ਵੈਨਕੂਵਰ, ਸਰੀ, ਕੈਲਗਰੀ, ਐਡਮਿੰਟਨ ਤੇ ਟੋਰਾਂਟੋ ਵਿੱਚ ਕੀਤੀਆਂ ਮੀਟਿੰਗਾਂ
ਬਰੈਂਪਟਨ/ਝੰਡ : ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੇ ਸਾਥੀ ਡਾ. ਜਗਜੀਤ ਸਿੰਘ ਚੀਮਾ ਵੈਨਕੂਵਰ, ਸਰੀ, ਕੈਲਗਰੀ ਅਤੇ ਐਡਮਿੰਟਨ ਤੋਂ ਹੁੰਦੇ ਹੋਏ ਪਿਛਲੇ ਹਫ਼ਤੇ ਟੋਰਾਂਟੋ ਪਹੁੰਚੇ। ਬਰੈਂਪਟਨ ਵਿੱਚ ਉਨ੍ਹਾਂ ਦੇ ਆਖ਼ਰੀ ਦਿਨ ਬੀਤੇ ਮੰਗਲਵਾਰ ਨੂੰ ਕੁਝ ਦੋਸਤਾਂ ਨਾਲ ਇੱਕ ਦੋਸਤ ਦੇ ਘਰ ਉਨ੍ਹਾਂ ਨਾਲ ਚਾਹ ਦੇ ਕੱਪ ‘ਤੇ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਰੀ ਦੇ ਨਗਰ-ਕੀਰਤਨ ਦੌਰਾਨ ਲੱਖਾਂ ਦੇ ਇਕੱਠ ਵਿੱਚ ਉਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਪਾਰਲੀਮੈਂਟ ਵਿੱਚ ‘ਸਿੱਖ ਮੈਰਿਜ ਐਕਟ’ ਪਾਸ ਕਰਾਉਣ ਲਈ ਸਨਮਾਨਿਤ ਕੀਤਾ ਗਿਆ। ਉੱਥੇ ਬਹੁਤ ਸਾਰੇ ਪੰਜਾਬੀਆਂ ਨਾਲ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੱਲਾਂ-ਬਾਤਾਂ ਹੋਈਆਂ। ਉਨ੍ਹਾਂ ਕਿਹਾ ਕਿ ਇੱਥੇ ਰਹਿ ਰਹੇ ਲੱਗਭੱਗ ਸਾਰੇ ਹੀ ਪੰਜਾਬੀ ਇਸ ਸਮੇਂ ਪੰਜਾਬ ਦੇ ਹਾਲਾਤ ਤੋਂ ਕਾਫ਼ੀ ਚਿੰਤਤ ਹਨ। ਉੱਥੇ ਨੌਜੁਆਨਾਂ ਵਿੱਚ ਦਿਨ-ਬਦਿਨ ਵੱਧ ਰਿਹਾ ਨਸ਼ਿਆਂ ਦਾ ਰੁਝਾਨ, ਵੱਧ ਰਹੀ ਬੇ-ਰੋਜ਼ਗਾਰੀ, ਸਰਕਾਰੀ/ ਗ਼ੈਰ-ਸਰਕਾਰੀ ਤੇ ਸਿਆਸੀ ਭ੍ਰਿਸ਼ਟਾਚਾਰ, ਸਮਾਜਿਕ-ਅਸੁਰੱਖਿਆ ਆਦਿ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕੈਲਗਰੀ ਅਤੇ ਐਡਮਿੰਟਨ ਵਿੱਚ ਲੋਕਾਂ ਨੇ ਗੱਲਬਾਤ ਕਰਨ ‘ਤੇ ਉਨ੍ਹਾਂ ਨੇ ਲੱਗਭੱਗ ਅਜਿਹੇ ਹੀ ਪ੍ਰਭਾਵ ਦਿੱਤੇ।
ਉਨ੍ਹਾਂ ਦੱਸਿਆ ਕਿ ਇੱਥੇ ਬਰੈਂਪਟਨ ਵਿੱਚ ਵੀ ਕਈਆਂ ਨੂੰ ਮਿਲੇ ਹਾਂ। ਸਾਰੇ ਹੀ ਦੁਖੀ ਹਨ ਅਤੇ ਇਹੋ ਚਾਹੁੰਦੇ ਹਨ ਕਿ ਉੱਥੇ ਪੰਜਾਬ ਵਿੱਚ ਕੋਈ ਸਾਰਥਕ ਤਬਦੀਲੀ ਆਵੇ ਅਤੇ ਇਹ ਤਬਦੀਲੀ ਕੇਵਲ ਸਿਆਸੀ ਤਾਕਤ ਦੀ ਤਬਦੀਲੀ ਨਾਲ ਹੀ ਨਹੀਂ, ਸਗੋਂ ਸਮੁੱਚੇ ਸਿਸਟਮ ਵਿੱਚ ਤਬਦੀਲੀ ਲਿਆਉਣ ਨਾਲ ਹੀ ਸੰਭਵ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਿਰਾ ਪੱਗੜੀਆਂ ਦੇ ਰੰਗ ਬਦਲਣ ਨਾਲ ਕੋਈ ਗੱਲ ਨਹੀਂ ਬਣਨੀ। ਉਨ੍ਹਾਂ ਪੰਜਾਬ ਵਿੱਚੋਂ ਅਕਾਲੀ/ਬੀ.ਜੇ.ਪੀ. ਗੱਠਜੋੜ ਅਤੇ ਕਾਂਗਰਸੀ ਦੋਹਾਂ ਨੂੰ ਹੀ ਭਜਾ ਕੇ ਤੀਸਰੇ ਬਦਲ ਵਜੋਂ ਉੱਭਰ ਰਹੀ ‘ਆਮ ਆਦਮੀ ਪਾਰਟੀ’ ਦੇ ਸੁਯੋਗ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਜਿਤਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮਾਲਵੇ ਖੇਤਰ ਵਿੱਚ ਕਈ ਨਵੇਂ ਰੇਲ-ਪ੍ਰਾਜੈੱਕਟ ਅਤੇ ਸਮੁੱਚੇ ਪੰਜਾਬ ਦੀ ਬੇਹਤਰੀ ਲਈ 2,400 ਕਰੋੜ ਦੇ ਹੋਰ ਪ੍ਰੋਜੱੈਕਟ ਲਿਆਂਦੇ ਹਨ।
‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਸਬੰਧਾਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਪਹਿਲਾਂ 2017 ਵਾਲੀਆਂ ਪੰਜਾਬ ਦੀਆਂ ਚੋਣਾਂ ਵੇਖ ਲਈਏ, ਫਿਰ ਉਹ ਮਸਲਾ ਵੀ ਨਜਿੱਠ ਲਵਾਂਗੇ। ਉਨ੍ਹਾਂ ਨੇ ਇਨ੍ਹਾਂ ਚੋਣਾਂ ਵਿੱਚ ਇਮਾਨਦਾਰ ਉਮੀਦਵਾਰਾਂ ਦੀ ਮਦਦ ਕਰਨ ਦੀ ਗੱਲ ਕੀਤੀ ਪਰ ਨਾਲ ਹੀ ਕਿਹਾ ਕਿ ਸਾਨੂੰ 2017 ਤੋਂ ਵੀ ਅਗਾਂਹ ਵੇਖਣ ਦੀ ਜ਼ਰੂਰਤ ਹੈ। ਸਾਨੂੰ ਡੈਮੋਕਰੈਟਿਕ ਗਰੁੱਪਾਂ ਤੇ ਪਾਰਟੀਆਂ ਨਾਲੋਂ ਡੈਮੋਕਰੈਟਿਕ ਸਿਧਾਂਤਾਂ ਨੂੰ ਅਪਨਾਉਣ ਦੀ ਵਧੇਰੇ ਲੋੜ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …