ਆਪ ਦੀ ਚੋਣ ਮੁਹਿੰਮ, ਸਿਆਸੀ ਲਹਿਰ ਅਤੇ ਕੇਜਰੀਵਾਲ ਦਾ ਕੈਨੇਡਾ ਦੌਰਾ
ਟੋਰਾਂਟੋ : ਕੈਪਟਨ ਅਮਰਿੰਦਰ ਦੇ ਕੈਨੇਡਾ ਵਿਚ ਤੈਅਸ਼ੁਦਾ ਸਿਆਸੀ ਇਕੱਠਾਂ ‘ਤੇ ਰੋਕ ਲਗਾਉਣ ਤੋਂ ਬਾਅਦ ਸਿਖਸ ਫਾਰ ਜਸਟਿਸ ਨੇ ਹੁਣ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕੋਲ ਆਮ ਆਦਮੀ ਪਾਰਟੀ ਖਿਲਾਫ ਰਸਮੀ ਸ਼ਿਕਾਇਤ ਦਾਇਰ ਕੀਤੀ ਹੈ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਕੈਨੇਡਾ ਵਿਚ ਆਪ ਦੀਆਂ ਚਲ ਰਹੀਆਂ ਚੋਣ ਸਬੰਧੀ ਸਰਗਰਮੀਆਂ ਵਿਚ ਸੰਘੀ ਸਰਕਾਰ ਦਖਲ ਦੇਵੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਤਜਵੀਜ ਸ਼ੁਦਾ ਦੌਰੇ ਨੂੰ ਰੋਕਿਆ ਜਾਵੇ। ਬੀਤੇ ਦਿਨ ਮੰਤਰੀ ਸਫੀਟਨ ਡੀਓਨ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ, ਆਪਣੇ ਲਈ ਵੋਟਾਂ ਦੀ ਮੰਗ ਕਰਦਿਆਂ ਅਤੇ ਫੰਡ ਇਕੱਠਾ ਕਰਨ ਲਈ ਸਮਾਗਮ ਕਰਕੇ ਆਪ ਕੈਨੇਡਾ ਵਿਚ ਚੋਣ ਮੁਹਿੰਮ ਚਲਾ ਰਹੀ ਹੈ ਅਤੇ ਉਸ ਨੇ ਕੈਨੇਡਾ ਵਿਚ ਵਿਦੇਸ਼ੀ ਸਿਆਸੀ ਲਹਿਰ ਸਥਾਪਿਤ ਕਰ ਲਈ ਹੈ ਜੋ ਕਿ ਇਹ ਸਾਰਾ ਕੁਝ ‘ਗਲੋਬਲ ਅਫੇਅਰਜ਼ ਕੈਨੇਡਾ ‘ਪਾਲਿਸੀ ਦੀਆਂ ਟਰਮਾਂ ਦੀ ਸਪਸ਼ਟ ਉਲੰਘਣਾ ਹੈ।
ਸਿਖਸ ਫਾਰ ਜਸਟਿਸ ਨੇ ਕੈਨੇਡਾ ਸਰਕਾਰ ਨੂੰ ਭੇਜੇ ਜਾਣ ਵਾਲੇ ਆਪਣੇ ਕਾਨੂੰਨੀ ਮੰਗ ਪੱਤਰ ਨੂੰ ਦਾਇਰ ਕਰਨ ਲਈ ਗੋਲਡਬਲੈਟ ਪਾਰਟਨਰਸ ਦੇ ਸਿਵਲ ਰਾਈਟਸ ਲਾਇਅਰ ਲੋਇਸ ਸੈਂਚੁਰੀ ਦੀਆਂ ਸੇਵਾਵਾਂ ਲਈਆਂ ਹਨ। ਕੈਨੇਡਾ ਵਿਚ ਆਪ ਦੀ ਚਲ ਰਹੀ ਚੋਣ ਮੁਹਿੰਮ ਦੇ ਸਬੰਧ ਵਿਚ 19 ਸਫਿਆਂ ਵਾਲੇ ਉਕਤ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਕੈਨੇਡਾ ਵਿਚ ਵਿਦੇਸ਼ੀ ਚੋਣਾਂ ਅਤੇ ਵਿਦੇਸ਼ੀ ਚੋਣ ਹਲਕਿਆਂ ਬਾਬਤ ਮਿਤੀ 8 ਸਤੰਬਰ 2011 ਦੇ ਸਰਕੁਲਰ ਨੋਟ ਐਕਸ ਡੀ ਸੀ-1264 ਦੀ ਉਲੰਘਣਾ ਹੈ। ਇਸ ਨੀਤੀ ਵਿਚ ਕਿਹਾ ਗਿਆ ਹੈ ਕਿ ਵਿਭਾਗ ਕੈਨੇਡਾ ਵਿਚ ਵਿਦੇਸ਼ੀ ਸਰਕਾਰਾਂ ਨੂੰ ਚੋਣ ਪ੍ਰਚਾਰ ਜਾਂ ਕੈਨੇਡਾ ਵਿਚ ਵਿਦੇਸ਼ੀ ਸਿਆਸੀ ਪਾਰਟੀਆਂ ਦਾ ਗਠਨ ਅਤੇ ਲਹਿਰ ਚਲਾਉਣ ਦੀ ਇਜਾਜਤ ਨਹੀਂ ਦੇਵੇਗਾ।
ਕੈਨੇਡਾ ਵਿਚਲੇ ਆਪ ਦੇ ਫੇਸਬੁਕ ਪੇਜ ਅਤੇ ‘ਚਲੋ ਪੰਜਾਬ 2017’ ਮੁਹਿੰਮ ਨਾਲ ਸਬੰਧਤ ਅਖਬਾਰਾਂ ਵਿਚ ਛਪੇ ਲੇਖਾਂ ਦਾ ਜ਼ਿਕਰ ਕਰਦਿਆਂ ਪੱਤਰ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਆਪ ਦੀ ਚੋਣ ਮੁਹਿੰਮ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਲਈ ਇਕੋ ਇਕ ਆਸ ਵਜੋਂ ਪੇਸ਼ ਕਰ ਰਹੇ ਹਨ ਅਤੇ ਐਨ ਆਰ ਆਈ ਨੂੰ ਅਪੀਲ ਕਰ ਰਹੇ ਹਨ ਕਿ ਇਸ ਸਾਲ ਦਸੰਬਰ 1 ਤੱਕ ਪੰਜਾਬ ਪਹੁੰਚੋ ਕਿਉਂਕਿ ਪੰਜਾਬ ਵਿਚ 2017 ਦੇ ਸ਼ੁਰੂ ਵਿਚ ਚੋਣਾਂ ਹੋਣ ਵਾਲੀਆਂ ਹਨ।
ਐਸ ਐਫ ਜੇ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਜੋ ਕਿ ਕੈਪਟਨ ਦੇ ਕੈਨੇਡਾ ਵਿਚਲੇ ਜਨਤਕ ਇਕੱਠਾਂ ਨੂੰ ਰੋਕਣ ਲਈ ਤਾਲਮੇਲ ਵਾਸਤੇ ਕੈਨੇਡਾ ਵਿਚ ਹੀ ਹਨ, ਨੇ ਕਿਹਾ ਕਿ ‘ਆਮ ਆਦਮੀ ਪਾਰਟੀ ਕੈਨੇਡਾ’ ਦੇ ਨਾਂਅ ਹੇਠ ਕੈਨੇਡਾ ਵਿਚ ਚਲ ਰਹੇ ਆਪ ਦੇ ਫੇਸਬੁਕ ਪੇਜ ਵਿਚ ਇਸ ਦੇ ਮਿਸ਼ਨ ਵਿਚ ਸ਼ਾਮਿਲ ਹੋ ਕਿ ਵੱਖ ਵੱਖ ਜਾਗਰੂਕਤਾ ਪੋਰਗ੍ਰਾਮਾਂ ਰਾਹੀਂ ਕੈਨੇਡਾ ਵਿਚ ਆਪ ਦੀ ਮੈਂਬਰਸ਼ਿਪ ਮੁਹਿੰਮ ਚਲਾਉਣੀ ਅਤੇ ਇਸ ਦਾ ਮਿਸ਼ਨ ਇਹ ਵੀ ਹੈ ਕਿ ਐਨ ਆਰ ਆਈ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਸਰਕਾਰ ਚਲਾਉਣ ਦੀ ਪ੍ਰਕ੍ਰਿਆ ਵਿਚ ਸ਼ਮੂਲੀਅਤ ਕਰਨ ਲਈ ਸ਼ਾਮਿਲ ਕੀਤਾ ਜਾਵੇ।
ਮੰਤਰੀ ਨੂੰ ਲਿੱਖੇ ਪੱਤਰ ਵਿਚ ਬੇਨਤੀ ਕੀਤੀ ਗਈ ਹੈ ਕਿ ਕੈਨੇਡਾ ਸਰਕਾਰ ਆਪ ਦੀਆਂ ਸਰਗਰਮੀਆਂ ਬਾਰੇ ਵੀ ਉਸੇ ਤਰਾਂ ਭਾਰਤ ਸਰਕਾਰ ਕੋਲ ਇਤਰਾਜ ਉਠਾਏ ਜਿਸ ਤਰਾਂ ਨਾਲ ਉਸ ਨੇ ਕੈਪਟਨ ਅਮਰਿੰਦਰ ਅਤੇ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਬਾਰੇ ਉਠਾਏ ਸਨ। ਪੱਤਰ ਵਿਚ ਹੋਰ ਕਿਹਾ ਗਿਆ ਹੈ ਕਿ ਨੀਤੀ ਦੀ ਪਾਲਣਾ ਵਿਚ ਢਿਲ ਇਹ ਭਰਮ ਪੈਦਾ ਕਰ ਰਹੀ ਹੈ ਕਿ ਕੈਨੇਡਾ ਸਰਕਾਰ ਕੁਝ ਵਿਸ਼ੇਸ਼ ਸਿਆਸੀ ਪਾਰਟੀਆਂ ਦਾ ਪੱਖ ਪੂਰਦੀ ਹੈ। ਕੈਨੇਡਾ ਵਿਚ ਵਿਦੇਸ਼ੀ ਚੋਣ ਮੁਹਿੰਮਾਂ ਕਰਨ ਅਤੇ ਵਿਦੇਸ਼ੀ ਸਿਆਸੀ ਲਹਿਰ ਸਥਾਪਤ ਕਰਨ ਤੋਂ ਰੋਕਣ ਬਾਰੇ ਉਕਤ ਨੀਤੀ ਨੂੰ ਠੀਕ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …