ਡਾ. ਸੁਖਦੇਵ ਸਿੰਘ ਝੰਡ
ਚਾਰੇ ਪਾਸਿਓਂ ਸਮੁੰਦਰ ਨਾਲ ਘਿਰਿਆ ਹੋਇਆ ਵਿਕਟੋਰੀਆ ਇੱਕ ਅਤੀ ਖ਼ੂਬਸੂਰਤ ਜਜ਼ੀਰਾ (ਆਈਲੈਂਡ) ਹੈ। ਏਸੇ ਲਈ ਹੀ ਸ਼ਾਇਦ ਇਸ ਨੂੰ ਬੀ.ਸੀ. ਸੂਬੇ ਵੱਲੋਂ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ ਹੈ। ਇਹ ਦੁਨੀਆਂ ਦਾ ਅੱਠਵਾਂ ਅਤੇ ਕੈਨੇਡਾ ਦਾ ਦੂਸਰਾ ਵੱਡਾ ਆਈਲੈਂਡ ਹੈ। ਇਸ ਦਾ ਖੇਤਰਫਲ 2,19,191 ਵਰਗ ਕਿਲੋਮੀਟਰ ਹੈ ਅਤੇ ਆਬਾਦੀ 3,97,237 ਹੈ, ਜਦਕਿ ਵਿਕਟੋਰੀਆ ਸ਼ਹਿਰ ਦੀ ਆਬਾਦੀ 91,867 ਹੈ। 1843 ਵਿੱਚ ਇੰਗਲੈਂਡ ਦੇ ‘ਗੋਰੇ’ (ਅੰਗਰੇਜ਼) ਇੱਥੇ ਆਉਣੇ ਸ਼ੁਰੂ ਹੋਏ ਅਤੇ ਉਨ੍ਹਾਂ ਵੱਲੋਂ ਇਸ ਟਾਪੂ ਦਾ ਨਾਂ ‘ਵਿਕਟੋਰੀਆ’ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਨਾਂ ‘ਤੇ ਰੱਖਿਆ ਗਿਆ। ਸ਼ਹਿਰ ਵਿੱਚ ਕਈ ਇਤਿਹਾਸਕ ਇਮਾਰਤਾਂ ਹਨ, ਜਿਨ੍ਹਾਂ ਵਿਚੋਂ ਸੱਭ ਤੋਂ ਅਹਿਮ ਇਮਾਰਤ ਇਸ ਸੂਬੇ ਦੀ ਰਾਜਧਾਨੀ ਦੀ ਹੈ ਜੋ 1897 ਵਿੱਚ ਬਣ ਕੇ ਤਿਆਰ ਹੋਈ।
ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵੱਡੇ ਸੂਬਿਆਂ ਵਿੱਚੋਂ ਇੱਕ ਹੈ। 9,44,735 ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਇਸ ਸੂਬੇ ਦੇ ਪੂਰਬ ਵਾਲੇ ਪਾਸੇ ਅਲਬਰਟਾ ਅਤੇ ਉੱਤਰ ਵੱਲ ਯੂਕੋਨ ਤੇ ਨੂਨਾਵਤ ਟੈਰੀਟਰੀਆਂ ਹਨ। ਦੱਖਣ ਵਾਲੇ ਪਾਸੇ ਅਮਰੀਕਾ ਦੀਆਂ ਬਾਰਡਰ ਸਟੇਟਾਂ ਵਾਸ਼ਿੰਗਟਨ ਤੇ ਮੌਨਟੋਨਾ ਪੈਂਦੀਆਂ ਹਨ ਅਤੇ ਇਸਦੇ ਨਾਲ ਹੀ ਪੈਸੇਫਿਕ ਓਸ਼ਨ ਤੇ ਰੌਕੀ ਮਾਊਂਟੇਨ ਹਨ। ਕੈਨੇਡਾ ਦੀ 2025 ਦੀ ਜਨ-ਗਣਨਾ ਅਨੁਸਾਰ 5.68 ਮਿਲੀਅਨ ਦੀ ਜਨ-ਸੰਖਿਆ ਨਾਲ ਆਬਾਦੀ ਪੱਖੋਂ ਇਹ ਕੈਨੇਡਾ ਦਾ ਤੀਸਰਾ ਵੱਡਾ ਸੂਬਾ ਹੈ। 2021 ਦੀ ਜਨ-ਗਣਨਾ ਅਨੁਸਾਰ ਸੱਭ ਤੋਂ ਵਧੇਰੇ ਆਬਾਦੀ ਓਨਟਾਰੀਓ ਦੀ 14,223,942 ਹੈ ਅਤੇ ਕਿਊਬਿਕ 8,581,533 ਜਨ-ਸੰਖਿਆ ਨਾਲ ਦੂਸਰੇ ਨੰਬਰ ‘ਤੇ ਆਉਂਦਾ ਹੈ।
ਪਹਿਲੇ ਦਿਨ ਕੈਮਲੂਪਸ ਤੇ ਵਿਸਲਰ ਵੇਖਣ ਤੋਂ ਬਾਅਦ ਸਾਡਾ ਪ੍ਰੋਗਰਾਮ ਆਪਣੀ ਯਾਤਰਾ ਦਾ ਦੂਸਰਾ ਤੇ ਤੀਸਰਾ ਦਿਨ ਵਿਕਟੋਰੀਆ ਦੇ ਲੇਖੇ ਲਾਉਣ ਦਾ ਸੀ। ਵਿਸਲਰ ਵਿਚਲੀ ਆਪਣੀ ‘ਅਸਥਾਈ ਰਿਹਾਇਸ਼’ ਤੋਂ ਸਵੇਰੇ ਚਾਹ ਤੇ ਸਨੈਕਸ ਨਾਲ ਹਲਕਾ ਬਰੇਕਫ਼ਾਸਟ ਕਰਕੇ ਵਿਸਲਰ ਸ਼ਹਿਰ ਦੀ ਨਿੱਕੀ ਜਿਹੀ ਗੇੜੀ ਮਾਰੀ ਅਤੇ ਫਿਰ ਵੈਨ ਦਾ ਰੁਖ਼ ਵੈਨਕੂਵਰ ਤੋਂ ਵਿਕਟੋਰੀਆ ਨੂੰ ਚੱਲਣ ਵਾਲੀਆਂ ਫ਼ੈਰੀਆਂ ਦੇ ਸਟੇਸ਼ਨ ‘ਟਵਾਸੇਨ’ ਵੱਲ ਕੀਤਾ। ਇਹ ਵੈਨਕੂਵਰ ਡਾਊਨਟਾਊਨ ਤੋਂ 36 ਕਿਲੋਮੀਟਰ ਦੂਰ ਹੈ ਅਤੇ ਇੱਥੇ ਪਹੁੰਚਣ ਲਈ ਅੱਧਾ ਕੁ ਘੰਟਾ ਲੱਗਦਾ ਹੈ। ਵਿਕਟੋਰੀਆ ਤੋਂ ਵੈਨਕੂਵਰ ਆਉਣ ਲਈ ਉੱਥੇ ਇੱਕ ਹੋਰ ਫ਼ੈਰੀ ਸਟੇਸ਼ਨ ‘ਨਨੈਮੋ’ ਵੀ ਹੈ ਪਰ ਵੈਨਕੂਵਰ ਤੋਂ ਵਿਕਟੋਰੀਆ ਜਾਣ ਲਈ ਕੇਵਲ ਇਹ ‘ਟਵਾਸਨ’ ਟਰਮੀਨਲ ਹੀ ਹੈ।
ਵਿਕਟੋਰੀਆ ਜਾਣ ਲਈ ਅਸੀਂ ਅਗਾਊਂ-ਬੁੱਕਿੰਗ ਇਸ ਫ਼ੈਰੀ ਸਟੇਸ਼ਨ ‘ਟਵਾਸੇਨ’ ਤੋਂ ਕਰਵਾਈ ਹੋਈ ਸੀ ਅਤੇ ਉੱਥੇ ਪਹੁੰਚਣ ਲਈ ਰਸਤਾ ਅੱਧੇ ਘੰਟੇ ਦਾ ਸੀ, ਪਰ ਫ਼ੈਰੀ ਦੇ ਜਿਸ ਫੇਰੇ ਵਿੱਚ ਜਾਣ ਦੀ ਸਾਡੀ ਅਗਾਊਂ-ਬੁੱਕਿੰਗ ਸੀ, ਉਸਦੇ ਚੱਲਣ ਵਿੱਚ ਅਜੇ ਡੇਢ ਘੰਟੇ ਤੋਂ ਵੀ ਵਧੇਰੇ ਸਮਾਂ ਸੀ। ਇਸ ਲਈ ਸਾਡਾ ਰਸਤੇ ਵਿੱਚ ਪੈਂਦੇ ਇੱਕ ‘ਟਿਮ ਹੌਰਟਨ’ ਉੱਪਰ ਕਾਫ਼ੀ ਤੇ ਸਨੈਕਸ ਵਗ਼ੈਰਾ ਲੈਣ ਦਾ ਵਿਚਾਰ ਬਣ ਗਿਆ ਤਾਂ ਜੋ ਫੈਰੀ ਦੇ ਦੋ ਘੰਟੇ ਦੇ ਸਫ਼ਰ ਦੌਰਾਨ ਕਿਧਰੇ ਭੁੱਖ ਨਾ ਲੱਗ ਜਾਏ। ਫ਼ੈਰੀ ਵਿਚਲੇ ਰੈਸਟੋਰੈਂਟ ਵਿਚ ਤਾਂ ਹਰੇਕ ‘ਸੌਦਾ’ ਫਿਰ ਮਹਿੰਗਾ ਹੀ ਹੋਣਾ ਸੀ। ਫ਼ੈਰੀ ਦੇ ਚੱਲਣ ਤੋਂ ਅੱਧਾ ਕੁ ਘੰਟਾ ਪਹਿਲਾਂ ਪਾਰਕਿੰਗ ਵਿੱਚ ਪਹੁੰਚ ਕੇ ਆਪਣੀ ਵੈਨ ਗੱਡੀਆਂ ਵਾਲੀ ਇਕ ਲਾਈਨ ਵਿੱਚ ਲਗਾਈ ਅਤੇ ਫ਼ੈਰੀ ਦੀ ਉਡੀਕਦਾ ਸਮਾਂ ਉੱਥੇ ਏਧਰ-ਓਧਰ ਘੁੰਮ ਕੇ ਗੁਜ਼ਾਰਿਆ। ਪਾਰਕਿੰਗ ਵਿੱਚ ਫ਼ੈਰੀ ਵਿਚ ਜਾਣ ਵਾਲੀਆਂ ਗੱਡੀਆਂ ਦੀਆਂ ਤਿੰਨ-ਚਾਰ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਸਮਾਨ ਨਾਲ ਲੱਦੇ ਹੋਏ ਕਈ ਵੱਡੇ ਟਰੱਕ-ਟ੍ਰੇਲਰ ਇੱਕ ਵੱਖਰੀ ਲਾਈਨ ਵਿੱਚ ਖੜ੍ਹੇ ਸਨ। ਆਮ ਪ੍ਰਚੱਲਤ ਕਹਾਵਤ ਹੈ ਕਿ ‘ਉਡੀਕ ਦੀਆਂ ਘੜੀਆਂ ਲੰਮੀਆਂ ਹੁੰਦੀਆਂ ਨੇ’ ਪਰ ਇਸਦੀ ਅਸਲੀਅਤ ਦਾ ਸਹੀ ਪਤਾ ਉਡੀਕ ਕਰਨ ਸਮੇਂ ਹੀ ਲੱਗਦਾ ਹੈ। ਖ਼ੈਰ, ਆਪਸ ਵਿਚ ਗੱਪ-ਸ਼ੱਪ ਮਾਰਦਿਆਂ ਇਹ ਸਮਾਂ ਕਿਵੇਂ ਨਾ ਕਿਵੇਂ ਲੰਘ ਹੀ ਗਿਆ।
ਫ਼ੈਰੀ ‘ਚ ਸਫ਼ਰ ਦਾ ਆਪਣਾ ਹੀ ਮਜ਼ਾ
ਵਿਕਟੋਰੀਆ ਵਾਲੇ ਪਾਸਿਉਂ ਫੈਰੀ ਨਿਸਚਤ ਸਮੇਂ ‘ਤੇ ਆ ਗਈ। ਏਹੀ ਫ਼ੈਰੀ ਫਿਰ ਓਧਰ ਨੂੰ ਜਾਣੀ ਸੀ ਅਤੇ ਏਸੇ ਵਿੱਚ ਹੀ ਸਾਡੀਆਂ ਟਿਕਟਾਂ ਅਗਾਊਂ ਬੁੱਕ ਹੋਈਆਂ ਸਨ। ਫ਼ੇਰੀ ਵਿੱਚੋਂ ਛੋਟੀਆਂ-ਵੱਡੀਆਂ ਗੱਡੀਆਂ ਤੇ ਵੱਡੇ ਟਰੱਕ-ਟ੍ਰੇਲਰ ਬਾਹਰ ਨਿਕਲਣੇ ਸ਼ੁਰੂ ਹੋ ਗਏ। ਪੰਦਰਾਂ ਕੁ ਮਿੰਟਾਂ ‘ਚ ਓਧਰੋਂ ਆਉਣ ਵਾਲੇ ਵਾਹਨ ਆਉਣੇ ਬੰਦ ਹੋ ਗਏ ਅਤੇ ਫਿਰ ਏਧਰੋਂ ਓਧਰ ਨੂੰ ਜਾਣ ਵਾਲਿਆਂ ਦੀ ਵਾਰੀ ਆ ਗਈ। ਸਾਡੇ ਵਾਲੀ ਲਾਈਨ ਦੇ ਵਾਹਨਾਂ ਵਿੱਚ ਵੀ ਹਿਲਜੁਲ ਹੋਣੀ ਸ਼ੁਰੂ ਹੋ ਗਈ। ਆਪਣੀ ਵਾਰੀ ਆਉਣ ‘ਤੇ ਪਲਵਿੰਦਰਜੀਤ ਨੇ ਸਾਨੂੰ ਵੈਨ ‘ਚ ਬੈਠੇ-ਬਿਠਾਇਆਂ ਹੀ ਫੈਰੀ ਦੀ ਡੈੱਕ ਵਿੱਚ ਜਾ ਲਾਇਆ। ਸਾਡੇ ਜਾਣ ਤੋਂ ਪਹਿਲਾਂ ਹੀ ਉੱਥੇ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਨਾਲ ਹੀ ਭਾਰ ਨਾਲ ਲੱਦੇ-ਲਦਾਏ ਟਰੱਕ-ਟ੍ਰੇਲਰ ਵੀ ਵਿੱਚੇ ਹੀ ਪਾਰਕ ਹੁੰਦੇ ਜਾ ਰਹੇ ਸਨ। ਗੱਲ ਕੀ, ਡੈੱਕ ਦੇ ਅੰਦਰ ਇਕ ‘ਖੁੱਲ੍ਹੀ-ਪਾਰਕਿੰਗ’ ਵਾਲਾ ਦ੍ਰਿਸ਼ ਸੀ। ਗੱਡੀਆਂ ਅਤੇ ਟਰੱਕਾਂ ਵਿੱਚੋਂ ਉੱਤਰ ਕੇ ਲੋਕ ਲਿਫ਼ਟ ਰਾਹੀ ਫੈਰੀ ਦੀਆਂ ਉੱਪਰ ਵਾਲੀਆਂ ਮੰਜ਼ਲਾਂ ਵੱਲ ਜਾ ਰਹੇ ਸਨ। ਅਸੀਂ ਵੀ ਉਨ੍ਹਾਂ ਦੇ ਪਿੱਛੇ ਚੱਲਦੇ ਹੋਏ ਲਿਫ਼ਟ ਰਾਹੀਂ ਸੱਭ ਤੋਂ ਉੱਪਰਲੀ ਮੰਜ਼ਲ ‘ਤੇ ਪਹੁੰਚ ਗਏ।
ਫ਼ੈਰੀ ਕਾਹਦੀ, ਇਹ ਪੂਰਾ ‘ਸਮੁੰਦਰੀ ਜਹਾਜ਼’ ਹੀ ਸੀ। ਇਸ ਦੀਆਂ ਉੱਪਰਲੀਆਂ ਦੋ ਮੰਜ਼ਲਾਂ ‘ਤੇ ਬੈਠਣ ਲਈ ਸੋਫ਼ੇ ਵਰਗੀਆਂ ਸ਼ਾਨਦਾਰ ਗੱਦੇਦਾਰ ਸੀਟਾਂ ਮੌਜੂਦ ਸਨ। ਫ਼ੈਰੀ ਦੇ ਚੱਲਣ ਵਿੱਚ ਅਜੇ ਕੁਝ ਸਮਾਂ ਰਹਿੰਦਾ ਸੀ। ਥੋੜ੍ਹਾ ਚਿਰ ਇਨ੍ਹਾਂ ਗੱਦੇਦਾਰ ਸੀਟਾਂ ‘ਤੇ ਬੈਠ ਕੇ ਅਸੀਂ ਸੱਭ ਤੋਂ ਉੱਪਰਲੀ ਖੁੱਲ੍ਹੀ ਛੱਤ ‘ਤੇ ਚਲੇ ਗਏ ਅਤੇ ਆਲ਼ੇ-ਦੁਆਲੇ ਸਮੁੰਦਰ ਦਾ ਸੁੰਦਰ ਮੰਜ਼ਰ ਵੇਖਣ ਲੱਗ ਪਏ। ਏਨੇ ਨੂੰ ਇੱਕ ਹੋਰ ਫ਼ੈਰੀ ਵੈਨਕੂਵਰ ਵਾਲੇ ਬੰਨਿਉਂ ਇਧਰ ਨੂੰ ਆ ਰਹੀ ਸੀ। ਸਾਡੇ ਵਾਲੀ ਫ਼ੇਰੀ ਨੇੜਿਉਂ ਲੰਘਣ ਲੱਗਿਆਂ ਉਸਦੇ ਮੁਸਾਫ਼ਰਾਂ ਨੇ ਸਾਨੂੰ ਅਤੇ ਅਸੀ ਉਨ੍ਹਾਂ ਨੂੰ ਹੱਥ ਹਿਲਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਦੂਰ-ਦੂਰ ਤੱਕ ਸਮੁੰਦਰ ਦਾ ਨੀਲੀ ਭਾਅ ਮਾਰਦਾ ਸਾਫ਼ ਤੇ ਸਵੱਛ ਪਾਣੀ ਅਤੀ ਖ਼ੂਬਸੂਰਤ ਲੱਗ ਰਿਹਾ ਸੀ ਅਤੇ ਇਸ ਵਿੱਚ ਹਵਾ ਨਾਲ ਉੱਠਦੀਆਂ ਵੱਡੀਆਂ ਤੇ ਛੋਟੀਆਂ ਸਮੁੰਦਰੀ ਲਹਿਰਾਂ ਇਸ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰ ਰਹੀਆਂ ਸਨ। ਸਮੁੰਦਰ ਦੇ ਪਾਣੀ ਦੀ ‘ਪਿੱਠ-ਭੂਮੀ’ ਵਿਚ ਅਸੀਂ ਇੱਥੇ ਆਪਣੀਆਂ ਵੱਖ-ਵੱਖ ਅਤੇ ਗਰੁੱਪ ਦੀਆਂ ਕਈ ਤਸਵੀਰਾਂ ਲਈਆਂ। ਸਾਡੇ ਵਿੱਚੋਂ ਬਹੁਤੇ ਮੈਂਬਰਾਂ ਵਿੱਚ ਅਜਿਹੀ ਵਿਸ਼ਾਲ ਫ਼ੈਰੀ ‘ਚ ਸਫ਼ਰ ਕਰਨ ਦਾ ਇਹ ਪਹਿਲਾ ਮੌਕਾ ਸੀ, ਜਿਸ ਨੂੰ ਉਹ ਬੜੀ ਤੀਬਰਤਾ ਨਾਲ ਮਾਣ ਰਹੇ ਸਨ।
ਫ਼ੈਰੀ ਦਾ ਹੂਟਰ ਵੱਜਿਆ ਤੇ ਨਾਲ ਹੀ ਉਹ ਸਮੁੰਦਰ ਦੇ ਡੂੰਘੇ ਪਾਣੀ ਵਿੱਚ ਠਿੱਲ੍ਹ ਪਈ ਅਤੇ ਹੌਲ਼ੀ-ਹੌਲ਼ੀ ਸਪੀਡ ਫੜਨ ਲੱਗੀ। ਵੇਖਣ ਨੂੰ ਇਹ ਸਪੀਡ ਬਹੁਤੀ ਨਹੀਂ ਲੱਗਦੀ ਸੀ ਪਰ ਮੁਸਾਫ਼ਰਾਂ ਵਿੱਚੋਂ ਕਈ ਕਹਿ ਰਿਹਾ ਸੀ ਕਿ ਇਹ 25-30 ਕਿਲੋਮੀਟਰ ਪ੍ਰਤੀ ਘੰਟਾ ਤਾਂ ਹੋਵੇਗੀ ਹੀ। ਉਨ੍ਹਾਂ ਦਾ ਅੰਦਾਜ਼ਾ ਠੀਕ ਹੀ ਲੱਗਦਾ ਸੀ, ਕਿਉਂਕਿ ਓਸੇ ਸਮੇਂ ‘ਗੂਗਲ ਬਾਬੇ’ ਨੂੰ ਪੁੱਛਣ ‘ਤੇ ਪਤਾ ਲੱਗਿਆ ਕਿ ਵੈਨਕੂਵਰ ਦੇ ਟਵਾਸੇਨ ਫ਼ੈਰੀ ਟਰਮੀਨਲ ਤੋਂ ਵਿਕਟੋਰੀਆ ਦੇ ਸਵਾਰਟਜ਼ ਬੇਅ ਟਰਮੀਨਲ ਦੀ ਦੂਰੀ 47 ਕਿਲੋਮੀਟਰ ਹੈ ਅਤੇ ਫ਼ੈਰੀ ਆਪਣੀ ਮਸਤ ਚਾਲੇ ਚੱਲਦੀ ਹੋਈ ਉੱਥੇ ਪਹੁੰਚਣ ਲਈ ਲੱਗਭੱਗ ਪੌਣੇ ਦੋ ਘੰਟੇ ਲਗਾ ਦਿੰਦੀ ਹੈ। ਉਂਜ, ਆਲ਼ੇ-ਦੁਆਲ਼ੇ ਦੇ ਕੁਦਰਤੀ ਨਜ਼ਾਰੇ ਵੇਖਦੇ ਹੋਏ ਪਤਾ ਹੀ ਨਾ ਲੱਗਦਾ ਕਿ ਇਹ ਦੋ ਘੰਟੇ ਏਨੀ ਜਲਦੀ ਕਿਵੇਂ ਲੰਘ ਜਾਂਦਾ ਹੈ। ਖ਼ੈਰ, ਇਹ ਤਾਂ ਸਾਡੀ ਮਾਨਸਿਕ ਅਵਸਥਾ ਹੀ ਹੁੰਦੀ ਹੈ, ਖ਼ੁਸ਼ੀ ਭਰਿਆ ਸਮਾਂ ਜਲਦੀ ਲੰਘ ਜਾਂਦਾ ਹੈ ਅਤੇ ਦੁੱਖ ਦੀਆਂ ਘੜੀਆਂ ਲੰਮੀਆਂ ਹੋ ਜਾਂਦੀਆਂ ਹਨ। ਫ਼ੈਰੀ ਵਿੱਚ ਜਾਣ ਵਾਲਾ ਇੱਕ ਯਾਤਰੀ ਉੱਥੇ ਗੱਲ ਕਰ ਰਿਹਾ ਸੀ ਕਿ ਵੈਨਕੂਵਰ ਤੋਂ ਵਿਕਟੋਰੀਆ ਤੱਕ ਸਮੁੰਦਰ ਵਿੱਚ 47 ਕਿਲੋਮੀਟਰ ਪੁਲ਼ ਬਨਾਉਣਾ ਕੈਨੇਡਾ ਦੀ ਸਰਕਾਰ ਲਈ ਕੋਈ ਬਹੁਤਾ ਮੁਸ਼ਕਲ ਕੰਮਨਹੀਂ ਹੈ, ਫ਼ੈਰੀਆਂ ਚਲਾਉਣ ਵਾਲੀ ਇਹ ਕੰਪਨੀ ਸਰਕਾਰੇ-ਦਰਬਾਰੇ ਏਨੀ ਕੁ ਅਸਰਦਾਰ ਹੈ ਕਿ ਉਹ ਇਸ ਵੱਡੇ ਪ੍ਰਾਜੈੱਕਟ ਨੂੰ ਅਮਲੀ ਰੂਪ ਦੇਣ ਵਿੱਚ ਵੱਡੀ ਰੁਕਾਵਟ ਬਣੀ ਹੋਈ ਹੈ। ਇੱਥੇ ਹਰ ਕੋਈ ਆਪਣੇ ਫ਼ਾਇਦੇ ਬਾਰੇ ਹੀ ਸੋਚਦਾ ਹੈ ਅਤੇ ਇਸ ਕੰਪਨੀ ਨੂੰ ਵੀ ਆਪਣੇ ਹਿੱਤ ਪਿਆਰੇ ਹਨ।
ਖ਼ੂਬਸੂਰਤ ਜਜ਼ੀਰੇ ਵਿਕਟੋਰੀਆ ਪਹੁੰਚੇ
ਫ਼ੈਰੀ ਦੇ ਵਿਕਟੋਰੀਆ ਪਹੁੰਚਣ ‘ਤੇ ਲਿਫ਼ਟ ਰਾਹੀਂ ਹੇਠਾਂ ਉੱਤਰ ਕੇ ਆਪਣੀ ਵੈਨ ਵਿਚ ਜਾ ਬੈਠੇ। ਡੈੱਕ ਦਾ ਗੇਟ ਖੁੱਲ੍ਹਣ ‘ਤੇ ਵੈਨ ਬਾਹਰ ਕੱਢੀ ਅਤੇ ਇੱਥੇ ਵਿਕਟੋਰੀਆ ਵਿੱਚ ਪਹਿਲਾਂ ਹੀ ਬੁੱਕ ਕਰਵਾਈ ਹੋਈ ਰਿਹਾਇਸ਼ ਵੱਲ ਚੱਲ ਪਏ। ਇਹ ਉੱਥੋਂ ਕਾਫ਼ੀ ਦੂਰ ਸੀ ਅਤੇ ਸਾਨੂੰ ਉੱਥੇ ਪਹੁੰਚਣ ਲਈ ਪੌਣਾ ਘੰਟਾ ਲੱਗ ਗਿਆ। ਵਿਕਟੋਰੀਆ ਦੀ ਹਰਿਆਵਲ ਭਰਪੂਰ ਕੁਦਰਤੀ ਖ਼ੂਬਸੂਰਤੀ ਨੂੰ ਤੱਕਦਿਆਂ ਹੋਇਆਂ ਇਹ ਪੌਣਾ ਘੰਟਾ ਵੀ ਜਲਦੀ ਹੀ ਲੰਘ ਗਿਆ ਜਾਪਦਾ ਸੀ। ਵਿਕਟੋਰੀਆ ਵਿਚਲੀ ਸਾਡੀ ‘ਆਰਜ਼ੀ ਰਿਹਾਇਸ਼’ ਇਕ ਵੱਡੇ ਪੰਜ ਬੈੱਡ-ਰੂਮਾਂ ਵਾਲੇ ਸ਼ਾਨਦਾਰ ਘਰ ਵਿੱਚ ਸੀ। ਇਹ ਕਿਸੇ ਕਾਫ਼ੀ ਅਮੀਰ ਸ਼ਖਸ ਦਾ ਘਰ ਲੱਗਦਾ ਸੀ। ਸਿਟਿੰਗ-ਰੂਮ ਤੇ ਫ਼ੈਮਲੀ-ਰੂਮ ‘ਚ ਸਜੇ ਹੋਏ ਸ਼ਾਨਦਾਰ ਸੋਫ਼ੇ ਅਤੇ ਡਾਈਨਿੰਗ ਟੇਬਲ ਦੀਆਂ ਅੱਠ ਵੱਡੀਆਂ-ਖੁੱਲੀਆਂ ਕੁਰਸੀਆਂ ਇਸ ਦੀ ਭਰਪੂਰ ਗਵਾਹੀ ਭਰ ਰਹੀਆਂ ਸਨ। ਫਿਰ ਪਤਾ ਨਹੀਂ, ਏਨਾ ਖ਼ੂਬਸੂਰਤ ਘਰ ਉਸ ਸ਼ਖ਼ਸ ਨੇ ਟੂਰਿਸਟਾਂ ਨੂੰ ਇਹ ਕਿਰਾਏ ਲਈ ਕਿਉਂ ਲਗਾਇਆ ਹੋਵੇਗਾ। ਖ਼ੈਰ, ਕੋਈ ਮਜਬੂਰੀ ਵੀ ਹੋ ਸਕਦੀ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਉਸਨੇ ਇਹ ਆਪਣੀ ਘਰ ਵਾਧੂ ਜਾਇਦਾਦ ਵਜੋਂ ਕਿਰਾਏ ‘ਤੇ ਦੇਣ ਲਈ ਹੀ ਬਣਾਇਆ ਹੋਵੇ। ਖ਼ੈਰ, ਇਹ ਉਸਦੀ ਆਪਣੀ ਸੋਚ ਸੀ ਤੇ ਸਾਡਾ ਇਸ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਆਪਣੇ ਬੈਗ ਵੱਖ-ਵੱਖ ਬੈੱਡ-ਰੂਮਾਂ ਵਿਚ ਰੱਖ ਕੇ ਨਾਲ ਲਿਆਂਦਾ ਹੋਇਆ ਖਾਣ-ਪੀਣ ਦੇ ਸਮਾਨ ਦੇ ਥੈਲੇ ਖੁੱਲ੍ਹੀ-ਡੁੱਲ੍ਹੀ ਰਸੋਈ ਵਿਚ ਜਾ ਟਿਕਾਏ। ਫ਼ੈਮਲੀ-ਰੂਮ ‘ਚ ਬੈਠਦੇ ਸਾਰ ਸਾਰਿਆਂ ਨੂੰ ਚਾਹ ਦੀ ‘ਤਲਬ’ ਮਹਿਸੂਸ ਹੋਣ ਲੱਗੀ। ਬੀਬੀਆਂ ਨੇ ਲੌਂਗ-ਲਾਚੀਆਂ ਤੇ ਸੌਂਫ਼-ਜਵੈਣ ਵਾਲੀ ਚਾਹ ਬੜੀ ਸੁਆਦਲੀ ਬਣਾਈ ਅਤੇ ਚਾਹ ਦੇ ਨਾਲ ‘ਨਿਕਸੁਕ’ (ਸਨੈਕਸ) ਛਕਣ ਬਾਅਦ ਤਾਜ਼ਾ-ਦਮ ਹੋ ਕੇ ਸਾਰੇ ਗੱਪਸ਼ੱਪ ਲਗਾਉਣ ਲੱਗੇ। ‘ਜੱਥੇ’ ਦੇ ਦੋ ਨੌਜੁਆਨ ਮੈਂਬਰ ਨੇੜਲੇ ਸਟੋਰ ਤੋਂ ‘ਲੋੜੀਂਦਾ ਸਮਾਨ’ ਲੈਣ ਚਲੇ ਗਏ ਅਤੇ ਬਾਕੀ ਬਾਹਰ ਬਾਲਕੋਨੀ ਵਿਚ ਡੱਠੀਆਂ ਕੁਰਸੀਆਂ ‘ਤੇ ਸਜ ਕੇ ਵਾਈਨ ਤੇ ਵਿਸਕੀ ਦੇ ਪੈੱਗ ਪਾ ਕੇ ‘ਰੀਲੈਕਸ’ ਹੋਣ ਲੱਗੇ। ਬੀਬੀਆਂ ਡਿਨਰ ਲਈ ਮਟਰ-ਪਨੀਰ ਦੀ ਸਬਜ਼ੀ ਬਨਾਉਣ ਵਿੱਚ ਰੁੱਝ ਗਈਆਂ।
ਥੋੜ੍ਹੀ ਦੇਰ ਬਾਅਦ ‘ਸਮਾਨ’ ਲੈਣ ਗਏ ਨੌਜੁਆਨ ਵੀ ਆ ਗਏ। ਪੈੱਗ ਪਾ ਕੇ ਉਨ੍ਹਾਂ ਨੂੰ ਵੀ ਆਪਣੇ ਨਾਲ ਰਲ਼ਾਇਆ ਅਤੇ ਉਨ੍ਹਾਂ ਵੱਲੋਂ ਲਿਆਂਦੇ ਗਏ ‘ਮਸਾਲੇਦਾਰ-ਸਮਾਨ’ (ਫਿਸ਼ ਤੇ ਚਿਕਨ) ਦੇ ਨਾਲ ਉਸ ਸ਼ਾਮ ਨੂੰ ਰੰਗੀਨ ਕੀਤਾ। ਦੋ ਦਿਨਾਂ ਦੇ ਰੁਝੇਵਿਆਂ ਭਰੇ ਸਫ਼ਰ ਬਾਅਦ ਇਹ ਸ਼ਾਮ ‘ਰੀਲੈਕਸ’ ਹੋਣ ਲਈ ਰੱਖੀ ਗਈ ਸੀ। ਪੈੱਗ-ਸ਼ੈੱਗ ਲਾ ਕੇ ਇਸ ਮਹੱਲ-ਨੁਮਾ ਘਰ ਦੇ ‘ਵੱਡੇ ਡਾਈਨਿੰਗ-ਟੇਬਲ’ ਦੁਆਲੇ ਲੱਗੀਆਂ ਕੁਰਸੀਆਂ ਤੇ ਸੱਜ ਕੇ ਮਟਰ-ਪਨੀਰ ਦੀ ਸੁਆਦਲੀ ਸਬਜ਼ੀ ਨਾਲ ਖਾਣਾ ਖਾਣ ਤੋਂ ਬਾਅਦ ਵੀ ਦੇਰ ਤੱਕ ਗੱਪ-ਸ਼ੱਪ ਚੱਲਦੀ ਰਹੀ। ਫਿਰ ਯਾਦ ਆਇਆ ਕਿ ਸਵੇਰੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਅਤੇ ‘ਬੁਸ਼ਰਟ ਗਾਰਡਨਜ਼’ ਵੀ ਵੇਖਣ ਜਾਣਾ ਹੈ। ਇਹ ਸੋਚਦਿਆਂ ਸਾਰੇ ਆਪੋ-ਆਪਣੇ ਬੈੱਡ-ਰੂਮਾਂ ਵੱਲ ਚਲੇ ਗਏ। ਦਿਨੇ ਸਾਰਾ ਦਿਨ ਸਫ਼ਰ ਵਿਚ ਰਹਿਣ ਕਰਕੇ ਰਾਤ ਨੀਂਦ ਵੀ ਵਾਹਵਾ ਗੂੜ੍ਹੀ ਆਈ।
ਬੀ.ਸੀ. ਦੀ ਰਾਜਧਾਨੀ ਅੰਦਰ ਫਿਰ ਕੇ ਵੇਖੀ
ਸਵੇਰੇ ਇਸ਼ਨਾਨ-ਪਾਣੀ ਕਰਕੇ ਤਿਆਰ-ਸ਼ਿਆਰ ਹੋ ਕੇ ਬਰੈੱਡ-ਆਮਲੇਟ ਦਾ ਬਰੇਕ-ਫ਼ਾਸਟ ਕੀਤਾ ਅਤੇ ਚਾਹ ਪੀ ਕੇ ਵੈਨ ਵਿਚ ਸਵਾਰ ਹੋ ਕੇ ਬੀ.ਸੀ. ਦੀ ਰਾਜਧਾਨੀ ਵੇਖਣ ਲਈ ਚੱਲ ਪਏ। ਆਪਣੀ ਵੈਨ ਪਾਰਕਿੰਗ ‘ਚ ਪਾਰਕ ਕਰਕੇ ਰਾਜਧਾਨੀ ਦੀ ਖ਼ੂਬਸੂਰਤ ਇਮਾਰਤ ਸਾਹਮਣੇ ਪਹੁੰਚੇ। ਸਾਡੇ ਦੇਸ਼ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਅਤੇ ਇਸਦੇ ਸੂਬਿਆਂ ਦੀਆਂ ਰਾਜਧਾਨੀਆਂ ਅੰਦਰ ਜਾਣ ਲਈ ਪਹਿਲਾਂ ‘ਪਾਸ’ ਬਨਾਉਣੇ ਪੈਂਦੇ ਹਨ ਅਤੇ ਇਹ ਪਾਸ ਵੀ ਆਸਾਨੀ ਨਾਲ ਨਹੀਂ ਬਣਦੇ। ਇਹ ਬਨਾਉਣ ਲਈ ਵੀ ਕਈਆਂ ਸਿਫ਼ਾਰਸ਼ਾਂ ਦੀ ਲੋੜ ਪੈਂਦੀ ਹੈ। ਪਰ ਇੱਥੇ ਅੰਦਰ ਜਾਣ ਲਈ ਕਿਸੇ ਪਾਸ ਦੀ ਜ਼ਰੂਰਤ ਨਹੀਂ ਸੀ। ਅੰਦਰ ਜਾਣ ਵਾਲਾ ਮੇਨ-ਗੇਟ ਬੰਦ ਸੀ। ਉਹ ਸਿਰਫ਼ ਸੈਸ਼ਨ ਦੇ ਚੱਲਣ ਸਮੇਂ ਹੀ ਖੁੱਲ੍ਹਦਾ ਸੀ ਜਦੋਂ ਇਸ ਸੂਬੇ ਦੇ ਅਸੈਂਬਲੀ ਮੈਂਬਰ ਤੇ ਸਪੀਕਰ ਅੰਦਰ ਜਾਂਦੇ ਸਨ। ਅੱਗੋਂ-ਪਿਛੋਂ ਛੋਟੇ ਗੇਟ ਦੇ ਅੰਦਰਵਾਰ ਨਾਲ ਲੱਗਦੇ ਦਫ਼ਤਰ ਵਿਚ ਬੈਠਾ ਸਕਿਉਰਿਟੀ ਅਫ਼ਸਰ ਟੂਰਿਸਟਾਂ ਨੂੰ ਰਜਿਸਟਰ ਵਿੱਚ ਆਪਣਾ ਨਾਂ ਤੇ ਫ਼ੋਨ ਨੰਬਰ ਲਿਖਣ ਲਈ ਕਹਿ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਉੱਪਰ ਸਰਸਰੀ ਜਿਹੀ ਨਜ਼ਰ ਵੀ ਰੱਖ ਰਿਹਾ ਸੀ।
ਰਾਜਧਾਨੀ ਦੀ ਇਤਿਹਾਸਕ ਇਮਾਰਤ ਦੇ ਅੰਦਰ ਸੱਜੇ ਪਾਸੇ ਇਕ ਗੋਲ਼-ਆਕਾਰੀ ਹਾਲ ਵਿੱਚ ਪਹੁੰਚੇ ਤਾਂ ਉੱਥੇ ਇੱਕ ਗਾਈਡ-ਲੇਡੀ ਨੇ ਸਾਡਾ ਅਤੇ ਹੋਰ ਟੂਰਿਸਟਾਂ ਦਾ ਸੁਆਗ਼ਤ ਕੀਤਾ ਤੇ ਰਾਜਧਾਨੀ ਦੀ ਇਸ ਇਮਾਰਤ ਦੇ ਇਤਹਾਸ ਬਾਰੇ ਦੱਸਣਾ ਆਰੰਭ ਕੀਤਾ। ਹਾਲ ਦੇ ਚਾਰੇ ਪਾਸੇ ਬੀ.ਸੀ. ਦੇ ਇਤਿਹਾਸ ਅਤੇ ਕੈਨੇਡਾ ਦੇ ਅਸਲੀ ਪੁਰਾਣੇ ਵਾਸੀਆਂ ਦੀਆਂ ਕਠਨ ਜੀਵਨ ਹਾਲਤਾਂ ਨਾਲ ਸਬੰਧਿਤ ਕਈ ਪੇਂਟਿੰਗਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਬਾਰੇ ਗਾਈਡ ਨੇ ਸਾਰੇ ਟੂਰਿਸਟਾਂ ਨੂੰ ਸੰਖੇਪ ਵਿੱਚ ਜਾਣੂੰ ਕਰਵਾਇਆ। ਉਸ ਤੋਂ ਬਾਅਦ ਉਹ ਸਾਨੂੰ ਨਾਲ ਲੱਗਦੇ ਅਸੈਂਬਲੀ-ਹਾਲ ਵੱਲ ਲੈ ਗਈ ਜਿਸ ਦੀ ਝਲਕ ਇੱਕ ਖੁੱਲ੍ਹੀ ਖਿੜਕੀ ਰਾਹੀਂ ਬਾਹਰੋਂ ਹੀ ਵੇਖੀ ਜਾ ਸਕਦੀ ਸੀ। ਸਾਹਮਣੇ ਸਪੀਕਰ ਦੀ ਉੱਚੀ-ਕੁਰਸੀ ਦਿਖਾਈ ਦੇ ਰਹੀ ਸੀ ਅਤੇ ਉਸਦੇ ਸਾਹਮਣੇ ਦੋਹੇਂ ਪਾਸੇ ਅਸੈਂਬਲੀ ਮੈਂਬਰਾਂ ਦੇ ਬੈਠਣ ਲਈ ਗੱਦੇਦਾਰ ਬੈਂਚ ਸਨ। ਸਪੀਕਰ ਦੇ ਖੱਬੇ ਪਾਸੇ ਵਾਲੇ ਬੈਂਚਾਂ ਉੱਪਰ ਸੱਤਾ ਧਿਰ ਦੇ ਮੈਂਬਰ ਤੇ ਮੰਤਰੀ ਬੈਠਦੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਵਾਲੇ ਬੈਂਚ ਵਿਰੋਧੀ ਧਿਰ ਦੇ ਮੈਂਬਰਾਂ ਲਈ ਹਨ। ਸਪੀਕਰ ਦੀ ਵੱਡ-ਆਕਾਰੀ ਕੁਰਸੀ ਦੇ ਦੋਵੇਂ ਪਾਸੇ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਝੰਡੇ ਵਿਖਾਈ ਦੇ ਰਹੇ ਸਨ। ਅਸੈਂਬਲੀ ਦੇ ਮੁੱਢਲੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਇੱਥੇ ਪਹੁੰਚਣ ਵਾਲੇ ਲੈਫ਼ਟੀਨੈਂਟ ਗਵਰਨਰ ਦਾ ‘ਰੌਡ ਆਫ਼ ਅਥਾਰਿਟੀ’ ਉਸ ਖੁੱਲ੍ਹੀ ਖਿੜਕੀ ਦੇ ਅੰਦਰਵਾਰ ਲੱਕੜੀ ਦੇ ਇੱਕ ਬਕਸੇ ਵਿੱਚ ਸਜਾ ਕੇ ਰੱਖਿਆ ਹੋਇਆ ਸੀ, ਜਿਸਦਾ ਢੱਕਣ ਅੱਧਾ ਕੁ ਖੁੱਲ੍ਹਾ ਸੀ ਤਾਂ ਜੋ ਦਰਸ਼ਕ ਉਸ ਨੂੰ ਨੇੜਿਉਂ ਵੇਖ ਸਕਣ। ਉਸ ਖਿੜਕੀ ਦੇ ਸਾਹਮਣੇ ਖਲੋ ਕੇ ਟੂਰਿਸਟ ਤਸਵੀਰਾਂ ਖਿਚਵਾ ਰਹੇ ਸਨ। ਅਸੀਂ ਵੀ ਉੱਥੇ ਖੜੋ ਕੇ ਆਪਣੀਆਂ ਕੁਝ ਤਸਵੀਰਾਂ ਲਈਆਂ ਅਤੇ ਫਿਰ ਹਾਲ ਦਾ ਆਲ਼ਾ-ਦੁਆਲ਼ਾ ਅਤੇ ਉਸਦੇ ਉੱਪਰ ਵਾਲੀ ਮੰਜ਼ਲ ਵੇਖਣ ਤੋਂ ਬਾਅਦ ਉਸ ਇਮਾਰਤ ਤੋਂ ਬਾਹਰ ਆ ਗਏ।
ਇਸ ਖ਼ੂਬਸੂਰਤ ਇਮਾਰਤ ਦੇ ਸਾਹਮਣੇ ਬੜਾ ਖੁੱਲ੍ਹਾ ਪਾਰਕ ਸੀ ਜਿਸ ਵਿੱਚ ਫੁੱਲਾਂ ਦੀਆਂ ਵੱਖ-ਵੱਖ ਕਿਆਰੀਆਂ ਵਿੱਚ ਸਜੇ ਹੋਏ ਰੰਗ-ਬਿਰੰਗੇ ਖ਼ੂਬਸੂਰਤ ਫੁੱਲ ਅਤੇ ਬੂਟੇ ਟੂਰਿਸਟਾਂ ਦਾ ਧਿਆਨ ਖਿੱਚ ਰਹੇ ਹਨ। ਅਸੀਂ ਵੀ ਉਨ੍ਹਾਂ ਕਿਆਰੀਆਂ ਦੇ ਸਾਹਮਣੇ ਖਲੋ ਕੇ ਇਮਾਰਤ ਦੀ ਪਿੱਠ-ਭੂਮੀ ਵਿੱਚ ਕਈ ਤਸਵੀਰਾਂ ਖਿੱਚੀਆਂ ਅਤੇ ਫਿਰ ਪਾਰਕ ਤੋਂ ਅੱਗੇ ਜਾ ਕੇ ਟੂਰਿਸਟਾਂ ਦੇ ਲਈ ਕਿਸ਼ਤੀਆਂ ਚੱਲਣ ਵਾਲੇ ਪਲੇਟਫ਼ਾਰਮ ਦੇ ਸਾਹਮਣੇ ਆ ਕੇ ਉੱਥੇ ਵੀ ਕਈ ਤਸਵੀਰਾਂ ਆਪਣੇ ਸੈੱਲ-ਕੈਮਰਿਆਂ ਵਿੱਚ ਕੈਦ ਕੀਤੀਆਂ। ਇਸ ਸਾਰੇ ਦ੍ਰਿਸ਼ ਦੀ ਦਿੱਖ ਬਹੁਤ ਹੀ ਸੁਹਾਵਣੀ ਤੇ ਪ੍ਰਭਾਵ ਤੇ ਪ੍ਰਭਾਵਸ਼ਾਲੀ ਸੀ, ਜਿਸ ਨੂੰ ਨੇੜਿਉਂ ਨਿਹਾਰ ਕੇ ਸਾਰੇ ਬੜੇ ਖੁਸ਼ ਸਨ।
ਵਿਕਟੋਰੀਆ ਦਾ ਮਸ਼ਹੂਰ ‘ਬੁਸ਼ਰਟ ਗਾਰਡਨ’ ਸਮੂਹ
ਵਿਕਟੋਰੀਆ ਆਈਲੈਂਡ ‘ਤੇ ‘ਬੁਸ਼ਰਟ ਗਾਰਡਨਜ਼’ ਦੇ ਨਾਂ ਹੇਠ ਬਹੁਤ ਹੀ ਖ਼ੂਬਸੂਰਤ ਬਾਗ਼ਾਂ ਦਾ ਸਮੂਹ ਹੈ। ਰੌਬਰਟ ਪਿਮ ਬੁਸ਼ਰਟ (1856-1943) ਅਤੇ ਉਸਦੀ ਪਤਨੀ ਜੈਨੀ ਬੁਸ਼ਰਟ ਸੀਮੈਂਟ (1865-1950) ਬਨਾਉਣ ਲਈ ਵਰਤੇ ਜਾਂਦੇ ‘ਲਾਈਮਸਟੋਨ’ ਦੀ ਭਾਲ ਵਿਚ 1886 ਵਿੱਚ ਕੈਨੇਡਾ ਦੇ ਪੱਛਮੀ ਤੱਟ ‘ਤੇ ਆਏ ਅਤੇ ਉਨ੍ਹਾਂ ਨੂੰ ਇਹ ਤੱਟ ਏਨਾ ਪਸੰਦ ਆਇਆ ਕਿ 1904 ਵਿੱਚ ਉਨ੍ਹਾਂ ਨੇ ਇਸ ਸਥਾਨ ਦੇ ਨੇੜੇ ਆਪਣਾ ਘਰ ਬਣਾ ਲਿਆ ਅਤੇ ਜਲਦੀ ਹੀ ਇੱਥੋਂ ਲਾਈਮਸਟੋਨ ਕੱਢਣ ਦਾ ਆਪਣਾ ਕਾਰੋਬਾਰ ਆਰੰਭ ਕਰ ਲਿਆ। 1909 ਵਿੱਚ ਜਦੋਂ ਇੱਥੋਂ ਲਾਈਮਸਟੋਨ ਖ਼ਤਮ ਹੋ ਗਿਆ ਤਾਂ ਜੈਨੀ ਬੁਸ਼ਰਟ ਨੇ ਉਸ ਉੱਚੇ-ਨੀਵੇਂ ਥਾਂ ‘ਤੇ ਕਈ ਰੁੱਖ ਅਤੇ ਰੰਗ-ਬਿਰੰਗੇ ਫੁੱਲ-ਬੂਟੇ ਲਗਵਾਉਣੇ ਸ਼ੁਰੂ ਕਰ ਦਿੱਤੇ ਜੋ 1921 ਤੱਕ ਕਾਫ਼ੀ ਗਿਣਤੀ ਵਿੱਚ ਤਿਆਰ ਹੋ ਗਏ। ਬੁਸ਼ਰਟ ਜੋੜੀ ਨੇ ਇਸ ਨੂੰ ਇਟਾਲੀਅਨ ਨਾਮ ‘ਬੈੱਨਵੇਨੂਟੋ’ ਦਿੱਤਾ, ਜਿਸ ਦਾ ਮਤਲਬ ‘ਜੀ ਆਇਆਂ’ ਹੈ ਅਤੇ ਉਨ੍ਹਾਂ ਇਹ ਬਾਗ਼ ਲੋਕਾਂ ਨੂੰ ਵਿਖਾਉਣਾ ਸ਼ੁਰੂ ਕਰ ਦਿੱਤਾ। 1926 ਵਿੱਚ ਉਨ੍ਹਾਂ ਨੇ ਆਪਣਾ ਟੈਨਿਸ ਕੋਰਟ ਇਸ ਵਿੱਚ ਮਿਲਾ ਕੇ ਇਸ ਨੂੰ ਹੋਰ ਵੱਡਾ ਕਰ ਲਿਆ ਅਤੇ 1929 ਵਿੱਚ ਕਿਚਨ ਗਾਰਡਨ ਨੂੰ ‘ਰੋਜ਼ ਗਾਰਡਨ’ ਵਿੱਚ ਬਦਲ ਦਿੱਤਾ ਗਿਆ। ਇਸ ਤਰ੍ਹਾਂ ਇਸ ਬਾਗ਼ ਵਿੱਚ ਸਮੇਂ-ਸਮੇਂ ਹੋਰ ਵਾਧਾ ਹੁੰਦਾ ਗਿਆ ਅਤੇ ਅੱਜਕੱਲ੍ਹ ਇਹ ਇਸ ਹਾਲਤ ਵਿੱਚ ਵਿਸ਼ਾਲ ‘ਬੁਸ਼ਟ ਗਾਰਡਨਜ਼’ ਦੇ ਰੂਪ ਟੂਰਿਸਟਾਂ ਨੂੰ ਖਿੱਚ ਪਾ ਰਿਹਾ ਹੈ।
ਜ਼ਿਕਰਯੋਗ ਹੈ ਕਿ 1939 ਵਿੱਚ ਬੁਸ਼ਰਟ ਜੋੜੀ ਨੇ ਇਹ ਇਹ ਗਾਰਡਨ ਆਪਣੇ ਪੋਤਰੇ ਇਆਨ ਰੌਸ ਨੂੰ ਉਸਦੇ 21ਵੇਂ ਜਨਮ-ਦਿਨ ‘ਤੇ ਤੋਹਫ਼ੇ ਵਜੋਂ ਭੇਂਟ ਕਰ ਦਿੱਤਾ ਅਤੇ ਆਪ ਇਸਦੀ ਸਾਂਭ-ਸੰਭਾਲ ਤੋਂ ਸੁਰਖ਼ੁਰੂ ਹੋ ਗਏ। ਇਸ ਗਾਰਡਨ ਦੀ 50ਵੀਂ ਵਰ੍ਹੇ-ਗੰਢ ‘ਤੇ 1953 ਵਿਚ ਇਸ ਵਿੱਚ ਰਾਤ ਨੂੰ ਬਿਜਲਈ-ਰੌਸ਼ਨੀ ਕਰਨ ਲਈ ਅੰਡਰ-ਗਰਾਊਂਡ ਤਾਰਾਂ ਦਾ ਜਾਲ਼ ਵਿਛਾਇਆ ਗਿਆ ਅਤੇ 1964 ਵਿੱਚ ਇਸਦੀ 60ਵੀਂ ਵਰ੍ਹੇ-ਗੰਢ ‘ਤੇ ਹੇਠਲੇ ਨੀਵੇਂ ਹਿੱਸੇ ਵਿੱਚ ‘ਰੌਸ ਫ਼ਾਊਂਟੇਨ’ ਸਥਾਪਿਤ ਕੀਤਾ ਗਿਆ। 2004 ਵਿਚ ਇਸਦੀ 100ਵੀਂ ਵਰ੍ਹੇ-ਗੰਢ ਮਨਾਉਣ ਸਮੇਂ ਇਸ ਵਿੱਚ 30 ਫੁੱਟ (9.1 ਮੀਟਰ) ਉੱਚੇ ਤਿੰਨ ‘ਟੋਟਮ ਪੋਲ’ ਲਗਾਏ ਗਏ ਜੋ ਕੈਨੇਡਾ ਦੇ ਪੁਰਾਣੇ ਵਸਨੀਕਾਂ ਦੇ ਜੀਵਨ ਅਤੇ ਵਿਹਾਰ ਨੂੰ ਬਾਖ਼ੂਬੀ ਦਰਸਾਉਂਦੇ ਹਨ।
ਰਾਜਧਾਨੀ ਦੀ ਖ਼ੂਬਸੂਰਤ ਇਮਾਰਤ ਵੇਖਣ ਤੋਂ ਬਾਅਦ ਅਸੀਂ ਦੁਪਹਿਰੇ ਬਾਰਾਂ ਕੁ ਵਜੇ ਇਸ ਬੁਸ਼ਰਟ ਗਾਰਡਨ ਪਹੁੰਚੇ ਅਤੇ ਗੇਟ ਤੋਂ ਲੋੜੀਂਦੀਆਂ ਦਾਖ਼ਲਾ ਟਿਕਟਾਂ ਲੈ ਕੇ ਅੰਦਰ ਚਲੇ ਗਏ। ਅੰਦਰ ਬਣੀਆਂ ਸੀਮੈਂਟ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਵੱਖ-ਵੱਖ ਰੰਗਾਂ ਦੇ ਖ਼ੂਬਸੂਰਤ ਫੁੱਲਾਂ ਦਾ ਸਵਰਗੀ ਅਨੰਦਮਈ ਨਜ਼ਾਰਾ ਸੀ। ਇਨ੍ਹਾਂ ਵਿੱਚੋਂ ਕਈ ਫੁੱਲ-ਬੂਟੇ ਤਾਂ ਅਸੀਂ ਪਹਿਲੀ ਵਾਰ ਹੀ ਵੇਖ ਰਹੇ ਸਾਂ, ਜਿਨ੍ਹਾਂ ਦੇ ਨੇੜੇ ਖਲੋ-ਖਲੋ ਕੇ ਤਸਵੀਰਾਂ ਖਿੱਚੀਆਂ ਤੇ ਹੋਰਨਾਂ ਕੋਲੋਂ ਗਰੁੱਪ ਤਸਵੀਰਾਂ ਖਿਚਵਾਈਆਂ। ਬਾਗ਼ਾਂ ਦੇ ਇਸ ਸਮੂਹ ਵਿੱਚ ‘ਸੰਕਨ ਗਾਡਨ’, ‘ਜੈਪਨੀਜ਼ ਗਾਰਡਨ’, ‘ਇਟਾਲੀਅਨ ਗਾਰਡਨ’, ‘ਰੌਸ ਗਾਰਡਨ’, ਆਦਿ ਨਾਵਾਂ ਹੇਠ ਕਈ ਬਾਗ਼ ਹਨ, ਜਿਨ੍ਹਾਂ ਨੂੰ ਵੇਖਣ ਲਈ ਘੱਟੋ-ਘੱਟ 8-10 ਘੰਟੇ ਦਾ ਸਮਾਂ ਚਾਹੀਦਾ ਹੈ। ਅਸੀਂ ਤਿੰਨ ਕੁ ਘੰਟੇ ਲਗਾ ਕੇ ਇਸਦੇ ਖ਼ਾਸ-ਖ਼ਾਸ ਹਿੱਸਿਆਂ ਵਿੱਚ ਜਾ ਕੇ ਉੱਥੇ ਫੁੱਲਾਂ-ਬੂਟਿਆਂ ਦੇ ਨਾਲ ਖਲੋ-ਖਲੋ ਕੇ ਤਸਵੀਰਾਂ ਖਿਚਵਾਉਣ ਬਾਅਦ ਤਿੰਨ ਕੁ ਵਜੇ ਉਥੋਂ ਵਾਪਸੀ ਕੀਤੀ। ਇੱਥੇ ਇਹ ਜ਼ਿਕਰਯੋਗ ਹੈ ਕਿ 135 ਏਕੜਾਂ ਵਿੱਚ ਫ਼ੈਲੇ ਹੋਏ ਇਸ ਵਿਸ਼ਾਲ ਬਾਗ਼ ਅਤੇ ਇਸਦੇ 26 ਗਰੀਨ-ਹਾਊਸਾਂ ਵਿੱਚ ਇਸ ਸਮੇਂ ਵੱਖ-ਵੱਖ ਮੌਸਮਾਂ ਅਨੁਸਾਰ 50 ਤੋਂ 70 ਕੁਲ-ਵਕਤੀ ਮਾਲੀਆਂ ਸਮੇਤ 300 ਤੋਂ 600 ਕਰਮਚਾਰੀ ਕੰਮ ਕਰਦੇ ਹਨ। ਰੁੱਖਾਂ ਤੇ ਫੁੱਲਾਂ-ਬੂਟਿਆਂ ਦੀ ਗਿਣਤੀ ਇਸ ਬਾਗ਼ ਵਿੱਚ ਬੇਸ਼ੁਮਾਰ ਹੈ। ਇਕੱਲੇ ‘ਰੋਜ਼ ਗਾਰਡਨ’ ਵਿੱਚ ਹੀ 280 ਕਿਸਮਾਂ ਦੇ ਗੁਲਾਬਾਂ ਦੇ 2500 ਤੋਂ ਵਧੀਕ ਪੌਦੇ ਹਨ। ਇਸ ਬਾਗ਼ ਨੂੰ ਵੇਖਣ ਆਉਣ ਵਾਲਿਆਂ ਦੀ ਗੱਲ ਕਰੀਏ ਤਾਂ ਹਰ ਸਾਲ ਇੱਥੇ ਇੱਕ ਮਿਲੀਅਨ (10 ਲੱਖ) ਤੋਂ ਵਧੇਰੇ ਟੂਰਿਸਟ ਇਸ ਅਨੋਖੇ ਬਾਗ਼ ਨੂੰ ਵੇਖਣ ਆਉਂਦੇ ਹਨ। ਇਸ ਗਾਰਡਨ ਦੀ ਮਾਲਕੀਅਤ ਸ਼ੁਰੂ ਤੋਂ ਬੁਸ਼ਰਟ ਪਰਿਵਾਰ ਕੋਲ ਹੀ ਰਹੀ ਹੈ ਅਤੇ 2001 ਤੋਂ ਬੁਸ਼ਰਟ-ਜੋੜੀ ਦੀ ਪੜਪੋਤਰੀ ਰੌਬਿਨ ਲੀ ਕਲਾਰਕ ਇਸਦੀ ਮੈਨੇਜਿੰਗ ਡਾਇਰੈਕਟਰ ਹੈ।
ਬਾਗ਼ ਦੀ ਸੈਰ ਦੌਰਾਨ ‘ਟੋਟਮ ਪੋਲਾਂ’ ਦੇ ਨੇੜੇ ਡੱਠੇ ਹੋਏ ਲੋਹੇ ਦੇ ਬੈਂਚਾਂ ਉੱਪਰ ਬੈਠ ਕੇ ਅਸੀਂ ਆਪਣੇ ਨਾਲ ਲਿਆਂਦੇ ਹੋਏ ਪਰੌਂਠੇ ਗੋਭੀ ਦੀ ਸਬਜ਼ੀ ਦੇ ਨਾਲ ਛਕਦਿਆਂ ਹੋਇਆਂ ਤਿੰਨ ਥਰਮਸਾਂ ਵਿਚ ਲਿਆਂਦੀ ਹੋਈ ਗਰਮ-ਗਰਮ ਚਾਹ ਪੀਤੀ। ਬਾਗ਼ ਵਿੱਚ ਵੇਖਣ ਵਾਲਾ ਅਜੇ ਬਹੁਤ ਕੁਝ ਬਾਕੀ ਸੀ ਪਰ ਅਸੀਂ ਪੰਜ ਵਜੇ ਅਸੀਂ ਵੈਨਕੂਵਰ ਵਾਪਸ ਜਾਣ ਵਾਲੀ ਫ਼ੈਰੀ ਲੈਣੀ ਸੀ ਅਤੇ ਉੱਥੋਂ ਸ਼ਾਮ ਨੂੰ ਸਰੀ ਪਹੁੰਚਣਾ ਸੀ, ਜਿੱਥੇ ਸਾਡੀ ਇਸ ਟੂਰ ਪਾਰਟੀ ਦਾ ਕਿਰਾਏ ਦੇ ਇਕ ਘਰ ਵਿੱਚ ਚਾਰ ਦਿਨਾਂ ਦਾ ‘ਰੈਣ-ਬਸੇਰਾ’ ਸੀ ਜਿਸ ਦੌਰਾਨ ਵੈਨਕੂਵਰ ਦੀਆਂ ਵੱਖ-ਵੱਖ ਥਾਵਾਂ ਵੇਖਣੀਆਂ ਸਨ ਅਤੇ ਸਰੀ ਰਹਿੰਦੇ ਦੋ-ਤਿੰਨ ਰਿਸ਼ ਪਰਿਵਾਰਾਂ ਨੂੰ ਵੀ ਮਿਲਣਾ ਸੀ। ਸੋ ਵਾਪਸੀ ਲਈ ਚਾਲੇ ਵੇਲੇ ਸਿਰ ਹੀ ਪਾਏ।
* * * * *








