‘ਐਨੀਮਲ’ ਨੂੰ ਸਰਬੋਤਮ ਫਿਲਮ ਵਜੋਂ ਮਿਲਿਆ ਪੁਰਸਕਾਰ
ਭੁਪਿੰਦਰ ਬੱਬਲ ਨੂੰ ਸਭ ਤੋਂ ਵਧੀਆ ਪਲੇਅਬੈਕ ਗਾਇਕ ਤੇ ਸਭ ਤੋਂ ਵਧੀਆ ਬੋਲ ਲਈ ਮਿਲਿਆ ਪੁਰਸਕਾਰ
ਯਾਸ ਆਈਲੈਂਡ (ਅਬੂ ਧਾਬੀ)/ਬਿਊਰੋ ਨਿਊਜ਼
ਅਬੂ ਧਾਬੀ ਦੇ ਯਾਸ ਆਈਲੈਂਡ ਦੇ ‘ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡਜ਼ 2024’ (ਆਇਫਾ) ਵਿੱਚ ਅਦਾਕਾਰ ਸ਼ਾਹਰੁਖ ਖਾਨ ਨੂੰ ਫਿਲਮ ‘ਜਵਾਨ’ ਲਈ ਸਰਬੋਤਮ ਅਦਾਕਾਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਜਦਕਿ ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ। ਭੁਪਿੰਦਰ ਬੱਬਲ ਨੂੰ ਫਿਲਮ ‘ਐਨੀਮਲ’ ਦੇ ਗੀਤ ‘ਅਰਜਣ ਵੈਲੀ’ ਲਈ ਸਰਬੋਤਮ ਪਲੇਅਬੈਕ ਗਾਇਕ ਪੁਰਸ਼ ਦਾ ਪੁਰਸਕਾਰ ਮਿਲਿਆ। ਨਾਲ ਹੀ ਉਸ ਨੂੰ ‘ਸਤਰੰਗਾ’ ਗੀਤ ਲਈ ਸਭ ਤੋਂ ਵਧੀਆ ਬੋਲ ਲਈ ਪੁਰਸਕਾਰ ਦਿੱਤਾ ਗਿਆ।
ਸ਼ਾਹਰੁਖ ਨੇ ਅਦਾਕਾਰ ਵਿੱਕੀ ਕੌਸ਼ਲ ਅਤੇ ਫਿਲਮ ਨਿਰਮਾਤਾ ਕਰਨ ਜੌਹਰ ਦੇ ਨਾਲ ਮਿਲ ਕੇ ਸ਼ਨਿਚਰਵਾਰ ਨੂੰ ਆਇਫਾ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕੀਤੀ। ਸ਼ਾਹਰੁਖ ਖਾਨ ਦੀ ਫਿਲਮ ‘ਦਿਲ ਸੇ’ ਦੇ ਨਿਰਦੇਸ਼ਕ ਮਨੀਰਤਨਮ ਅਤੇ ਸੰਗੀਤਕਾਰ ਏਆਰ ਰਹਿਮਾਨ ਨੇ ਅਦਾਕਾਰਾ ਨੂੰ ਪੁਰਸਕਾਰ ਦਿੱਤਾ। ਸ਼ਾਹਰੁਖ ਨੇ ਪੁਰਸਕਾਰ ਲੈਣ ਤੋਂ ਪਹਿਲਾਂ ਮਨੀਰਤਨਮ ਦੇ ਪੈਰ ਛੂਹੇ। ਅਦਾਕਾਰਾ ਰਾਣੀ ਮੁਖਰਜੀ ਨੂੰ ਫਿਲਮ ‘ਮਿਸਿਜ਼ ਚਟਰਜੀ ਵਰਸਿਜ਼ ਨਾਰਵੇ’ ਵਿੱਚ ਉਸ ਦੀ ਭੂਮਿਕਾ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਗਾਇਕਾ ਸ਼ਿਲਪਾ ਰਾਓ ਨੂੰ ਫਿਲਮ ‘ਜਵਾਨ’ ਦੇ ਗੀਤ ‘ਚਲਿਆ’ ਲਈ ਸਰਬੋਤਮ ਪਲੇਅਬੈਕ ਗਾਇਕ ਦਾ ਪੁਰਸਕਾਰ ਮਿਲਿਆ। ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੂੰ ਉਸ ਦੀ ਫਿਲਮ ‘ਟਵੈਲਥ ਫੇਲ੍ਹ’ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਐਨੀਮਲ’ ਲਈ ਅਦਾਕਾਰਾ ਅਨਿਲ ਕਪੂਰ ਨੂੰ ਸਰਬੋਤਮ ਸਹਾਇਕ ਅਦਾਕਾਰ ਅਤੇ ਬੌਬੀ ਦਿਓਲ ਨੂੰ ਸਰਬੋਤਮ ਨਕਾਰਾਤਮਕ ਭੂਮਿਕਾ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ। ਫਿਲਮ ‘ਐਨੀਮਲ’ ਲਈ ਹੀ ਸੰਗੀਤ ਨਿਰਦੇਸ਼ਨ ਵਿੱਚ ਪੰਜਾਬੀ ਗਾਇਕ ਭੁਪਿੰਦਰ ਬੱਬਲ, ਪ੍ਰੀਤਮ ਵਿਸ਼ਾਲ ਮਿਸ਼ਰਾ, ਮਨਨ ਭਾਰਦਵਾਜ, ਸ਼੍ਰੇਅਸ ਪੁਰਨਾਇਕ, ਜਾਨੀ, ਅਸ਼ੀਮ ਕੈਮਸਨ ਤੇ ਹਰਸ਼ਵਰਧਨ ਰਾਮੇਸ਼ਵਰ ਨੂੰ ਪੁਰਸਕਾਰ ਮਿਲਿਆ।