ਕੇਜਰੀਵਾਲ ਨੇ ਕਿਹਾ : ਮੁਫਤ ਦਿਆਂਗੇ ਬਿਜਲੀ ਅਤੇ ਨਿੱਜੀ ਸਕੂਲਾਂ ਵਲੋਂ ਕੀਤੀ ਜਾਂਦੀ ਲੁੱਟ ਵੀ ਕਰਾਂਗੇ ਬੰਦ
ਜੈਪੁਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੋਮਵਾਰ ਨੂੰ ਰਾਜਸਥਾਨ ਦੇ ਜੈਪੁਰ ਵਿਚ ਇਕ ਸਮਾਗਮ ਦੌਰਾਨ ਗਾਰੰਟੀ ਕਾਰਡ ਲਾਂਚ ਕੀਤਾ। ਇਸ ਮੌਕੇ ਕੇਜਰੀਵਾਲ ਅਤੇ ਭਗਵੰਤ ਮਾਲ ਨੇ ਬਿਨਾ ਨਾਮ ਲਏ ਰਾਜਸਥਾਨ ’ਚ ਕਾਂਗਰਸ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਭਾਜਪਾ ’ਤੇ ਵੀ ਸਿਆਸੀ ਨਿਸ਼ਾਨੇ ਸਾਧੇ। ਕੇਜਰੀਵਾਲ ਨੇ ਕਿਹਾ ਕਿ ਰਾਜਸਥਾਨ ਵਿਚ ਅਸੀਂ ਛੇ ਗਾਰੰਟੀਆਂ ਦੇ ਕੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮੁਫਤ ਬਿਜਲੀ ਦਿਆਂਗੇ। ਨਿੱਜੀ ਸਕੂਲਾਂ ਵਲੋਂ ਕੀਤੀ ਜਾਂਦੀ ਲੁੱਟ ਬੰਦ ਕਰਾਂਗੇ। ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਵਾਂਗੇ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਵੀ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਸਿਹਤ ਸਬੰਧੀ ਇਲਾਜ ਦੀ ਗਾਰੰਟੀ ਵੀ ਸਾਡੀ ਹੋਵੇਗੀ ਅਤੇ ਹਰ ਪਿੰਡ ਅਤੇ ਸ਼ਹਿਰ ਵਿਚ ਮੁਹੱਲਾ ਕਲੀਨਿਕ ਖੋਲਾਂਗੇ। ਉਨ੍ਹਾਂ ਕਿਹਾ ਕਿ ਰਾਜਸਥਾਨ ਨੂੰ ਭਿ੍ਰਸ਼ਟਾਚਾਰ ਤੋਂ ਮੁਕਤ ਕਰਾਂਗੇ। ਕੇਜਰੀਵਾਲ ਨੇ ਸਰਕਾਰੀ ਅਤੇ ਨਿੱਜੀ ਸੈਕਟਰ ਵਿਚ ਨੌਕਰੀਆਂ ਉਪਲਬਧ ਕਰਾਉਣ ਦੀ ਗੱਲ ਵੀ ਕਹੀ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਰਾਜਸਥਾਨ ਨੂੰ ਵੀ ਦਿੱਲੀ ਅਤੇ ਪੰਜਾਬ ਦੀ ਤਰਜ਼ ’ਤੇ ਭਿ੍ਰਸ਼ਟਾਚਾਰ ਤੋਂ ਮੁਕਤ ਕਰਾਵਾਂਗੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਅਸੀਂ ਜੋ ਵੀ ਗਾਰੰਟੀ ਦਿੰਦੇ ਹਾਂ, ਉਸ ਨੂੰ ਪੂਰਾ ਵੀ ਕਰਦੇ ਹਾਂ।