Breaking News
Home / ਮੁੱਖ ਲੇਖ / ਭਾਰਤੀ ਸੱਭਿਆਚਾਰ ਦੀ ਰੰਗੋਲੀ ਹੈ ‘ਹੋਲੀ’

ਭਾਰਤੀ ਸੱਭਿਆਚਾਰ ਦੀ ਰੰਗੋਲੀ ਹੈ ‘ਹੋਲੀ’

ਤਲਵਿੰਦਰ ਸਿੰਘ ਬੁੱਟਰ
ਭਾਰਤੀ ਸੱਭਿਆਚਾਰ ਵਿਚ ਹੋਲੀ ‘ਰੰਗਾਂ’ ਅਤੇ ‘ਖੁਸ਼ੀਆਂ’ ਦਾ ਤਿਉਹਾਰ ਹੈ। ਹੋਲੀ ਹਰੇਕ ਸਾਲ ਫ਼ੱਗਣ ਸੁਦੀ 8 ਤੋਂ ਸ਼ੁਰੂ ਹੋ ਕੇ ਉਸੇ ਹਫ਼ਤੇ ਪੂਰਨਮਾਸ਼ੀ ਨੂੰ ਸਮਾਪਤ ਹੁੰਦੀ ਹੈ। ਇਸ ਨੂੰ ‘ਫ਼ਾਗਾ’, ‘ਧੁਲੇਟੀ’, ‘ਧੁਲੀ’, ‘ਧੁਲੰਡੀ’, ‘ਰੰਗਪੰਚਮੀ’ ਅਤੇ ‘ਹੋਲਿਕਾ ਦਹਿਨ’ ਵੀ ਆਖਿਆ ਜਾਂਦਾ ਹੈ। ਹੋਲੀ ਮੂਲ ਰੂਪ ਵਿਚ ਬਦੀ ਉੱਤੇ ਨੇਕੀ ਦੀ ਜਿੱਤ, ਭਾਈਚਾਰਕ ਸਦਭਾਵਨਾ, ਜਾਤ-ਪਾਤ, ਊਚ-ਨੀਚ ਅਤੇ ਗ਼ਰੀਬ-ਅਮੀਰ ਦੇ ਪਾੜੇ ਨੂੰ ਖ਼ਤਮ ਕਰਨ ਅਤੇ ਖੁਸ਼ੀਆਂ ਦਾ ਸੁਨੇਹਾ ਦਿੰਦਾ ਤਿਉਹਾਰ ਹੈ ਪਰ ਸਮੇਂ ਦੇ ਨਾਲ ਇਸ ਦੀ ਅਸਲ ਭਾਵਨਾ ਘਟਦੀ ਗਈ ਅਤੇ ਇਸ ਨੇ ਖਰੂਦ, ਛੇੜਛਾੜ ਅਤੇ ਵਿਲਾਸ ਦਾ ਰੂਪ ਧਾਰਨ ਕਰ ਲਿਆ।
ਭਾਰਤ ਤੋਂ ਇਲਾਵਾ ਹੋਲੀ ਨਿਪਾਲ, ਬੰਗਲਾਦੇਸ਼, ਪਾਕਿਸਤਾਨ, ਮਲੇਸ਼ੀਆ, ਗੁਆਨਾ, ਸਾਊਥ ਅਫ਼ਰੀਕਾ, ਅਮਰੀਕਾ, ਇੰਗਲੈਂਡ, ਮੋਰੀਸ਼ੀਅਸ, ਸੂਰੀਨੇਮ, ਤ੍ਰਿਨੀਦਾਦ, ਟੋਬਾਗੋ ਅਤੇ ਫ਼ਿਜ਼ੀ ਵਿਚ ਵੀ ਵੱਡੀ ਪੱਧਰ ‘ਤੇ ਮਨਾਈ ਜਾਂਦੀ ਹੈ। ਹੋਲੀ ਦਾ ਸਬੰਧ ਇਕ ਪੌਰਾਣਿਕ ਕਥਾ ਅਨੁਸਾਰ ਭਗਤ ਪ੍ਰਹਿਲਾਦ ਨਾਲ ਜੁੜਦਾ ਹੈ। ਇਕ ਘੁਮੰਡੀ, ਕਪਟੀ ਤੇ ਅੱਤਿਆਚਾਰੀ ਰਾਜੇ ਹਰਨਾਖ਼ਸ਼ ਦੇ ਚਾਰ ਪੁੱਤਰਾਂ ਵਿਚੋਂ ਸਭ ਤੋਂ ਛੋਟਾ ਪ੍ਰਹਿਲਾਦ ਸੀ। ਹਰਨਾਕਸ਼ ਚਾਹੁੰਦਾ ਸੀ ਕਿ ਰਾਜ ਵਿਚ ਹਰ ਕੋਈ ਉਸ ਦਾ ਨਾਂਅ ਜਪੇ ਪਰ ਭਗਤ ਪ੍ਰਹਿਲਾਦ ਦੀ ਲਿਵ ਪਰਮਾਤਮਾ ਨਾਲ ਜੁੜੀ ਹੋਈ ਸੀ। ਰਾਜਾ ਹਰਨਾਖ਼ਸ਼ ਨੇ ਭਗਤ ਪ੍ਰਹਿਲਾਦ ਨੂੰ ਰੱਬ ਦੀ ਭਗਤੀ ਤੋਂ ਹਟਾਉਣ ਦੇ ਅਨੇਕਾਂ ਯਤਨ ਕੀਤੇ, ਪਰ ਕੋਈ ਵੀ ਸਫ਼ਲ ਨਾ ਹੋਇਆ। ਅੰਤ ਵਿਚ ਰਾਜੇ ਨੇ ਆਪਣੀ ਭੈਣ ‘ਹੋਲਿਕਾ’ ਦੀ ਗੋਦੀ ‘ਚ ਬਿਠਾ ਕੇ ਪ੍ਰਹਿਲਾਦ ਨੂੰ ਸਾੜ-ਮਾਰਨ ਦੀ ਸਾਜ਼ਿਸ਼ ਰਚੀ। ‘ਹੋਲਿਕਾ’ ਨੇ ਤਪ ਕਰਕੇ ਸ਼ਿਵਜੀ ਪਾਸੋਂ ਇਕ ਦੁਪੱਟਾ ਪ੍ਰਾਪਤ ਕੀਤਾ ਸੀ, ਜਿਸ ਨੂੰ ਉਪਰ ਲੈਣ ‘ਤੇ ਅੱਗ ਅਸਰ ਨਹੀਂ ਕਰਦੀ ਸੀ। ਪ੍ਰਹਿਲਾਦ ਨੂੰ ਗੋਦੀ ‘ਚ ਲੈ ਕੇ ਹੋਲਿਕਾ ਅੱਗ ਦੇ ਭਾਂਬੜ ‘ਚ ਬੈਠ ਗਈ। ਪਰਮਾਤਮਾ ਨੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਤੇ ਵਰ ਵਾਲਾ ਦੁਪੱਟਾ ਹੋਲਿਕਾ ਤੋਂ ਉਡ ਕੇ ਪ੍ਰਹਿਲਾਦ ‘ਤੇ ਜਾ ਪਿਆ। ਹੋਲਿਕਾ ਸੜ ਗਈ ਤੇ ਪ੍ਰਹਿਲਾਦ ਬਚ ਗਿਆ।
ਹੋਲੀ ਦੇ ਤਿਉਹਾਰ ਸਬੰਧੀ ਇਸ ਕਥਾ ਨੂੰ ਆਧਾਰ ਬਣਾ ਕੇ ਹੀ ਰਾਤ ਨੂੰ ਹੋਲੀ ਜਲਾਈ ਜਾਂਦੀ ਸੀ ਤੇ ਅੱਗ ਨਾਲ ਬਣੀ ਸੁਆਹ ਨੂੰ ਹੋਲਿਕਾ ਦੀ ਰਾਖ਼ ਮੰਨ ਕੇ ਸਵੇਰੇ ਉਡਾਇਆ ਜਾਂਦਾ ਸੀ। ਸ੍ਰੀ ਕ੍ਰਿਸ਼ਨ ਗਵਾਲਿਆਂ ਦੇ ਨਾਲ ਰਲ ਕੇ ਜੋਸ਼ੋ-ਖਰੋਸ਼ ਵਿਚ ਹੋਲੀ ਮਨਾਉਂਦੇ ਸਨ ਤਾਂ ਉਸ ਵੇਲੇ ਊਚ-ਨੀਚ ਅਤੇ ਜਾਤ-ਪਾਤ ਦੇ ਭੇਦਭਾਵ ਖ਼ਤਮ ਹੋ ਗਏ ਸਨ। ਹੋਲੀ ਦਾ ਇਕ ਉਦੇਸ਼ ਸਰਦ ਰੁੱਤ ਦੀ ਸਮਾਪਤੀ ਤੋਂ ਬਾਅਦ ਖੇੜੇ ਦੀ ਪ੍ਰਤੀਕ ਬਸੰਤ ਰੁੱਤ ਦੇ ਆਗਮਨ ਦੀ ਖੁਸ਼ੀ, ਰੱਬੀ ਦੀ ਚੰਗੀ ਫ਼ਸਲ ਦੀ ਕਾਮਨਾ ਦੇ ਨਾਲ ਵੀ ਜੁੜਿਆ ਹੈ। ਸੰਸਕ੍ਰਿਤ ਦੇ ‘ਰਤਨਾਵਲੀ’ ਨਾਟਕ ‘ਚ ਹੋਲੀ ਦਾ ਤਿਉਹਾਰ ਸੱਤਵੀਂ ਸਦੀ ਤੋਂ ਮਨਾਏ ਜਾਣ ਦੇ ਸੰਕੇਤ ਮਿਲਦੇ ਹਨ। ਸੰਸਕ੍ਰਿਤ ਦੀਆਂ ਪੁਰਾਣੀਆਂ ਲਿਖਤਾਂ ‘ਚ ਇਸ ਨਾਲ ਮਿਲਦੇ-ਜੁਲਦੇ ਹੋਰ ਤਿਉਹਾਰ ਵੀ ਯੁੱਗਾਂ ਤੋਂ ਮਨਾਏ ਜਾਣ ਦਾ ਜ਼ਿਕਰ ਹੈ, ਜਿਸ ਅਨੁਸਾਰ ਲੋਕ ਬਾਂਸ ਦੀਆਂ ਪਿਚਕਾਰੀਆਂ ਨਾਲ ਇਕ-ਦੂਜੇ ‘ਤੇ ਰੰਗ ਵਾਲਾ ਪਾਣੀ ਸੁੱਟਦੇ ਸਨ।
ਹੋਲੀ ਭਾਰਤ ਦੇ ਵੱਖੋ-ਵੱਖਰੇ ਸੂਬਿਆਂ ਅਤੇ ਖੇਤਰਾਂ ਵਿਚ ਅੱਡ-ਅੱਡ ਦਿਲਚਸਪ ਰੀਤੀ-ਰਿਵਾਜਾਂ ਅਨੁਸਾਰ ਮਨਾਈ ਜਾਂਦੀ ਹੈ। ਹੋਲੀ ਤੋਂ ਇਕ ਦਿਨ ਪਹਿਲੀ ਰਾਤ ਨੂੰ ਹਿੰਦੂ ਧਰਮ ਦੇ ਲੋਕ ਇਕੱਠੇ ਹੋ ਕੇ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲਦੇ ਹਨ, ਜਿਸ ਨੂੰ ‘ਹੋਲਿਕਾ ਦਹਿਨ’, ‘ਕਾਮਾਦਹਿਨਮ’ ਅਤੇ ‘ਛੋਟੀ ਹੋਲੀ’ ਵੀ ਆਖਦੇ ਹਨ।
ਹੋਲੀ ਦਾ ਤਿਉਹਾਰ ਸਭ ਤੋਂ ਪਹਿਲਾਂ ਗੁਜਰਾਤ ਵਿਚ ਸ਼ੁਰੂ ਹੋਣ ਦੇ ਸੰਕੇਤ ਮਿਲਦੇ ਹਨ, ਜੋ ਪਤਝੜ ਤੋਂ ਬਾਅਦ ਬਸੰਤ ਰੁੱਤ ਦੀ ਸ਼ੁਰੂਆਤ ਅਤੇ ਰੱਬੀ ਦੀ ਫ਼ਸਲ ਵਧੀਆ ਹੋਣ ਦੀ ਕਾਮਨਾ ਨਾਲ ਮਨਾਇਆ ਜਾਂਦਾ ਸੀ। ਸ੍ਰੀ ਕ੍ਰਿਸ਼ਨ ਵੀ ਮਥੁਰਾ ਵਿਚ ਬੜੇ ਜੋਸ਼ੋ-ਖਰੋਸ਼ ਨਾਲ ਹੋਲੀ ਖੇਡਦੇ ਸਨ, ਜਿਹੜਾ ਗੁਜਰਾਤ ਵਿਚ ਹੈ। ਅਹਿਮਦਾਬਾਦ ਵਿਚ ਹੋਲੀ ਬੇਹੱਦ ਦਿਲਚਸਪ ਅਤੇ ਦੇਖਣਯੋਗ ਹੁੰਦੀ ਹੈ। ਗਲੀਆਂ ‘ਚ ਉੱਚੀ ਥਾਂ ‘ਤੇ ‘ਲੱਸੀ’ ਦੀਆਂ ਮਟਕੀਆਂ ਲਟਕਾਈਆਂ ਜਾਂਦੀਆਂ ਹਨ। ਨੌਜਵਾਨ ਮੁੰਡੇ ਝੁੰਡ ਬਣਾ ਕੇ ਇਕ ਜਣੇ ਨੂੰ ਉੱਚਾ ਚੁੱਕਦੇ ਹਨ ਤੇ ਉਹ ਮਟਕੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਕੁੜੀਆਂ ਇਕੱਠੀਆਂ ਹੋ ਕੇ ਰੰਗ ਵਾਲਾ ਪਾਣੀ ਸੁੱਟ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ, ਜਿਵੇਂ ਸ੍ਰੀ ਕ੍ਰਿਸ਼ਨ ਗਵਾਲਿਆਂ ਨਾਲ ਰਲ ਕੇ ਮੱਖਣ ਚੋਰੀ ਕਰਦੇ ਸਨ ਤੇ ਗੋਪੀਆਂ ਉਨ੍ਹਾਂ ਨੂੰ ਰੋਕਦੀਆਂ ਸਨ। ਅਖ਼ੀਰ ਵਿਚ ਮੁੰਡੇ ਮਟਕੀ ਨੂੰ ਤੋੜ ਦਿੰਦੇ ਹਨ ਅਤੇ ਮਟਕੀ ਤੋੜਨ ਵਾਲੇ ਨੂੰ ‘ਹੋਲੀ ਦਾ ਰਾਜਾ’ ਕਿਹਾ ਜਾਂਦਾ ਹੈ।ਗੁਜਰਾਤ ਦੇ ਸੰਯੁਕਤ ਹਿੰਦੂ ਪਰਿਵਾਰਾਂ ‘ਚ ਔਰਤਾਂ ਸਾੜ੍ਹੀ ਦੀਆਂ ਰੱਸੀਆਂ ਬਣਾ ਕੇ ਝੂਠੇ ਗੁੱਸੇ ‘ਚ ਆਪਣੇ ਦਿਓਰਾਂ ਨੂੰ ਕੁੱਟਦੀਆਂ ਹਨ ਅਤੇ
ਉਨ੍ਹਾਂ ‘ਤੇ ਰੰਗ-ਬਿਰੰਗਾ ਪਾਣੀ ਸੁੱਟਦੀਆਂ ਹਨ। ਸ਼ਾਮ ਨੂੰ ਦਿਓਰ ਆਪਣੀਆਂ ਭਾਬੀਆਂ ਨੂੰ ਮਠਿਆਈਆਂ ਅਤੇ ਤੋਹਫ਼ੇ ਵੰਡਦੇ ਹਨ। ਹਰਿਆਣਾ ‘ਚ ਵੀ ਹੋਲੀ, ਜਿਸ ਨੂੰ ‘ਦੁਲੰਡੀ ਹੋਲੀ’ ਆਖਿਆ ਜਾਂਦਾ ਹੈ, ਬਿਲਕੁਲ ਇਸੇ ਤਰੀਕੇ ਨਾਲ ਮਨਾਈ ਜਾਂਦੀ ਹੈ।
ਉੱਤਰ ਪ੍ਰਦੇਸ਼ ਵਿਚ ਮਥੁਰਾ ਤੋਂ 42 ਕਿਲੋਮੀਟਰ ਦੂਰ ਬਰਸਾਨਾ ਸ਼ਹਿਰ, ਜਿਹੜਾ ਕਿ ਸ੍ਰੀ ਕ੍ਰਿਸ਼ਨ ਦੀ ਗੋਪੀ ‘ਰਾਧਾ’ ਦਾ ਜਨਮ ਸਥਾਨ ਹੈ, ਵਿਚ ਅਜੀਬੋ-ਗ਼ਰੀਬ ‘ਲੱਠਮਾਰ ਹੋਲੀ’ ਪ੍ਰਸਿੱਧ ਹੈ। ਇਥੋਂ ਦੇ ਰਾਧਾ ਰਾਣੀ ਮੰਦਰ ਦੇ ਖੁੱਲ੍ਹੇ ਮੈਦਾਨ ‘ਚ ਹਜ਼ਾਰਾਂ ਲੋਕ ‘ਲੱਠਮਾਰ ਹੋਲੀ’ ਦੇਖਣ ਪਹੁੰਚਦੇ ਹਨ। ਔਰਤਾਂ, ਬੰਦਿਆਂ ਨੂੰ ਲਾਠੀਆਂ ਨਾਲ ਕੁੱਟਦੀਆਂ ਹਨ। ਮਰਦ, ਔਰਤਾਂ ਦੇ ਅੱਗੇ ਭੱਜਦੇ ਹਨ ਅਤੇ ਉਨ੍ਹਾਂ ਦਾ ਧਿਆਨ ਖਿੱਚਣ ਲਈ ਗੀਤ ਗਾਉਂਦੇ ਹਨ। ਜਦੋਂ ਔਰਤਾਂ ਉਨ੍ਹਾਂ ‘ਤੇ ਲੰਬੀਆਂ ਲਾਠੀਆਂ ਨਾਲ ਵਾਰ ਕਰਦੀਆਂ ਹਨ ਤਾਂ ਮਰਦ ‘ਢਾਲ’ ਦੇ ਨਾਲ ਆਪਣੇ-ਆਪ ਨੂੰ ਬਚਾਉਂਦੇ ਹਨ। ਲੋਕ ਇਸ ਨਜ਼ਾਰੇ ਨੂੰ ਦੇਖ ਕੇ ਉੱਚੀ-ਉੱਚੀ ਚੀਕਾਂ ਮਾਰਦੇ ਅਤੇ ‘ਰਾਧੇ-ਕ੍ਰਿਸ਼ਨ’ ਤੇ ਬ੍ਰਿਜ ਭਾਸ਼ਾ ‘ਚ ਬ੍ਰਿਜਮੰਡਲ ਦੇ ਗੀਤ ਗਾਉਂਦੇ ਹਨ।
ਸੰਨ 1857 ਵਿਚ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਨਾਨਾ ਸਾਹਿਬ ਨਾਂਅ ਦੇ ਆਜ਼ਾਦੀ ਘੁਲਾਟੀਏ ਹੋਏ ਹਨ, ਜਿਨ੍ਹਾਂ ਨੇ ਕਾਨਪੁਰ ਨੂੰ 17 ਜੂਨ, 1857 ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਕਰਵਾ ਕੇ ਭਾਰਤ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਕਾਨਪੁਰ ‘ਚ ਲਗਾਤਾਰ ਦੁਰਘਟਨਾਵਾਂ ਦੌਰਾਨ ਸੈਂਕੜੇ ਆਜ਼ਾਦੀ ਘੁਲਾਟੀਏ ਮਾਰੇ ਗਏ। ਲੋਕਾਂ ਨੇ ਇਸ ਤੋਂ ਬਾਅਦ ਇਥੇ ਹੋਲੀ ਮੌਕੇ ‘ਗੰਗਾ ਮੇਲਾ’ ਮਨਾਉਣਾ ਸ਼ੁਰੂ ਕੀਤਾ।
ਉੱਤਰਾਖੰਡ ਦੇ ‘ਕਮਾਓਂ’ ਖੇਤਰ ਵਿਚ ਹੋਲੀ ਨੂੰ ਤਿੰਨ ਰੂਪਾਂ ਵਿਚ ‘ਖੜ੍ਹੀ ਹੋਲੀ’, ‘ਬੈਠਕੀ ਹੋਲੀ’ ਅਤੇ ‘ਮਹਿਲਾ ਹੋਲੀ’ ਵਜੋਂ ਮਨਾਇਆ ਜਾਂਦਾ ਹੈ, ਜੋ ਬਸੰਤ ਪੰਚਮੀ ਵਾਲੇ ਦਿਨ ਆਰੰਭ ਹੁੰਦੀ ਹੈ। ‘ਕਮਾਓਂ’ ਦੇ ਦਿਹਾਤੀ ਇਲਾਕਿਆਂ ‘ਚ ‘ਖੜ੍ਹੀ ਹੋਲੀ’ ਮੌਕੇ ਮਰਦ ਚੂੜੀਦਾਰ ਪਜਾਮੇ ਅਤੇ ਚਿੱਟੇ ਕੁੜਤੇ ਪਾ ਕੇ ਢੋਲ ਅਤੇ ਹੁਰਕਾ ਸਾਜ਼ਾਂ ਨਾਲ ਸਮੂਹਿਕ ਨਾਚ ਕਰਦੇ ਹਨ। ਇਕ ਦਿਲਚਸਪ ਰਿਵਾਜ ਹੈ ਕਿ ਹੋਲੀ ਤੋਂ 15 ਦਿਨ ਪਹਿਲਾਂ ‘ਚੀਰਬੰਧਨ’ ਹੁੰਦਾ ਹੈ। ‘ਪਾਇਆ ਰੁੱਖ’ ਦੇ ਹਰੇ ਪੱਤੇ ਇਕੱਠੇ ਕਰਕੇ ਇਕ ਵੱਡੀ ਸਾਰੀ ਪੰਡ ਬਣਾਈ ਜਾਂਦੀ ਹੈ, ਜਿਸ ਨੂੰ ‘ਚੀਰ’ ਆਖਦੇ ਹਨ। ਇਸ ਦੇ ਲਾਗੇ ਸਖ਼ਤ ਪਹਿਰਾ ਦਿੱਤਾ ਜਾਂਦਾ ਹੈ ਕਿ ਕਿਧਰੇ ਦੂਜੇ ਇਲਾਕੇ ਦੇ ਲੋਕ ਉਸ ਨੂੰ ਚੋਰੀ ਨਾ ਕਰ ਲੈਣ। ਆਖ਼ਰਕਾਰ ‘ਚੀਰ’ ਨੂੰ ਅੱਗ ਵਿਚ ਸਾੜ ਦਿੱਤਾ ਜਾਂਦਾ ਹੈ। ਲੋਕ ਫ਼ੁੱਲਾਂ ਦੇ ਅਤਰ, ਸੁਆਹ ਤੇ ਪਾਣੀ ਨੂੰ ਮਿਲਾ ਕੇ ‘ਸਰੜ’ ਨਾਂਅ ਦਾ ਤਰਲ ਬਣਾਉਂਦੇ ਹਨ, ਜਿਸ ਨੂੰ ਜੋਸ਼ੋ-ਖਰੋਸ਼ ਨਾਲ ਇਕ-ਦੂਜੇ ‘ਤੇ ਸੁੱਟਿਆ ਜਾਂਦਾ ਹੈ। ਬੰਗਾਲ ਵਿਚ ‘ਡੋਲ ਪੂਰਨਿਮਾ’ ਮਨਾਇਆ ਜਾਂਦਾ ਹੈ। ‘ਸ਼ਾਂਤੀਨਿਕੇਤਨ’ ਦੀ ਹੋਲੀ ਸੰਗੀਤਕ ਰੰਗਾਂ ਵਿਚ ਲਬਰੇਜ਼ ਹੁੰਦੀ ਹੈ। ‘ਮਾਲ੍ਹ ਪੂੜੇ’ ‘ਖੀਰ ਸੰਦੇਸ਼’, ‘ਬਸੰਤੀ ਸੰਦੇਸ਼’, ‘ਕੇਸਰੀ ਦੁੱਧ’ ਅਤੇ ‘ਪਿਆਸ਼ਾ ਪਕਵਾਨ’ ਬਣਾਏ ਜਾਂਦੇ ਹਨ। ਉੜੀਸਾ ਵਿਚ ਵੀ ਬੰਗਾਲ ਵਾਂਗ ਹੀ ਹੋਲੀ ਮਨਾਈ ਜਾਂਦੀ ਹੈ।
ਗੋਆ ਵਿਚ ਬਸੰਤ ਦੇ ਤਿਉਹਾਰ ਨੂੰ ‘ਸਿਗਮੋ’ ਆਖਦੇ ਹਨ, ਜੋ ਕੌਂਕਣੀ ਭਾਈਚਾਰੇ ਦਾ ਮੁੱਖ ਤਿਉਹਾਰ ਹੈ। ਇਸ ਨੂੰ ‘ਸ਼ਿਸਰ ਉਤਸਵ’ ਵੀ ਆਖਦੇ ਹਨ, ਜਿਹੜਾ ਪੂਰਾ ਮਹੀਨਾ ਚਲਦਾ ਹੈ। ਹੋਲੀ ਇਸ ਦਾ ਹੀ ਇਕ ਹਿੱਸਾ ਹੈ, ਜਿਹੜੀ ਅਖ਼ੀਰ ਵਿਚ ਆਉਂਦੀ ਹੈ।
ਮਹਾਰਾਸ਼ਟਰ ਵਿਚ ਹੋਲੀ ਤੋਂ ਇਕ ਹਫ਼ਤਾ ਪਹਿਲਾਂ ਨੌਜਵਾਨ ਮੁੰਡੇ ਲੋਕਾਂ ਦੇ ਘਰਾਂ ਵਿਚ ਜਾ ਕੇ ਪੈਸੇ ਅਤੇ ਲੱਕੜਾਂ ਇਕੱਠੀਆਂ ਕਰਦੇ ਹਨ। ਹੋਲੀ ਵਾਲੇ ਦਿਨ ਸ਼ਾਮ ਨੂੰ ਇਕ ਵੱਡੇ ਅਤੇ ਖੁੱਲ੍ਹੇ ਮੈਦਾਨ ਵਿਚ ਲੱਕੜਾਂ ਦਾ ਢੇਰ ਲਗਾ ਕੇ ਅੱਗ ਲਗਾਈ ਜਾਂਦੀ ਹੈ। ਘਰਾਂ ‘ਚ ‘ਪੂਰਨਪੋਲੀ’ ਨਾਂਅ ਦਾ ਮਿੱਠਾ ਪਕਵਾਨ ਅਤੇ ਤਿਆਰ ਕੀਤਾ ਭੋਜਨ ਅਗਨੀ ਦੇਵਤਾ ਨੂੰ ਭੇਟ ਕੀਤਾ ਜਾਂਦਾ ਹੈ। ਬੱਚੇ ਉੱਚੀ-ਉੱਚੀ ‘ਹੋਲੀ ਰੇ ਹੋਲੀ, ਪੁਰਾਨਾਚੀ ਪੋਲੀ’ ਗਾਉਂਦੇ ਹਨ। ਇਥੇ ਉੱਤਰੀ ਭਾਰਤ ਨਾਲੋਂ ਇਕ ਬਿਲਕੁਲ ਵੱਖਰੀ ਰੀਤ ਹੈ ‘ਰੰਗਪੰਚਮੀ’ ਦੀ, ਜਿਹੜੀ ਹੋਲੀ ਤੋਂ 5 ਦਿਨ ਬਾਅਦ ਰੰਗਾਂ ਨਾਲ ਮਨਾਈ ਜਾਂਦੀ ਹੈ। ਲੋਕ ਪੁਰਾਣੀਆਂ ਦੁਸ਼ਮਣੀਆਂ ਭੁਲਾ ਕੇ ਇਕ-ਦੂਜੇ ‘ਤੇ ਰੰਗ ਸੁੱਟਦੇ ਅਤੇ ਅੱਗੇ ਤੋਂ ਦੋਸਤੀ ਦੀ ਕਾਮਨਾ ਕਰਦੇ ਹਨ। ਕਰਨਾਟਕਾ ਅਤੇ ਆਂਧਰਾ ਪ੍ਰਦੇਸ਼ ‘ਚ ਵੀ ਲਗਪਗ ਇਸੇ ਤਰ੍ਹਾਂ ਹੋਲੀ ਮਨਾਈ ਜਾਂਦੀ ਹੈ। ਮਨੀਪੁਰ ‘ਚ ਹੋਲੀ 6 ਦਿਨਾਂ ਦਾ ਤਿਉਹਾਰ ਹੈ। ਘਰਾਂ ‘ਚ ਦੀਪਮਾਲਾ ਕੀਤੀ ਜਾਂਦੀ ਹੈ। ਸ੍ਰੀ ਕ੍ਰਿਸ਼ਨ ਦੇ ਮੰਦਰਾਂ ‘ਚ ਭਗਤੀ ਸੰਗੀਤ ਦੇ ਸਮਾਰੋਹ ਹੁੰਦੇ ਹਨ। ਛੇਵੇਂ ਦਿਨ ਵੱਡੇ-ਵੱਡੇ ਜਲੂਸ ਕੱਢੇ ਜਾਂਦੇ ਹਨ, ਜਿਹੜੇ ਰਾਜਧਾਨੀ ਇੰਫ਼ਾਲ ਦੇ ਸ੍ਰੀ ਕ੍ਰਿਸ਼ਨਾ ਮੰਦਰ ਵਿਚ ਪਹੁੰਚ ਕੇ ਸਮਾਪਤ ਹੁੰਦੇ ਹਨ।
ਆਸਾਮ ਵਿਚ ਹੋਲੀ ਨੂੰ ‘ਫ਼ਕਵਾ’ ਆਖਦੇ ਹਨ। ਲੋਕ ਮਿੱਟੀ ਦੀਆਂ ਝੌਂਪੜੀਆਂ ਬਣਾ ਕੇ ਉਨ੍ਹਾਂ ਨੂੰ ਸਾੜ ਦਿੰਦੇ ਹਨ, ਜਿਵੇਂ ਹੋਲਿਕਾ ਅੱਗ ਵਿਚ ਸੜ ਕੇ ਸੁਆਹ ਹੋ ਗਈ ਸੀ। ਬਿਹਾਰ ਵਿਚ ਹੋਲੀ ਤੋਂ ਇਕ ਦਿਨ ਪਹਿਲਾਂ ਲੋਕ ਗੋਬਰ ਦੀਆਂ ਪਾਥੀਆਂ, ‘ਅਰਾੜ’ ਅਤੇ ‘ਹੋਲਿਕਾ ਰੁੱਖ’ ਦੀਆਂ ਲੱਕੜਾਂ ਲੈ ਕੇ ਅੱਗ ਬਾਲਦੇ ਹਨ।
ਰਾਜਸਥਾਨ ਵਿਚ ਜੈਸਲਮੇਰ ਦੀ ਹੋਲੀ ਦੇਖਣਯੋਗ ਹੁੰਦੀ ਹੈ, ਜਿਥੇ ਰੰਗ-ਬਿਰੰਗੇ ਪਾਊਡਰ ਨੂੰ ਬੱਦਲਾਂ ਵਾਂਗ ਉਡਾਇਆ ਜਾਂਦਾ ਹੈ। ਜੰਮੂ-ਕਸ਼ਮੀਰ ‘ਚ ਹਿੰਦੂ ਅਤੇ ਮੁਸਲਮਾਨ, ਭਾਈਚਾਰਕ ਸਦਭਾਵਨਾ ਦੇ ਤਿਉਹਾਰ ਵਜੋਂ ਹੋਲੀ ਇਕ-ਦੂਜੇ ‘ਤੇ ਰੰਗ ਸੁੱਟ ਕੇ ਖੁਸ਼ੀ ਨਾਲ ਮਨਾਉਂਦੇ ਹਨ। ਹਿਮਾਚਲ ਪ੍ਰਦੇਸ਼ ਵਿਚ ਹੋਲੀ ਵਾਲੇ ਦਿਨ ਲੋਕਾਂ ਵਲੋਂ ਘਰਾਂ ਵਿਚ ਰੰਗ-ਬਿਰੰਗੀਆਂ ‘ਰੰਗੋਲੀਆਂ’ ਬਣਾਈਆਂ ਜਾਂਦੀਆਂ ਹਨ, ਜਿਹੜਾ ਉਥੋਂ ਦੇ ਲੋਕਾਂ ਦੀਆਂ ਰਚਨਾਤਮਕ ਰੁਚੀਆਂ ਦਾ ਪ੍ਰਗਟਾਵਾ ਹੁੰਦਾ ਹੈ। ਕੁੱਲੂ ਵਿਚ ਦੁਨੀਆ ਭਰ ਤੋਂ ਆਏ ਸੈਨਾਨੀ ਬਰਫ਼ ਅਤੇ ਰੰਗਾਂ ਨੂੰ ਮਿਲਾ ਕੇ ‘ਆਈਸ ਹੋਲੀ’ ਦਾ ਅਨੰਦ ਮਾਣਦੇ ਹਨ।
ਭਾਰਤ ਤੋਂ ਇਲਾਵਾ ਜਿਹੜੇ ਏਸ਼ੀਅਨ, ਯੂਰਪੀਨ ਅਤੇ ਪੱਛਮੀ ਦੇਸ਼ਾਂ ‘ਚ ਭਾਰਤੀ ਲੋਕ ਵਸੇ ਹਨ, ਉਥੇ ਹੋਲੀ ਦਾ ਖ਼ਾਸ ਪ੍ਰਭਾਵ ਹੈ। ਨਿਪਾਲ ਵਿਚ ਇਸ ਨੂੰ ‘ਫ਼ਾਗੂ’ ਆਖਦੇ ਹਨ, ਜਿਹੜਾ ਉਥੋਂ ਦਾ ਕੌਮੀ ਤਿਉਹਾਰ ਹੈ। ਤ੍ਰਿਨੀਦਾਦ ਅਤੇ ਟੋਬਾਗੋ ਵਿਚ ਹੋਲੀ ਨੂੰ ‘ਫ਼ਗਵਾ’ ਨਾਲ ਜਾਣਿਆ ਜਾਂਦਾ ਹੈ। ‘ਫ਼ਗਵਾ’ ਗੁਆਨਾ ਦਾ ਵੀ ਕੌਮੀ ਤਿਉਹਾਰ ਹੈ। ਅਮਰੀਕਾ ਵਿਚ ‘ਫ਼ਾਈਵ-ਕੇ ਰੇਸ’ ਕੀਤੀ ਜਾਂਦੀ ਹੈ, ਜਿਸ ਵਿਚ ਦੌੜਾਕ ਚਿੱਟੇ ਕੱਪੜੇ ਪਹਿਨਦੇ ਹਨ ਅਤੇ ਉਨ੍ਹਾਂ ਨੂੰ ਹਰ ਕਿਲੋਮੀਟਰ ਬਾਅਦ ਵੱਖਰੇ ਰੰਗ ਨਾਲ ਰੰਗ ਦਿੱਤਾ ਜਾਂਦਾ ਹੈ। ਇਸ ਮੌਕੇ ਇਕ ਵਿਸ਼ੇਸ਼ ਗੀਤ ਗਾਇਆ ਜਾਂਦਾ ਹੈ, ਜਿਸ ਦਾ ਅਰਥ ਹੈ ‘ਉਡਦਾ ਉਡਦਾ ਰੰਗ, ਮੈਨੂੰ ਲਾਲ ਰੰਗ ਨਾਲ ਰੰਗੋ।’ ਇਹ ਖੇਡ ਹੋਲੀ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤੀ ਗਈ ਹੈ। ਸਾਊਥ ਅਫ਼ਰੀਕਾ ‘ਚ ‘ਇਲੈਕਟਰੋ ਸਵਿੰਗ’ ਡਾਂਸ ਗਰੁੱਪ ਨੇ ‘ਦ ਵਿਯਨ’ ਗੀਤ ਗਾਇਆ ਹੈ, ਉਸ ਵਿਚ ਵੀ ਹੋਲੀ ਦਾ ਪ੍ਰਭਾਵ ਦਿਖਾਈ ਦਿੰਦਾ ਹੈ।
ਰਾਸ਼ਟਰੀ ਏਜੰਡੇ ‘ਚ ਖੇਤੀ ਸੰਕਟ, ਰੁਜ਼ਗਾਰ ਤੇ ਭ੍ਰਿਸ਼ਟਾਚਾਰ ਮੁਕਤੀ ਸ਼ਾਮਲ ਹੋਵੇ
ਗੁਰਮੀਤ ਸਿੰਘ ਪਲਾਹੀ
ਦੇਸ਼ ਦੀਆਂ ਸਿਆਸੀ ਪਾਰਟੀਆਂ ਇਸ ਵੇਲੇ ਸਮਾਜ ਦੇ ਵੱਖੋ-ਵੱਖਰੇ ਵਰਗ ਦੇ ਲੋਕਾਂ ਲਈ ਆਪਣਾ ਮੈਨੀਫੇਸਟੋ ਬਣਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਪ੍ਰਭਾਵਤ ਕਰਕੇ ਉਹਨਾਂ ਦੇ ਵੋਟ ਬਟੋਰੇ ਜਾ ਸਕਣ। ਆਮ ਤੌਰ ‘ਤੇ ਹਰ ਪੰਜ ਸਾਲ ਬਾਅਦ ਸਿਆਸੀ ਧਿਰਾਂ ਆਪਣੇ ਏਜੰਡੇ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿੱਦਿਆਰਥੀਆਂ, ਔਰਤਾਂ ਲਈ ਦਿਲ ਖਿੱਚਵੇਂ ਐਲਾਨ ਕਰਦੀਆਂ ਹਨ, ਪਰ ਹਾਕਮ ਬਨਣ ਉਪਰੰਤ ਉਹ ਸਭ ਕੁਝ ਭੁਲ-ਭੁਲਾ ਦਿੰਦੀਆਂ ਹਨ। ਦੇਸ਼ ਇਸ ਵੇਲੇ ਬੇਰੁਜ਼ਗਾਰੀ ਦੀ ਗ੍ਰਿਫਤ ਵਿੱਚ ਹੈ। ਦੇਸ਼ ਵਿੱਚ ਇਸ ਵੇਲੇ ਕਿਸਾਨੀ ਸੰਕਟ ਵੱਡਾ ਹੈ। ਦੇਸ਼ ਦੇ ਆਮ ਨਾਗਰਿਕਾਂ ਦੀਆਂ ਦੀਆਂ ਮੁਢਲੀਆਂ ਲੋੜਾਂ ਆਜ਼ਾਦੀ ਦੇ 70 ਸਾਲ ਬੀਤਣ ਬਾਅਦ ਵੀ ਪੂਰੀਆਂ ਨਹੀਂ ਹੋ ਰਹੀਆਂ। ਦੇਸ਼ ਦੀ ਆਬਾਦੀ ਦਾ ਲਗਭਗ ਇੱਕ ਤਿਹਾਈ ਹਿੱਸਾ ਰੋਟੀ ਦੇ ਇੱਕ ਇੱਕ ਟੁੱਕ ਲਈ ਤਰਸ ਰਿਹਾ ਹੈ, ਸਿਰ ਉਤੇ ਛੱਤ ਨਹੀਂ ਹੈ, ਤਨ ਢੱਕਣ ਲਈ ਕੱਪੜੇ ਦੀ ਤੋਟ ਹੈ। ਤਰਸ ਭਰੀ ਜ਼ਿੰਦਗੀ ਗੁਜ਼ਾਰ ਰਹੇ ਪਿੰਡਾਂ, ਸ਼ਹਿਰਾਂ ਦੀਆ ਗੰਦੀਆਂ ਬਸਤੀਆਂ ‘ਚ ਵਸ ਰਹੇ ਲੋਕ ਪੰਜ ਸਾਲ ਉਹਨਾਂ ਚਿਹਰਿਆਂ ਦੇ ਦਰਸ਼ਨ ਲਈ ਤਾਂਘਦੇ ਰਹਿੰਦੇ ਹਨ, ਜਿਹਨਾਂ ਨੇ ਉਹਨਾਂ ਦੇ ਹਾਕਮ ਬਨਣਾ ਹੈ ਅਤੇ ਉਹਨਾਂ ਦੀ ਜੂਨ ਸੁਧਾਰਨੀ ਹੈ। ਦੇਸ਼ ਦਾ ਅੰਨ ਦਾਤਾ ਕਿਸਾਨ, ਜਿਹੜਾ ਦੇਸ਼ ਦੇ 130 ਕਰੋੜ ਲੋਕਾਂ ਦਾ ਢਿੱਡ ਭਰਨ ਲਈ ਆਪ ਭੁੱਖ ਅਤੇ ਨਿੱਤ ਦੀਆਂ ਲੋੜਾਂ ‘ਚ ਥੁੜ ਦਾ ਸ਼ਿਕਾਰ ਹੈ, ਨਿਰਾਸ਼ਾ ਦੇ ਆਲਮ ਵਿੱਚ ਹੈ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਪਰ ਦੇਸ਼ ਦਾ ਹਾਕਮ ਟੋਲਾ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਹੈ, ਜਦਕਿ ਸਮਾਜ ਦੇ ਵੱਖ-ਵੱਖ ਵਰਗਾਂ ਲਈ ਰਾਸ਼ਟਰੀ ਏਜੰਡਾ ਤਹਿ ਕਰਨ ਦੀ ਲੋੜ ਹੈ।
ਕਿਸਾਨ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਹਨ। ਅਸੀਂ ਖੁਦ ਨੂੰ ਖੇਤੀ ਉਤੇ ਨਿਰਭਰ ਸਮਾਜ ਕਹਿੰਦੇ ਹਾਂ। ਪਰ ਕਿਸਾਨਾਂ ਦੀ ਨਵੀਂ ਪੀੜੀ ਨੂੰ ਖੇਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ, ਕਿਉਂਕਿ ਖੇਤੀ ਘਾਟੇ ਦੀ ਖੇਤੀ ਬਣਦੀ ਜਾ ਰਹੀ ਹੈ ਅਤੇ ਕਿੱਤੇ ਦੇ ਤੌਰ ਤੇ ਆਪਣੀ ਖਿੱਚ ਗੁਆ ਰਹੀ ਹੈ। ਕਿਸਾਨ ਕਰਜ਼ੇ ‘ਚ ਬੁਰੀ ਤਰ੍ਹਾਂ ਜੱਕੜੇ ਹੋਏ ਹਨ। ਉਹਨਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਤੱਕ ਲਈ ਕਰਜ਼ੇ ਦਾ ਸਹਾਰਾ ਲੈਣਾ ਪੈ ਰਿਹਾ ਹੈ। ਨੌਕਰੀਆਂ ਨਾ ਮਿਲਣ ਕਾਰਨ ਉਹਨਾਂ ਦੇ ਬੱਚੇ ਪੂਰੀ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ। ਖੇਤੀ ਦੇ ਸੰਕਟ ਵਿਚੋਂ ਦੇਸ਼ ਨੂੰ ਉਭਾਰਨ ਲਈ ਆਉਂਦੇ ਪੰਜ ਸਾਲਾਂ ਲਈ ਦੇਸ਼ ਨੂੰ ਏਜੰਡਾ ਤਹਿ ਕਰਨ ਦੀ ਲੋੜ ਹੈ।
ਕਿਸਾਨਾਂ ਦੇ ਪੂਰੇ ਕਰਜ਼ੇ ਦੀ ਮੁਆਫ਼ੀ ਬਿਨ੍ਹਾਂ ਕਿਸਾਨ ਨੂੰ ਸੁੱਖ ਦਾ ਸਾਹ ਨਹੀਂ ਆ ਸਕਦਾ। ਸਰਕਾਰਾਂ ਅਤੇ ਦੇਸ਼ ਦੇ ਕੁੱਝ ਲੋਕਾਂ ਦਾ ਵਿਚਾਰ ਹੈ ਕਿ ਕਿਸਾਨ ਕਰਜ਼ੇ ਦੀ ਮੁਆਫ਼ੀ ਟੈਕਸ ਦੇਣ ਵਾਲਿਆਂ ਦੇ ਧਨ ਦੀ ਬਰਬਾਦੀ ਹੈ ਅਤੇ ਕਰਜ਼ੇ ਦੀ ਮੁਆਫ਼ੀ ਬਾਅਦ ਕਿਸਾਨ ਬੇਪਰਵਾਹ ਹੋ ਜਾਣਗੇ ਅਤੇ ਸਰਕਾਰਾਂ ਤੋਂ ਲਗਾਤਾਰ ਕਰਜ਼ੇ ਦੀ ਮੁਆਫ਼ੀ ਦੀ ਉਮੀਦ ਰੱਖਣਗੇ। ਅਸਲੀਅਤ ਇਹ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਵਾਜਿਬ ਮੁੱਲ ਨਹੀਂ ਮਿਲਦਾ। ਸਰਕਾਰ ਵਲੋਂ ਫਸਲ ਦਾ ਘੱਟੋ-ਘੱਟ ਸਮਰੱਥਨ ਮੁੱਲ ਘੱਟ ਰੱਖਿਆ ਜਾਂਦਾ ਹੈ, ਫਸਲ ਉਤੇ ਹੁੰਦੇ ਖਰਚੇ ਨੂੰ ਅਤੇ ਕਿਸਾਨ ਦੀ ਕਿਰਤ ਨੂੰ ਉਸ ਵਿੱਚ ਜੋੜਿਆ ਨਹੀਂ ਜਾਂਦਾ ਤਾਂ ਕਿ ਲੋਕਾਂ ਨੂੰ ਸਸਤੇ ਮੁੱਲ ਉਤੇ ਅਨਾਜ਼ ਮਿਲ ਸਕੇ, ਜਦਕਿ ਖੇਤੀ ਦੀ ਲਾਗਤ ਹਰ ਵਰ੍ਹੇ ਵੱਧਦੀ ਹੀ ਜਾ ਰਹੀ ਹੈ। ਸਰਕਾਰੀ ਏਜੰਸੀਆਂ ਕਿਸਾਨਾਂ ਦੀ ਫਸਲ ਦੀ ਬਹੁਤ ਘੱਟ ਖਰੀਦ ਕਰਦੀਆਂ ਹਨ ਅਤੇ ਕਿਸਾਨਾਂ ਨੂੰ ਫਸਲ ਖੁਲ੍ਹੇ ‘ਚ ਵੇਚਣੀ ਪੈਂਦੀ ਹੈ, ਜਿੱਥੇ ਉਸਨੂੰ ਪੂਰਾ ਭਾਅ ਮਿਲਦਾ ਹੀ ਨਹੀਂ ਅਤੇ ਸਰਕਾਰ ਵਲੋਂ ਵੱਧਦੇ ਮੁੱਲ ਤੇ ਸਬਸਿਡੀ ਉਸਦੇ ਪੱਲੇ ਨਹੀਂ ਪੈਂਦੀ, ਇਹੀ ਕਾਰਨ ਹੈ ਕਿ ਕਿਸਾਨ ਕਰਜ਼ੇ ‘ਚ ਡੁੱਬਦੇ ਚਲੇ ਜਾਂਦੇ ਹਨ। ਕਿਸਾਨ ਸਮੇਂ ਤੇ ਕਰਜ਼ੇ ਦੀ ਕਿਸ਼ਤ ਨਹੀਂ ਚੁਕਾ ਪਾਉਂਦੇ। ਅਸਲ ਵਿੱਚ ਜੇਕਰ ਫਸਲ ਦਾ ਸਮਰਥਨ ਮੁੱਲ ਤਹਿ ਕਰਦਿਆਂ ਉਸ ਵਿੱਚ ਪਰਿਵਾਰ ਦੀ ਕਿਰਤ ਦਾ ਮੁੱਲ, ਜ਼ਮੀਨ ਦਾ ਕਿਰਾਇਆ ਅਤੇ ਫਸਲ ਲਈ ਲਏ ਕਰਜ਼ੇ ਦਾ ਵਿਆਜ਼ ਸ਼ਾਮਲ ਕੀਤਾ ਜਾਵੇ ਤਾਂ ਕਿਸਾਨ ਨੂੰ ਕੁੱਝ ਰਾਹਤ ਮਿਲ ਸਕਦੀ ਹੈ। ਉਂਜ ਵੀ ਆਮ ਤੌਰ ਤੇ ਕਿਸਾਨ ਦੀ ਫਸਲ ਵਿਚੋਲੇ, ਆੜ੍ਹਤੀਏ ਉਹਨਾਂ ਦੇ ਖੇਤਾਂ ਵਿੱਚੋਂ ਆਪਣੀ ਮਰਜ਼ੀ ਦੇ ਮੁੱਲ ਉਤੇ ਚੁੱਕ ਲੈਂਦੇ ਹਨ, ਪਰ ਸਰਕਾਰ ਵਲੋਂ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ ਉਤੇ ਵਿਕੇ ਅਤੇ ਘੱਟ ਕੀਮਤ ਉਤੇ ਫਸਲ ਖਰੀਦ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਕਿਸਾਨਾਂ ਦੀ ਫਸਲ ਆਮ ਤੌਰ ‘ਤੇ ਮੌਸਮ ਦੀ ਮਾਰ ਹੇਠ ਆ ਜਾਂਦੀ ਹੈ, ਜੇਕਰ ਕਿਸਾਨਾਂ ਦੀ ਫਸਲ ਦਾ ਬੀਮਾ ਸਹੀ ਢੰਗ ਨਾਲ ਹੋਵੇ ਤਾਂ ਕਿਸਾਨ ਇਸ ਮਾਰ ਤੋਂ ਬਚ ਸਕਦਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਇਸ ਵੇਲੇ ਫਸਲ ਦੇ ਨੁਕਸਾਨ ਦਾ ਅਨੁਮਾਨ ਪਿੰਡ ਦੇ ਅਧਾਰ ਉਤੇ ਕੀਤਾ ਜਾਂਦਾ ਹੈ ਜਦਕਿ ਫੈਸਲਾ ਕਿਸਾਨ ਦੀ ਵਿਅਕਤੀਗਤ ਫਸਲ ਦੇ ਨੁਕਸਾਨ ਅਨੁਸਾਰ ਹੋਣਾ ਚਾਹੀਦਾ ਹੈ ਅਤੇ ਉਸੇ ਅਨੁਸਾਰ ਉਸ ਨੂੰ ਮੁਆਵਜਾ ਮਿਲਣਾ ਚਾਹੀਦਾ ਹੈ। ਹੁਣ ਵਾਲੀ ਫਸਲ ਬੀਮਾ ਯੋਜਨਾ ਤਾਂ ਬੀਮਾ ਕੰਪਨੀਆਂ ਦੇ ਢਿੱਡ ਭਰ ਰਹੀ ਹੈ। ਪਿਛਲੇ ਵਰ੍ਹਿਆਂ ਦੌਰਾਨ ਦੇਸ਼ ਵਿੱਚ ਗੰਨੇ ਦੀ ਫਸਲ ਦੀ ਬਹੁਤ ਬੇਹੁਰਮਤੀ ਹੋ ਰਹੀ ਹੈ। ਦੇਸ਼ ਵਿੱਚ ਤਿੰਨ ਕਰੋੜ ਗੰਨਾ ਕਿਸਾਨ ਹਨ। ਉਹਨਾਂ ਨੂੰ ਸਮੇਂ ਸਿਰ ਭੁਗਤਾਣ ਨਹੀਂ ਹੁੰਦਾ, ਪ੍ਰਾਈਵੇਟ ਖੰਡ ਮਿੱਲਾਂ ਉਹਨਾਂ ਦੇ ਕਰੋੜਾਂ ਰੁਪਏ ਦੱਬ ਕੇ ਬੈਠੀਆਂ ਹਨ। ਅਸਲ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਵੱਡੀਆਂ ਹਨ। ਉਹਨਾਂ ਦੇ ਮਸਲੇ ਗੰਭੀਰ ਹਨ। ਦੇਸ਼ ਵਿੱਚ ਖੇਤੀ ਖੇਤਰ ਉਤੇ ਇੱਕ ਵੱਡਾ ਖਤਰਾ ਮੰਡਰਾ ਰਿਹਾ ਹੈ। ਖੇਤੀ ਦੇ ਇਸ ਵੱਡੇ ਸੰਕਟ ਨੂੰ ਹੱਲ ਕਰਨ ਦਾ ਇਕੋ ਇੱਕ ਢੰਗ ਹੈ ਕਿ ਇਸ ਨੂੰ ਰਾਸ਼ਟਰੀ ਮੁੱਦਾ ਸਮਝਕੇ, ਸਿਆਸੀ ਪਾਰਟੀਆਂ ਆਪਣੇ ਏਜੰਡੇ ਵਿੱਚ ਸ਼ਾਮਲ ਕਰਨ।
ਦੇਸ਼ ‘ਚ ਦੂਸਰਾ ਵੱਡਾ ਮੁੱਦਾ ਰੁਜ਼ਗਾਰ ਦਾ ਹੈ। 2014 ‘ਚ ਇਸ ਰੁਜ਼ਗਾਰ ਦੇ ਮੁੱਦੇ ਨੂੰ ਭਾਜਪਾ ਨੇ ਪਹਿਲ ਦੇ ਅਧਾਰ ਉਤੇ ਹੱਲ ਕਰਨ ਦਾ ਹੋਕਾ ਦਿੱਤਾ ਸੀ। ਨੌਜਵਾਨਾਂ ਨੂੰ ਹਰ ਵਰ੍ਹੇ ਦੋ ਕਰੋੜ ਨੌਕਰੀਆਂ ਪੈਦਾ ਕਰਨ ਦਾ ਝਾਂਸਾ ਦਿੱਤਾ ਸੀ। ਪਰ ਪਿਛਲੇ ਪੰਜ ਸਲਾਂ ਵਿੱਚ ਰੁਜ਼ਗਾਰ ਸਿਰਜਣ ਦੇ ਮਸਲੇ ਉਤੇ ਗੋਹੜੇ ਵਿਚੋਂ ਪੂਣੀ ਵੀ ਨਹੀਂ ਕੱਤੀ ਜਾ ਸਕੀ। ਨੌਜਵਾਨ ਨੌਕਰੀਆਂ ਬਿਨ੍ਹਾਂ ਬੇਹਾਲ ਹੋਏ ਤੁਰੇ ਫਿਰਦੇ ਹਨ। ਹੱਥਾਂ ਵਿੱਚ ਡਿੱਗਰੀਆਂ ਹਨ, ਪਰ ਰੁਜ਼ਗਾਰ ਨਹੀਂ। ਮਨ ਵਿੱਚ ਕੰਮ ਕਰਨ ਦੀ ਚਾਹਨਾ ਹੈ, ਪਰ ਕੰਮ ਕਿੱਥੇ ਕਰਨ ਤੇ ਕਿਥੋਂ ਢਿੱਡ ਭਰਨ, ਇਹ ਮਸਲਾ ਉਹਨਾਂ ਦੇ ਸਾਹਮਣੇ ਵਿਕਰਾਲ ਰੂਪ ਧਾਰਨ ਕਰਕੇ ਖੜਾ ਹੈ। ਕਾਰਪੋਰੇਟ ਜਗਤ ਦੇ ਹੱਥ ਮੋਦੀ ਸਰਕਾਰ ਵੇਲੇ ਦੇਸ਼ ਦੀ ਵਾਂਗਡੋਰ ਹੋਣ ਕਾਰਨ ਜੋ ਰੁਜ਼ਗਾਰ, ਸਿਰਜ ਹੋ ਰਿਹਾ ਹੈ, ਉਸ ਤੋਂ ਨੌਜਵਾਨਾਂ ਨੂੰ ਗੁਜਾਰੇ ਲਾਇਕ ਤਨਖਾਹ ਨਹੀਂ ਮਿਲਦੀ। ਨਵੇਂ ਸਰਕਾਰੀ ਉਦਯੋਗ ਲੱਗ ਨਹੀ ਰਹੇ। ਸਰਵਿਸ ਸੈਕਟਰ ਵਿੱਚ ਰੁਜ਼ਗਾਰ ਦੀ ਕਮੀ ਦਿੱਖਦੀ ਹੈ। ਸਵੈ ਰੁਜ਼ਗਾਰ ਹੋਣ ਲਈ ਇੰਸਪੈਕਟਰੀ ਰਾਜ ਨਿੱਤ ਰੁਕਾਵਟਾਂ ਖੜ੍ਹੀਆਂ ਕਰਦਾ ਹੈ। ਬੈਕਾਂ ਨੌਜਵਾਨਾਂ ਨੂੰ ਸੌਖਾ ਕਰਜ਼ਾ ਅਦਾ ਨਹੀਂ ਕਰਦੀਆਂ। ਬੇਬਸ ਨੌਜਵਾਨ ਪ੍ਰਵਾਸ ਲਈ ਮਜ਼ਬੂਰ ਹੈ। ਸਰਕਾਰੀ ਨੌਕਰੀਆਂ ਭਰੀਆਂ ਨਹੀਂ ਜਾ ਰਹੀਆਂ। ਲੱਖਾਂ ਦੀ ਗਿਣਤੀ ‘ਚ ਸਰਕਾਰੀ ਸਕੂਲਾਂ ‘ਚ ਅਧਿਆਪਕ, ਦਫ਼ਤਰਾਂ ‘ਚ ਕੰਮ ਕਰਨ ਵਾਲੇ ਕਲਰਕ ਆਦਿ ਪੋਸਟਾਂ ਵਰ੍ਹਿਆਂ ਤੋਂ ਖਾਲੀ ਹਨ, ਪਰ ਸਰਕਾਰੀ ਖ਼ਜ਼ਾਨਾ ਖਾਲੀ ਹੋਣ ਦੇ ਨਾਮ ਉਤੇ ਭਰੀਆਂ ਨਹੀਂ ਜਾ ਰਹੀਆਂ। ਜੇਕਰ ਕਿਧਰੇ ਪੋਸਟਾਂ ਨਿਕਲੀਆਂ ਹਨ ਤਾਂ ਸੈਂਕੜੇ ਦੀ ਗਿਣਤੀ ‘ਚ ਐਲਾਨੀਆਂ ਪੋਸਟਾਂ ਭਰਨ ਲਈ ਲੱਖਾਂ ਦੀ ਗਿਣਤੀ ‘ਚ ਪੀ.ਐਚ.ਡੀ., ਮਾਸਟਰ ਡਿਗਰੀ ਧਾਰਕ ਨੌਜਵਾਨ ਅਪਲਾਈ ਕਰ ਦਿੰਦੇ ਹਨ। ਚਪੜਾਸੀ ਦੀ ਨੌਕਰੀ ਲਈ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਵਲੋਂ ਨੌਕਰੀ ਲਈ ਅਪਲਾਈ ਕਰਨ ਜਿਹਾ ਦੁਖਾਂਤ ਸ਼ਾਇਦ ਹੀ ਕੋਈ ਹੋਰ ਹੋਵੇ? ਇਸ ਸਮੱਸਿਆ ਅਤੇ ਮੁੱਦੇ ਨੂੰ ਰਾਸ਼ਟਰੀ ਏਜੰਡੇ ‘ਚ ਸ਼ਾਮਲ ਕੀਤੇ ਬਿਨ੍ਹਾਂ ਦੇਸ਼ ਦੀ ਆਰਥਿਕਤਾ ਨੂੰ ਨਾ ਹੁਲਾਰਾ ਮਿਲਣਾ ਹੈ ਅਤੇ ਨਾ ਹੀ ਦੇਸ਼ ਦੇ ਨੌਜਵਾਨਾਂ ਦੀ ਬੇਚੈਨੀ ਦੂਰ ਹੋ ਸਕਣੀ ਹੈ। ਸੀ ਐਮ ਆਈ ਆਈ ਦੀ ਰਿਪੋਰਟ ਅਨੁਸਾਰ ਫਰਵਰੀ 2019 ਦੇ ਅੰਤ ਤੱਕ 3.12 ਕਰੋੜ ਪੜ੍ਹੇ ਲਿਖੇ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਸਨ। ਦੇਸ਼ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਦੇ ਬੋਲਬਾਲੇ ਕਾਰਨ ਲੋਕਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਡਗਮਗਾ ਗਿਆ ਹੈ। ਨਵੇਂ ਘੁਟਾਲੇ, ਆਮ ਆਦਮੀ ਦੀ ਨੀਂਦਰ ਹਰਾਮ ਕਰ ਰਹੇ ਹਨ। ਸਧਾਰਨ ਜੀਵਨ ਵਿੱਚ ਆਮ ਆਦਮੀ ਨੂੰ ਆਪਣਾ ਕੰਮ ਥਾਣੇ, ਕਚਿਹਰੀ, ਕਿਸੇ ਵੀ ਦਫ਼ਤਰ ‘ਚ ਕਰਵਾਉਣ ਲਈ ‘ਚਾਂਦੀ ਦੀ ਜੁੱਤੀ’ ਦੀ ਵਰਤੋਂ ਕਰਨੀ ਪੈਂਦੀ ਹੈ। ਆਮ ਢੰਗ ਨਾਲ ਹੋਣ ਵਾਲੇ ਕੰਮਾਂ ਨੂੰ ਇਤਨਾ ਜਟਿਲ ਬਣਾ ਦਿੱਤਾ ਗਿਆ ਹੈ ਕਿ ਸਰਕਾਰੀ ਸਕੀਮਾਂ ਦਾ ਲਾਭ ਉਹਨਾਂ ਲੋਕਾਂ ਕੋਲ ਪੁੱਜਦਾ ਹੀ ਨਹੀਂ, ਜਿਹਨਾ ਲਈ ਇਹ ਸਕੀਮਾਂ ਬਣਾਈਆਂ ਜਾਂਦੀਆਂ ਹਨ ਅਤੇ ਜੇਕਰ ਕਿਸੇ ਦਾ ਕੰਮ ਸੌਰਦਾ ਵੀ ਹੈ ਉਸਨੂੰ ਅੰਦਰ ਖਾਤੇ ‘ਪੈਸੇ ਦੀ ਵਰਤੋਂ’ ਦਾ ਰਾਹ ਅਖਤਿਆਰ ਕਰਨਾ ਪੈਂਦਾ ਹੈ। ਕੇਂਦਰ ਸਰਕਾਰ ਦੇ ਦਫ਼ਤਰਾਂ ਤੋਂ ਲੈ ਕੇ ਸੂਬਾ ਸਰਕਾਰ ਦੇ ਦਫ਼ਤਰਾਂ ਅਤੇ ਸਰਕਾਰ ਨਾਲ ਸਬੰਧਤ ਹੋਰ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਚਲਨ ਆਮ ਹੈ। ਭ੍ਰਿਸ਼ਟਾਚਾਰ ਮੁਕਤ ਭਾਰਤ ਰਾਸ਼ਟਰੀ ਏਜੰਡਾ ਵਿੱਚ ਸ਼ਾਮਲ ਹੋਣ ਨਾਲ ਸ਼ਾਇਦ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਭਾਰਤੀ ਨਾਗਰਿਕਾਂ ਲਈ ਬੁਢਾਪੇ ‘ਚ ਸਮਾਜਿਕ ਸੁਰੱਖਿਆ, ਭਾਰਤੀ ਇਸਤਰੀ ਲਈ ਸਮਾਜ ‘ਚ ਬਰਾਬਰ ਦਾ ਦਰਜਾ, ਸਾਰੇ ਨਾਗਰਿਕਾਂ ਲਈ ਸਿੱਖਿਆ, ਸਿਹਤ ਸਹੂਲਤਾਂ, ਬਿਨ੍ਹਾਂ ਵਿਤਕਰੇ ਸਮਾਜਿਕ ਭੈ-ਮੁਕਤ ਜੀਵਨ, ਧਰਮ ਜਾਂ ਜਾਤੀ ਜਾਂ ਭਾਸ਼ਾ ਉਤੇ ਅਧਾਰਤ ਭੀੜਾਂ ਦੀ ਹਿੰਸਾ ਤੋਂ ਮੁਕਤੀ, ਔਰਤਾਂ ਉਤਪੀੜਨ ਜਾਂ ਛੇੜਛਾੜ ਡਰ-ਭਉ ਰਹਿਤ ਸਮਾਜਿਕ ਵਰਤਾਰਾ ਕੁਝ ਇਹੋ ਜਿਹੇ ਮੁੱਦੇ ਹਨ ਜਿਹੜੇ ਸਿਆਸੀ ਪਾਰਟੀਆਂ ਦੇ ਰਾਸ਼ਟਰੀ ਏਜੰਡੇ ‘ਚ ਸ਼ਾਮਲ ਹੋਣੇ ਚਾਹੀਦੇ ਹਨ। ਭਾਰਤੀ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਲਈ ਆਪਣਾ ਮਨੋਰਥ ਪੱਤਰ ਜਾਰੀ ਕਰਨ ਦੀ ਸਮਾਂ ਹੱਦ ਐਲਾਨ ਦਿੱਤੀ ਹੈ ਜੋ ਕਿ 2014 ਦੀਆਂ ਰਾਸ਼ਟਰੀ ਲੋਕ ਸਭਾ ਚੋਣਾਂ ਵੇਲੇ ਨਹੀਂ ਸੀ। ਲੋਕ ਨੁਮਾਇੰਦਾ ਕਾਨੂੰਨ ਦੀ ਧਾਰਾ 126 ਮੁਤਾਬਕ ਮਤਦਾਨ ਤੋਂ 48 ਘੰਟੇ ਪਹਿਲਾਂ ਪ੍ਰਚਾਰ ਤੇ ਪਾਬੰਦੀ ਲੱਗ ਜਾਂਦੀ ਹੈ। ਇਸੇ ਮੁਤਾਬਕ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ‘ਚ ਸੁਧਾਰ ਵਜੋਂ ਪਾਰਟੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਚੋਣਾਂ ਤੋਂ 48 ਘੰਟੇ ਪਹਿਲਾ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇ।

Check Also

ਕੈਨੇਡਾ ‘ਚ ਵਸਦੇ ਪਰਵਾਸੀ ਤਣਾਅ ਦਾ ਸ਼ਿਕਾਰ ਕਿਉਂ?

ਪ੍ਰਿੰਸੀਪਲ ਵਿਜੇ ਕੁਮਾਰ ਇੱਥੇ ਪਾਰਕਾਂ ‘ਚ ਜਨਤਕ ਥਾਵਾਂ ‘ਤੇ ਬੈਠੇ ਤੇ ਸਮਾਗਮਾਂ ਵਿਚ ਸ਼ਮੂਲੀਅਤ ਕਰਦੇ …