ਪ੍ਰਦਾਨ ਦੇ ਨਾਲ ਨਾਲ ਇਸ ਪ੍ਰੋਗਾਮ ਵਿਚ ਭਾਰਤ ਤੋਂ ਆਏ ਅਤੇ ਉੱਥੇ ਤਰਕਸ਼ੀਲ ਲਹਿਰ ਵਿਚ ਵੱਡਾ ਯੋਗਦਾਨ ਪਾ ਰਹੇ ਕਾਰਕੁੰਨਾਂ, ਰਜਿੰਦਰ ਭਦੌੜ, ਸੁਰਜੀਤ ਦੌਧਰ, ਰਾਮ ਕੁਮਾਰ ਅਤੇ ਕੇ ਨੰਦੇਸੁ ਸੈਨਾਪਤੀ ਦਾ ਸਨਮਾਨ ਵੀ ਕੀਤਾ ਗਿਆ।
ਸੁਸਾਇਟੀ ਦੀ ਇਕਾਈ ਦੇ ਜਨਰਲ ਸਕੱਤਰ ਅਮਰਦੀਪ ਨੇ ਪ੍ਰੋਗਰਾਮ ਨੂੰ ਸ਼ੁਰੂ ਕਰਦਿਆਂ ਸਾਰੇ ਆਏ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਇਕਾਈ ਅਤੇ ਨਵੀ ਸੰਗਠਿਤ ਹੋਈ ਕੈਨੇਡਾ ਪੱਧਰ ਦੀ ਸੁਸਾਇਟੀ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਸੁਸਾਇਟੀ ਦੇ ਨੈਸ਼ਨਲ ਸਕੱਤਰ ਬਲਦੇਵ ਰਹਿਪਾ ਨੇ ਮਾਸਟਰ ਰਾਮ ਕੁਮਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 70ਵਿਆਂ ਤੋਂ ਇਨਕਲਾਬੀ ਗੀਤ ਲਿਖਣ ਗਾਉਣ, ਖੇਡਾਂ ਅਤੇ ਵਿਦਿਆ ਨੂੰ ਸਮਰਪਿਤ ਰਹੇ ਹਨ। ਇਸ ਤੋਂ ਬਾਅਦ ਮਾਸਟਰ ਰਾਮ ਕੁਮਾਰ ਅਤੇ ਉਨ੍ਹਾਂ ਦੀ ਭਦੌੜ ਮੰਡਲੀ ਵਲੋਂ ਲੋਕਾਂ ਦਾ ਇਨਕਲਾਬੀ ਗੀਤ ਗਾ ਕੇ ਮਨਪ੍ਰਚਾਵਾ ਕੀਤਾ ਗਿਆ। ਨੈਸ਼ਨਲ ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਨੇ ਤਰਕਸ਼ੀਲ ਸੁਸਾਇਟੀ ਉੜੀਸਾ ਅਤੇ ਭਾਰਤ ਪੱਧਰ ‘ਤੇ ਬਣੀ ਤਰਕਸ਼ੀਲ ਸੰਸਥਾ ਵਿਚ ਸਰਗਰਮ, ਕੇ ਨੰਦੇਸੁ ਸੈਨਾਪਤੀ ਦੀ ਜਾਣ ਪਹਿਚਾਣ ਕਰਵਾਈ। ਸੈਨਾਪਤੀ ਨੇ ਉੜੀਸਾ ਅਤੇ ਭਾਰਤ ਪੱਧਰ ‘ਤੇ ਤਰਕਸ਼ੀਲਤਾ ਦੇ ਖੇਤਰ ਵਿਚ ਕੀਤੇ ਜਾ ਰਹੇ ਉਦਮਾਂ ਬਾਰੇ ਅਪਣੇ ਵਿਚਾਰ ਰੱਖੇ। ਟੋਰਾਂਟੋ ਇਲਾਕੇ ਵਿਚ ਵਿਦਿਆਰਥੀਆਂ ਅਤੇ ਨਵੇਂ ਆਏ ਪਰਵਾਸੀਆਂ ਦੇ ਹੱਕਾਂ ਲਈ ਜੂਝ ਰਹੇ, ਅੰਤਰਰਾਸ਼ਟਰੀ ਸੰਸਥਾ, ਨੌਜਵਾਨ ਨੈੱਟਵਰਕ ਦੇ ਨੁਮਾਇੰਦੇ ਬਿਕਰਮ ਕੁਲੇਵਾਲ ਨੇ ਇਨ੍ਹਾਂ ਵਰਗਾਂ ਦੀ ਅਪਣੇ ਹੀ ਭਾਈਚਾਰੇ ਦੇ ਕੁਝ ਵਿਅੱਕਤੀਆਂ ਵਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਦਾ ਜ਼ਿਕਰ ਕੀਤਾ ਅਤੇ ਇਸ ਸੰਸਥਾ ਵਲੋਂ ਕੀਤੀ ਜਾ ਰਹੀ ਜਦੋਜਹਿਦ ਬਾਰੇ ਵੀ ਦੱਸਿਆ।
ਬਲਰਾਜ ਸ਼ੌਕਰ ਨੇ ਸੁਰਜੀਤ ਦੌਧਰ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਉਹ ਐਵੇਂ ਹੀ ਜੋਤਿਸ਼ ਵਿਦਿਆ ਜਾਂ ਹੱਥ ਰੇਖਾਵਾਂ ਬਾਰੇ ਨਹੀਂ ਬੋਲਦੇ, ਸਗੋਂ ਉਨ੍ਹਾਂ ਇਨ੍ਹਾਂ ਵਿਸ਼ਿਆਂ ਦੀ ਖਾਸ ਪੜ੍ਹਾਈ ਕਰਕੇ ਸਬੰਧਿਤ ਅਦਾਰਿਆਂ ਦੇ ਮਾਹਰਾਂ ਨਾਲ ਵੀ ਬਹਿਸਾਂ ਕੀਤੀਆਂ ਅਤੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਕਿ ਇਹ ਸਾਇੰਸ ਦੀ ਕਸੌਟੀ ‘ਤੇ ਪੂਰੇ ਨਹੀਂ ਉਤਰਦੇ। ਦੌਧਰ ਨੇ ਉਦਾਹਰਣਾਂ ਦਿੰਦੇ ਹੋਏ ਲੋਕਾਂ ਅੱਗੇ ਤੱਥ ਰੱਖੇ ਕਿ ਜੋਤਿਸ਼ ਜਾਂ ਹੱਥ ਰੇਖਾਵਾਂ ਦੀ ਕਹੀ ਜਾਂਦੀ ਸਾਇੰਸ ਦਾ ਕੋਈ ਠੋਸ ਆਧਾਰ ਨਹੀਂ ਅਤੇ ਨਾ ਹੀ ਇਸ ਨੂੰ ਜਾਣਦੇ ਲੋਕ ਕੋਈ ਭਵਿਖ ਬਾਣੀ ਕਰਨ ਦੇ ਕਾਬਿਲ ਹਨ। ਇਹ ਸਿਰਫ ਲੋਕਾਂ ਦੀ ਲੁੱਟ ਦਾ ਸਾਧਨ ਹਨ।
ਟੋਰਾਂਟੋ ਯੁਨੀਵਰਸਿਟੀ ਵਿਚ ਪ੍ਰੋਫੈਸਰ ਮੁਹੰਮਦ ਅਜ਼ੀਮ ਜੋ ਪਾਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਵਿਚ ਵੀ ਪੜ੍ਹਾਉਂਦੇ ਹਨ ਨੇ ਆਪਣੇ ਦੇਸ਼ ਵਿਚ ਚੱਲ ਰਹੀ ਲੋਕ ਪੱਖੀ ਲਹਿਰ ਬਾਰੇ ਦਸਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਕਿਸਤਾਨ ਦੇ ਲੋਕ ਵੀ ਵੱਡੀ ਗਿਣਤੀ ਵਿਚ ਇਹ ਵਿਚਾਰ ਅਪਣਾ ਰਹੇ ਹਨ। ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੂਬਾ ਮੁਖੀ ਵਿਦਿਆਰਥੀ ਚੇਤਨਾ ਵਿਭਾਗ, ਰਜਿੰਦਰ ਭਦੌੜ ਨੇ ਅਪਣੇ ਲੈਕਚਰ ਵਿਚ ਪੰਜਾਬੀ ਲੋਕਾਂ ਵਿਚ ਫੈਲੇ ਵਹਿਮ ਭਰਮ ਅਤੇ ਉਨ੍ਹਾਂ ਨੂੰ ਘੱਟ ਕਰਨ ਲਈ ਸੋਸਾਇਟੀ ਵਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਭੂਤ, ਪ੍ਰੇਤ, ਚੜੇਲ, ਛਲੇਡੇ ਆਦਿ ਹੁੰਦੇ ਨਹੀ ਪਰ ਡਰਿਆ ਮਨ ਇਨ੍ਹਾਂ ਨੂੰ ਨਾ ਹੁੰਦੇ ਹੋਏ ਵੀ ਵੇਖਣ ਲੱਗ ਜਾਂਦਾ ਹੈ। ਇਹ ਮਾਨਸਿਕ ਸਮੱਸਿਆ ਹੈ ਜਿਸ ਨੂੰ ਸਹੀ ਇਲਾਜ ਅਤੇ ਮਾਹਿਰ ਵਲੋਂ ਦਿੱਤੇ ਸੁਝਾਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਅਮ੍ਰਿਤ ਢਿੱਲੋਂ ਨੇ ਜੋ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਸਬੰਧਿਤ ਹਨ, ਸਰੋਤਿਆਂ ਨਾਲ ਸ਼ਹੀਦਾਂ ਦੇ ਜੀਵਨ ਵਿਚਲੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ਸਮੇਂ ਕਈ ਨਵੇਂ ਮੈਂਬਰ ਬਣੇ, ਬਹੁਤ ਸਾਰੇ ਲੋਕਾਂ ਨੇ ਪ੍ਰਦਰਸ਼ਨੀ ਵਿਚੋਂ ਕਿਤਾਬਾਂ ਖਰੀਦੀਆਂ ਅਤੇ ਲੋਕਾਂ ਨੇ ਸੰਸਥਾ ਦੀ ਵਿੱਤੀ ਮੱਦਦ ਵੀ ਕੀਤੀ।
ਸੁਸਾਇਟੀ ਦੇ ਮੈਂਬਰਾਂ ਵਲੋਂ ਮਾਸਟਰ ਰਾਮ ਕੁਮਾਰ, ਰਜਿੰਦਰ ਭਦੌੜ, ਸੁਰਜੀਤ ਦੌਧਰ, ਅਤੇ ਕੇ ਨੰਦੇਸੁ ਸੈਨਾਪਤੀ ਦਾ ਪਲੇਕਸ ਦੇ ਕੇ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਭਦੌੜ ਵਾਸੀਆਂ ਦਾ ਖਾਸ ਸਹਿਯੋਗ ਰਿਹਾ। ਕਿਤਾਬਾਂ ਦੀ ਪ੍ਰਦਰਸ਼ਨੀ ਦੀ ਜ਼ਿੰਮੇਵਾਰੀ ਅਮਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਨਿਭਾਈ। ਸੰਸਥਾ ਦੇ ਪ੍ਰਧਾਨ ਬਲਰਾਜ ਸ਼ੌਕਰ ਵਲੋਂ, ਅਖਬਾਰਾਂ, ਰੇਡੀਓ ਅਤੇ ਟੀ ਵੀ ਪ੍ਰੋਗਰਾਮਾਂ ਦੇ ਸੰਚਾਲਕਾਂ ਦਾ ਇਸ ਪ੍ਰੋਗਰਾਮ ਦਾ ਸੁਨੇਹਾ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਮਦਦ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਸੁਸਾਇੱਟੀ ਦੇ ਸਾਰੇ ਮੈਂਬਰਾਂ ਨੂੰ ਪ੍ਰੋਗਰਾਮ ਸਫ਼ਲ ਬਣਾਉਣ ਵਿਚ ਯੋਗਦਾਨ ਦੇਣ ਲਈ ਧੰਨਵਾਦ ਕੀਤਾ।
ਸੁਸਾਇਟੀ ਵਲੋਂ ਵੇਰਸਾਏ ਕਨਵੈਂਸ਼ਨ ਸੈਂਟਰ ਦਾ ਖਾਸ ਤੌਰ ‘ਤੇ ਇਸ ਸਮਾਗਮ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਸੁਸਾਇਟੀ, ਕਿਤਾਬਾਂ, ਮੈਂਬਰਸ਼ਿਪ, ਵਹਿਮਾਂ ਭਰਮਾਂ ਜਾਂ ਇਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਹੋਰ ਜਾਣਕਾਰੀ ਲਈ, ਬਲਰਾਜ ਸ਼ੌਕਰ (647 679 4398) ਜਾਂ ਅਮਨਦੀਪ ਮੰਡੇਰ (647 782 8334) ਨਾਲ ਸੰਪਰਕ ਕੀਤਾ ਜਾ ਸਕਦਾ ਹੈ।