ਮੋਦੀ ਸਰਕਾਰ ‘ਤੇ 93 ਫੀਸਦੀ ਲੋਕਾਂ ਨੂੰ ਭਰੋਸਾ ਕਿ ਕੇਂਦਰ ਸਰਕਾਰ ਕਰੋਨਾ ਖਿਲਾਫ਼ ਸਹੀ ਲੜਾਈ ਲੜ ਰਹੀ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ‘ਚ ਕਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸਰਕਾਰ ਵਧੀਆ ਕੰਮ ਕਰ ਰਹੀ ਹੈ। ਇਹ ਦਾਅਵਾ ਆਈਏਐਨਐਸਸੀ ਵੋਟਰ ਕੋਵਿਡ-19 ਟਰੈਕਰ ਸਰਵੇ ਦੀ ਰਿਪੋਰਟ ‘ਚ ਕੀਤਾ ਗਿਆ ਹੈ। ਸਰਵੇ ਦੇ ਅਨੁਸਾਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਮਾਰਚ ਨੂੰ ਲੌਕਡਾਊਨ ਦਾ ਐਲਾਨ ਕੀਤਾ ਉਦੋਂ ਦੇਸ਼ ਦੇ 76 ਫੀਸਦੀ ਲੋਕਾਂ ਨੂੰ ਮੋਦੀ ਸਰਕਾਰ ‘ਤੇ ਭਰੋਸਾ ਸੀ ਜੋ ਕਿ 21 ਅਪ੍ਰੈਲ ਨੂੰ ਵਧ ਕੇ 93 ਫੀਸਦੀ ਹੋ ਗਿਆ। ਸਰਵੇ ਦੇ ਦੌਰਾਨ ਲੋਕਾਂ ਨੇ ਕਿਹਾ ਕਿ ਉਨਾਂ ਨੂੰ ਲਗਦਾ ਹੈ ਕਿ ਸਰਕਾਰ ਕਰੋਨਾ ਵਾਇਰਸ ਨਾਲ ਚੰਗੀ ਤਰਾਂ ਨਿਪਟ ਰਹੀ ਹੈ। ਇਹ ਸਰਵੇ ਦੇਸ਼ ਭਰ ‘ਚ 16 ਮਾਰਚ ਤੋਂ 21 ਅਪ੍ਰੈਲ ਦਰਮਿਆਨ ਹੋਇਆ। ਸਰਵੇ ‘ਚ ਪੁੱਛਿਆ ਗਿਆ ਕਿ ਤੁਹਾਨੂੰ ਲਗਦਾ ਹੈ ਕਿ ਭਾਰਤ ਸਰਕਾਰ ਕਰੋਨਾ ਮਹਾਂਮਾਰੀ ਨਾਲ ਵਧੀਆ ਤਰੀਕੇ ਨਾਲ ਨਿਪਟ ਰਹੀ? ਇਸ ‘ਤੇ 16 ਮਾਰਚ ਨੂੰ 75 ਫੀਸਦੀ ਲੋਕਾਂ ਨੇ ਭਰੋਸਾ ਪ੍ਰਗਟਾਇਆ ਅਤੇ 21 ਅਪ੍ਰੈਲ ਤੱਕ 93 ਫੀਸਦੀ ਲੋਕਾਂ ਨੇ ਮੋਦੀ ਸਰਕਾਰ ‘ਤੇ ਭਰੋਸਾ ਪ੍ਰਗਟਾਇਆ ਕਿ ਕੇਂਦਰ ਸਰਕਾਰ ਕਰੋਨਾ ਵਾਇਰਸ ਨਾਲ ਬਿਲਕੁਲ ਸਹੀ ਤਰੀਕੇ ਨਾਲ ਨਿਪਟ ਰਹੀ ਹੈ। ਇਥੇ ਧਿਆਨ ਦੇਣ ਵਾਲਾ ਮਾਮਲਾ ਇਹ ਵੀ ਹੈ ਕਿ ਵਿਰੋਧੀਆਂ ਪਾਰਟੀਆਂ ਅਤੇ ਕੁੱਝ ਜਥੇਬੰਦੀਆਂ ਸਣੇ ਸੋਸ਼ਲ ਮੀਡੀਆ ‘ਤੇ ਇਹ ਵੀ ਗੱਲ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਕਿ ਮੋਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਫੈਸਲੇ ਲੈ ਰਹੀ ਹੈ ਤੇ ਉਨਾਂ ਪੂਰਾ ਮੁਲਕ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਭਰੋਸੇ ਹੀ ਛੱਡ ਦਿੱਤਾ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …