
ਹੁਣ ਰਿਸ਼ਤੇਦਾਰਾਂ ਦੇ ਅਧਾਰ ’ਤੇ ਨਹੀਂ ਮਿਲੇਗਾ ਦਾਖਲਾ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਨੇ ਅਕਾਦਮਿਕ ਸੈਸ਼ਨ 2026-27 ਦੇ ਲਈ ਐਨ.ਆਰ.ਆਈ. ਕੋਟੇ ਵਿਚ ਦਾਖਲੇ ਦੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਐਨ.ਆਰ.ਆਈ. ਕੋਟੇ ਦੇ ਦੁਰਉਪਯੋਗ ਨੂੰ ਰੋਕਣ ਲਈ ਯੋਗਤਾ ਸ਼ਰਤਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਖਤ ਕਰ ਦਿੱਤਾ ਹੈ। ਹੁਣ ਤੱਕ ਵਿਦਿਆਰਥੀ ਆਪਣੇ ਚਾਚਾ, ਮਾਮਾ, ਦਾਦਾ-ਦਾਦੀ ਅਤੇ ਚਚੇਰੇ ਭਰਾਵਾਂ ਰਾਹੀਂ ਐਨ.ਆਰ.ਆਈ. ਕੋਟੇ ਲਈ ਅਰਜ਼ੀ ਦੇ ਸਕਦੇ ਸਨ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ, ਸਿਰਫ ਅਸਲ ਐਨ.ਆਰ.ਆਈ. ਉਮੀਦਵਾਰ ਜਾਂ ਉਨ੍ਹਾਂ ਦੇ ਮਾਪੇ ਹੀ ਇਸ ਕੋਟੇ ਲਈ ਯੋਗ ਹੋਣਗੇ। ਰਿਸ਼ਤੇਦਾਰਾਂ ਰਾਹੀਂ ਦਾਖਲਾ ਲੈਣ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ 10 ਫੀਸਦੀ ਵਾਧੂ ਸੀਟਾਂ ਪਹਿਲਾਂ ਦੀ ਤਰ੍ਹਾਂ ਐਨ.ਆਰ.ਆਈ. ਅਤੇ ਉਨ੍ਹਾਂ ਦੇ ਬੱਚਿਆਂ ਦੇ ਲਈ ਰਾਖਵੀਆਂ ਰਹਿਣਗੀਆਂ। ਇਸ ਤੋਂ ਇਲਾਵਾ 25 ਫੀਸਦੀ ਸੀਟਾਂ ਵਿਦੇਸ਼ੀ ਨਾਗਰਿਕਾਂ ਦੇ ਲਈ ਸੁਰੱਖਿਅਤ ਰੱਖੀਆਂ ਗਈਆਂ ਹਨ।

